ਕਾਲੀਆਂ ਰਾਤਾਂ ਵਿੱਚ ਹੁੰਦਾ ਹੈ ਵਿੱਚੋਂ ਰੇਤ ਦੀ ਮਾਈਨਿੰਗ ਦਾ ਕਾਲਾ ਕਾਰੋਬਾਰ
ਰੋਹਿਤ ਗੁਪਤਾ
ਗੁਰਦਾਸਪੁਰ 9 ਨਵੰਬਰ 2024 - ਬੇਸ਼ੱਕ ਪੰਜਾਬ ਸਰਕਾਰ ਨੇ ਹਰ ਤਰ੍ਹਾਂ ਦੀ ਮਾਈਨਿੰਗ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਹੋਈ ਹੈ ਅਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਲਾਨੌਰ ਫੇਰੀ ਦੌਰਾਨ ਵੀ ਸਟੇਜ ਤੇ ਕਿਹਾ ਸੀ ਕਿ ਅਸੀਂ ਮਾਈਨਿੰਗ ਦੇ ਕਾਲੇ ਕਾਰੋਬਾਰ ਤੇ ਪੂਰੀ ਤਰ੍ਹਾਂ ਨਾਲ ਠੱਲ ਪਾ ਲਈ ਹੈ ਪਰ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਇੱਥੇ ਕਾਲੀਆਂ ਰਾਤਾਂ ਵਿੱਚ ਰੇਤ ਦੀ ਨਜਾਇਜ਼ ਮਾਈਨਿੰਗ ਦਾ ਕਾਲਾ ਕਾਰੋਬਾਰ ਰਾਵੀ ਦਰਿਆ ਵਿੱਚੋਂ ਵੱਡੇ ਪੱਧਰ ਤੇ ਹੋ ਰਿਹਾ ਹੈ।
ਪੱਤਰਕਾਰਾਂ ਦੇ ਹੱਥ ਲੱਗੀਆਂ ਕੁਝ ਵੀਡੀਓਜ ਜਿਨਾਂ ਵਿੱਚ ਅੱਧੀ ਰਾਤ ਨੂੰ ਰਾਵੀ ਦਰਿਆ ਦੇ ਕੰਢੇ ਥਾਣਾ ਬਹਿਰਾਮਪੁਰ ਦੇ ਤਹਿਤ ਪੈਂਦੇ ਮਰਾੜਾ ਇਲਾਕੇ ਵਿੱਚ ਰੇਤ ਦੀ ਮਾਈਨਿੰਗ ਇੱਕ ਜੇਸੀਬੀ ਮਸ਼ੀਨ ਅਤੇ ਇੱਕ ਪੋਕਲੇਨ ਮਸ਼ੀਨ ਲਗਾ ਕੇ ਕੀਤੀ ਜਾ ਰਹੀ ਸਾਫ ਦਿਖਾਈ ਦੇ ਰਹੀ ਹੈ। ਉੱਥੇ ਹੀ ਵੀਡੀਓ ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਮੌਕੇ ਤੇ ਅੱਠ ਦੇ ਕਰੀਬ ਟਿੱਪਰ ਵੀ ਰੇਤ ਢੋਣ ਦੇ ਕੰਮ ਵਿੱਚ ਲੱਗੇ ਹੋਏ ਹਨ ਜਾਹਰ ਤੌਰ ਤੇ ਇਹ ਕੰਮ ਵੱਡੇ ਪੱਧਰ ਤੇ ਹੋ ਰਿਹਾ ਹੈ ਪਰ ਕਿ ਪੁਲਿਸ, ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਇਸ ਤੋਂ ਬੇਖਬਰ ਹੈ। ਇਹ ਵੀ ਦੱਸ ਦਈਏ ਕਿ ਜਿਸ ਥਾਂ ਤੇ ਮਾਈਨਿੰਗ ਹੋ ਰਹੀ ਹੈ, ਉਥੋਂ ਪੁਲਿਸ ਚੌਂਕੀ ਬਿਲਕੁਲ ਨੇੜੇ ਹੈ ਅਤੇ ਦਰਿਆ ਕਿਨਾਰੇਉਂ ਪੁੱਟੀ ਗਈ ਰੇਤ ਦੇ ਟਿੱਪਰ ਪੁਲਿਸ ਚੌਂਕੀ ਲੰਘ ਕੇ ਹੀ ਜਾਂਦੇ ਹਨ ਪਰ ਰਾਤ ਨੂੰ ਚੌਂਕੀ ਵਿੱਚ ਸ਼ਾਇਦ ਕੋਈ ਪੁਲਿਸ ਵਾਲਾ ਹੁੰਦਾ ਹੀ ਨਹੀਂ ਹੈ। ਜੇ ਹੁੰਦਾ ਹੈ ਤਾਂ ਫਿਰ ਉਹ ਅਖਾਂ ਬੰਦ ਕਰਕੇ ਬੈਠਾ ਹੁੰਦਾ ਹੋਵੇਗਾ।
ਹਾਲਾਂਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਦਾਵਾ ਹੈ ਕਿ ਇਹ ਮਾਈਨਿੰਗ ਗੁਰਦਾਸਪੁਰ ਦੀ ਹੱਦ ਵਿੱਚ ਨਹੀਂ ਹੋ ਸਕਦੀ ਕਿਉਂਕਿ ਇਧਰ ਪਾਣੀ ਜਿਆਦਾ ਹੈ ਪਰ ਫਿਰ ਵੀ ਉਹ ਇਸ ਬਾਰੇ ਮੌਕਾ ਵੇਖ ਕੇ ਹੀ ਕੁਝ ਦੱਸ ਸਕਣਗੇ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਜਰੂਰ ਕਰਨਗੇ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਨੁਸਾਰ ਰਾਵੀ ਦਰਿਆ ਵਿੱਚੋਂ ਮਰਾੜਾ ਪਿੰਡ ਨੇੜੇ ਵੱਡੇ ਪੱਧਰ ਤੇ ਰੇਤ ਦੀ ਪੁਟਾਈ ਅਤੇ ਢੋਆ ਢੁਆਈ ਰਾਤ ਦੇ ਹਨੇਰੇ ਵਿੱਚ ਹੋ ਰਹੀ ਹੈ ਤੇ ਇਸ ਦੇ ਪਿੱਛੇ ਰਾਜਨੀਤਿਕ ਸ਼ਹਿ ਵੀ ਹੋ ਸਕਦੀ ਹੈ ਕਿਉਂਕਿ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਮਾਈਨਿੰਗ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨਾਂ ਚ ਤਲਨੀ ਵੀ ਦਿੱਤੀ ਹੈ ਕਿ ਜੇਕਰ ਇਹ ਗੈਰ ਕਾਨੂੰਨੀ ਕੰਮ ਰੋਕਿਆ ਨਹੀਂ ਗਿਆ ਤਾਂ ਉਹ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਨਗੇ।