ਮੰਡੀਆਂ ਵਿੱਚੋਂ 6 ਲੱਖ 33 ਹਜ਼ਾਰ 80 ਮੀਟਰਕ ਟਨ ਦੀ ਹੋਈ ਚੁਕਾਈ-83 ਫੀਸਦ ਝੋਨਾ ਮੰਡੀਆਂ ਵਿੱਚ ਚੁੱਕਿਆ
- ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿੱਚ ਵਾਹ ਕੇ ਕਣਕ ਦੀ ਬੀਜਾਈ ਕਰਨ ਦੀ ਅਪੀਲ
ਰੋਹਿਤ ਗੁਪਤਾ
ਬਟਾਲਾ, 9 ਨਵੰਬਰ 2024 - ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ 6 ਨਵੰਬਰ ਤੱਕ 650291 ਮੀਟਰਕ ਟਨ ਝੋਨੇ ਦੀ ਫਸਲ ਦੀ ਆਮਦ ਹੋਈ ਸੀ, ਜਿਸ ਵਿੱਚੋਂ 633080 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰਨੇ ਦੱਸਿਆ ਕਿ ਕਿਸਾਨਾਂ ਨੂੰ 1364.14 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ 83 ਫੀਸਦ ਫਸਲ ਦੀ ਚੁਕਾਈ ਮੰਡੀਆਂ ਵਿਚੋਂ ਹੋ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨਗਰੇਨ ਵਲੋਂ 244400 ਮੀਟਰਕ ਟਨ, ਮਾਰਕਫੈੱਡ ਵਲੋਂ 167760 ਮੀਟਰਕ ਟਨ, ਪਨਸਪ ਵਲੋਂ 143629 ਮੀਟਰਕ ਟਨ , ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 71877 ਐੱਫ.ਸੀ.ਆਈ ਵੱਲੋਂ 5371 ਅਤੇ ਪ੍ਰਾਈਵੇਟ ਖਰੀਦ 43 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਕੱਟਣ ਉਪਰੰਤ ਇੰਨ ਸੀਟੂ ਵਿਧੀ ਨਾਲ ਫਸਲ ਦੀ ਰਹਿੰਦ ਖੂੰਹਦ ਨੂੰ ਪੈਲੀ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ ਜਾਂ ਐਕਸ ਸੀਟੂ ਵਿਧੀ ਰਾਹੀਂ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ।