ਪਤੀ-ਪਤਨੀ ਨੂੰ ਆਪਸ ’ਚ ਪਿਆਰ ਨਾਲ ਰਹਿਣਾ ਸਿਖਾਅ ਗਿਆ ਨਾਟਕ ‘ਏਕ ਰਾਗ ਦੋ ਸਵਰ’
ਜੀ ਐਸ ਪੰਨੂ
ਪਟਿਆਲਾ, 10 ਨਵੰਬਰ 2024: ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਰਥ ਜੋਨ ਕਲਚਰਲ ਸੈਂਟਰ (ਐੱਨ.ਜੈੱਡ.ਸੀ.ਸੀ.) ਦੇ ਸਹਿਯੋਗ ਨਾਲ ਆਯੋਜਿਤ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ ‘ਏਕ ਰਾਗ ਦੋ ਸਵਰ’ ਡਾ. ਦੇਸ਼ ਰਾਜ ਮੀਨਾ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਉਕਤ ਨਾਟਕ ਇੱਕ ਪਰਿਵਾਰਿਕ ਨਾਟਕ ਹੈ, ਜਿੱਥੇ ਪਤੀ-ਪਤਨੀ ਦੀ ਆਪਸ ਵਿਚ ਨਹੀ ਬਣਦੀ ਪਰ ਉਹ ਰਹਿੰਦੇ ਇੱਕੋ ਘਰ ਵਿੱਚ ਹਨ। ਪਤੀ-ਪਤਨੀ ਇੱਕ ਕਾਰ ਦੇ ਦੋ ਪਹੀਏ ਹਨ। ਜੇਕਰ ਇੱਕ ਵੀ ਪਹੀਆ ਖਰਾਬ ਹੋ ਜਾਵੇ ਤਾਂ ਜੀਵਨ ਕਈ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ।
ਇਸ ਨਾਟਕ ਵਿੱਚ ਜਯਾ ਸਿੰਘ, ਨਿਖਿਲ ਕੁਮਾਰ, ਦਿਕਸ਼ਾ ਸੋਨੀ, ਪ੍ਰਾਣਜੀਤ ਮੁਖਰਜੀ, ਆਕਾਸ਼ ਰਾਜੋਰੀਆ, ਸ਼ਵੇਤਾ ਗੁਪਤਾ ਅਤੇ ਰਾਹੁਲ ਗੁਪਤਾ ਨੇ ਵੱਖ-ਵੱਖ ਕਿਰਦਾਰ ਨਿਭਾਏ।
ਨਾਟਕ ਦੀ ਪੇਸ਼ਕਾਰੀ ਦਰਮਿਆਨ ਦਰਸ਼ਕਾਂ ਨੇ ਕਈ ਵਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਕਲਾਕਾਰਾਂ ਦੀ ਭਰਵੀਂ ਪ੍ਰਸੰਸ਼ਾ ਕੀਤੀ।
ਫੈਸਟੀਵਲ ਦੇ ਮੁੱਖ ਮਹਿਮਾਨ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਥੀਏਟਰ ਪ੍ਰਮੋਟਰ ਤੇ ਸਮਾਜ ਸੇਵੀ ਐਲ.ਆਰ. ਗੁਪਤਾ ਅਤੇ ਪਦਮ ਸ੍ਰੀ ਪ੍ਰਾਣ ਸੱਭਰਵਾਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਲਾਕ੍ਰਿਤੀ ਪਟਿਆਲਾ ਦੇ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਨਾਲ ਹੀ ਕਿਹਾ ਕਿ ਅਜੋਕੇ ਸਮੇਂ ਵਿੱਚ ਇਹੋ ਜਿਹੇ ਨਾਟਕ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਸਹਾਈ ਸਿੱਧ ਹੁੰਦੇ ਹਨ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਕਿਹਾ ਕਿ ਕਲਾਕਾਰਾਂ ਦਾ ਸਮਾਜ ਨੂੰ ਸੁਧਾਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ।
ਅਖੀਰ ਵਿੱਚ ਇਸ ਫੈਸਟੀਵਲ ਦੇ ਨਿਰਦੇਸ਼ਕ ਅਤੇ ਪ੍ਰਸਿੱਧ ਥੀਏਟਰ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਨੇ ਸ਼ਾਨਦਾਰ ਪੇਸ਼ਕਾਰੀ ਲਈ ਨਾਟਕ ਦੇ ਸਮੁੱਚੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਕੱਲ੍ਹ 10 ਨਵੰਬਰ ਐਤਵਾਰ ਨੂੰ ਨਾਟਕ ‘ਕੋਸ਼ਿਸ਼’ ਦਾ ਮੰਚਨ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਪਟਿਆਲਵੀਆਂ ਨੂੰ ਇਸ ਫੈਸਟੀਵਲ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।