ਡੀਏਪੀ ਖਾਦ ਦੀ ਜਮ੍ਹਾਖੋਰੀ ਨਾ ਕਰਨ ਖਾਦ ਵਿਕਰੇਤਾ
- ਕਿਸਾਨ ਡੀ ਏ ਪੀ ਦੇ ਬਦਲ ਵਾਲੀਆਂ ਖਾਦਾਂ ਦੀ ਵਰਤੋਂ ਕਰ ਕੇ ਕਣਕ ਦੀ ਬਿਜਾਈ ਕਰਨ
ਰੋਹਿਤ ਗੁਪਤਾ
ਗੁਰਦਾਸਪੁਰ, 9 ਨਵੰਬਰ 2024 - ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਖਾਸ ਕਰਕੇ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਦੀਆਂ ਖਾਦਾਂ ਮੁਹਈਆ ਕਰਵਾਉਣ ਦੇ ਮੰਤਵ ਨਾਲ ਖੇਤੀ ਸਮੱਗਰੀ ਵਿਕਰੇਤਾਵਾਂ ਦੇ ਕਾਰੋਬਾਰ ਨਾਲ ਸੰਬੰਧਿਤ ਦੁਕਾਨਾਂ ਅਤੇ ਗੋਦਾਮਾਂ ਦੀ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਖਾਦ ਵਿਕਰੇਤਾ ਨੂੰ ਹਦਾਇਤ ਕੀਤੀ ਗਈ ਹੈ ਕਿ ਡੀ.ਏ.ਪੀ. ਖਾਦ ਦੇ ਬਦਲ ਵਾਲੀਆਂ ਖਾਦਾਂ ਸਮੇਤ ਬਿੱਲ ਕਿਸਾਨਾਂ ਨੂੰ ਦਿੱਤੀਆਂ ਜਾਣ।
ਇਹ ਪ੍ਰਗਟਾਵਾ ਕਰਦਿਆਂ ਸੁਰਿੰਦਰਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖਾਦ ਵਿਕਰੇਤਾਵਾਂ ਨੂੰ ਕਿਹਾ ਗਿਆ ਹੈ ਕਿ ਡੀਏਪੀ ਖਾਦ ਦੀ ਗੈਰ-ਕਾਨੂੰਨੀ ਜ਼ਖੀਰਾਬਾਜੀ ਨਾ ਕੀਤੀ ਜਾਵੇ। ਜੇਕਰ ਕੋਈ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਐਫ.ਸੀ.ਓ. ਐਕਟ 1985 ਅਤੇ ਜਰੂਰੀ ਵਸਤੂ ਐਕਟ 1955 ਤਹਿਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਆਖਿਆ ਕਿ ਜਿਵੇਂ ਹੀ ਵਿਕਰੇਤਾਵਾਂ ਕੋਲ ਡੀਏਪੀ ਖਾਦ ਆਉਂਦੀ ਹੈ ਤਾਂ ਉਹ ਇਸ ਦੀ ਵਿਕਰੀ ਕਿਸਾਨਾਂ ਨੂੰ ਸਮੇਂ ਸਿਰ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦੀ ਬਿਜਾਈ ਵਾਸਤੇ ਡੀਏਪੀ ਖਾਦ ਦੀ ਜ਼ਰੂਰਤ ਹੈ ਇਸ ਲਈ ਜਿਵੇੰ ਜਿਵੇੰ ਖਾਦ ਉਨ੍ਹਾਂ ਕੋਲ ਆਉਂਦੀ ਹੈ ਬਿਨਾਂ ਦੇਰੀ ਤੋਂ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਇਸ ਤੇ ਬਦਲਵੇਂ ਪ੍ਰਬੰਧ ਵਾਲੀਆਂ ਹੋਰ ਖਾਦਾਂ ਦੀ ਸਪਲਾਈ ਵੀ ਕੀਤੀ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ ਏ ਪੀ ਦੇ ਬਦਲ ਵਾਲੀਆਂ ਖਾਦਾਂ ਦੀ ਵਰਤੋਂ ਕਰ ਕੇ ਕਣਕ ਦੀ ਬਿਜਾਈ ਕਰਨ|