ਡੀ.ਏ.ਪੀ ਖਾਦ ਦੀ ਨਿਰਵਿਘਨ ਸਪਲਾਈ ਅਤੇ ਕਾਲਾਬਜ਼ਾਰੀ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਖੇਤੀਬਾੜੀ ਵਿਭਾਗ ਚੌਕਸ, ਖਾਦ ਡੀਲਰਾਂ ਦੀ ਕੀਤੀ ਚੈਕਿੰਗ
- ਖੇਤੀਬਾੜੀ ਇੰਸਪੈਕਟਰ ਨੇ ਡੀ.ਏ.ਪੀ. ਦੇ ਬਦਲ ਵਜੋਂ ਵਰਤੀਆਂ ਜਾਂਦੀਆਂ ਖਾਦਾਂ ਦੀ ਜਾਣਕਾਰੀ ਕੀਤੀ ਸਾਂਝੀ
- ਖਾਦ ਡੀਲਰ ਜ਼ਿਆਦਾ ਰੇਟ ਜਾਂ ਕੋਈ ਹੋਰ ਵਸਤੂ ਖ਼ਰੀਦਣ ਲਈ ਪਾਉਂਦਾ ਹੈ ਜ਼ੋਰ ਤਾਂ ਕਰੋ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ : ਐਸ.ਡੀ.ਐਮ.
- ਖੇਤੀਬਾੜੀ ਇੰਸਪੈਕਟਰ ਨੇ ਕਿਸਾਨਾਂ ਨੂੰ ਡੀ.ਏ.ਪੀ ਦੀ ਬਜਾਏ ਟੀ ਐਸ ਪੀ,ਐਸ ਐਸ ਪੀ ਅਤੇ ਯੂਰੀਆ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ
ਮੁਹੰਮਦ ਇਸਮਾਈਲ ਏਸ਼ੀਆ
ਅਮਰਗੜ੍ਹ/ਮਾਲੇਰਕੋਟਲਾ 09 ਨਵੰਬਰ :2024 - ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਖਾਦ ਦੀ ਕਾਲਾਬਜ਼ਾਰੀ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਚੌਕਸ ਰਹਿ ਰਿਹਾ ਹੈ। ਡਿਪਟੀ ਕਮਿਸ਼ਨਰ ਡਾ ਪੱਲਵੀ ਦੀਆਂ ਦਿਸ਼ਾ ਨਿਰਦੇਸਾਂ ਅਨੁਸਾਰ ਜ਼ਿਲ੍ਹੇ ਵਿੱਚ ਡੀ.ਏ.ਪੀ ਦੀ ਕਾਲਾਬਾਜਾਰੀ ਅਤੇ ਜ਼ਮਾਖੋਰੀ ਅਤੇ ਹੋਰ ਉਤਪਾਦਾਂ ਦੀ ਬੇਲੋੜੀ ਟੈਗਿੰਗ ‘ਤੇ ਸਖਤ ਨਜਰ ਰੱਖਣ ਲਈ ਜਿਲ੍ਹੇ ਦੇ ਪ੍ਰਸਾਸ਼ਿਨਕ ਅਧਿਕਾਰੀ ਅਤੇ ਕਿਸਾਨ ਭਲਾਈ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਬਲਾਕਾਂ ਪੱਧਰ ਤੇ ਖਾਦ ਡੀਲਰਾਂ ਅਤੇ ਵਿਕ੍ਰੇਤਾਵਾਂ ਤੇ ਬਾਜ ਅੱਖ ਰੱਖ ਰਹੀਆਂ ਹਨ।
ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਟੀਮ ਸਮੇਤ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਿੰਡ ਮੰਨਵੀ,ਚੌਦਾ,ਭੁਰਥਲ ਮੰਡੇਰ,ਜਲਾਲਗੜ੍ਹ,ਰੁੜਕੀ ਕਲ੍ਹਾਂ ਪਿੰਡਾਂ ਵਿਖੇ ਕਰੀਬ 10 ਫਰਟੀਲਾਈਜ਼ਰ ਅਤੇ ਪੈਸਟੀਸਾਈਡਜ ਡੀਲਰਾਂ ਦੀ ਚੈਕਿੰਗ ਕੀਤੀ। ਇਸ ਮੌਕੇ ਡੀ.ਐਸ.ਪੀ.ਦਵਿੰਦਰ ਸਿੰਘ, ਖੇਤੀਬਾੜੀ ਇੰਸਪੈਕਟਰ ਡਾ ਇੰਦਰਦੀਪ ਕੌਰ ਸਮੇਤ ਟੀਮ ਮੌਜੂਦ ਸਨ । ਉਕਤ ਪਿੰਡਾਂ ਵਿਖੇ ਸਥਿਤ ਖਾਦ ਦੀਆਂ ਵੱਖ-ਵੱਖ ਦੁਕਾਨਾਂ ਅਤੇ ਗੋਦਾਮਾਂ ਵਿੱਚ ਜਾ ਕੇ ਡੀਏਪੀ ਖਾਦ ਸਬੰਧੀ ਸਟੋਕ ਰਜਿਸਟਰਾਂ ਅਤੇ ਮਾਲ ਦੀ ਜਾਂਚ ਕੀਤੀ ਗਈ ਅਤੇ ਸਰਕਾਰ ਦੇ ਵੰਡ ਸਬੰਧੀ ਮਾਪਦੰਡਾਂ ਨੂੰ ਘੋਖਿਆ ਗਿਆ।
ਐਸ.ਡੀ.ਐਮ.ਨੇ ਡੀਲਰਾਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਡੀ.ਏ.ਪੀ ਖਾਦ ਦੀ ਨਿਰਵਿਘਨ ਸਪਲਾਈ ਅਤੇ ਕਾਲਾਬਜ਼ਾਰੀ ਰੋਕਣ ਲਈ ਤਤਪਰ ਹੈ।ਇਸ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾਣਗੀਆਂ ਅਤੇ ਕਿਸੇ ਦੁਕਾਨਦਾਰ ਜਾ ਡੀਲਰ ਵਲੋਂ ਡੀਏਪੀ (ਡਾਈ-ਅਮੋਨੀਅਮ ਫਾਸਫੇਟ) ਦੀ ਵਿਕਰੀ ਤੈਅ ਕੀਮਤ ਤੋਂ ਵੱਧ ਜਾਂ ਕਾਲਾਬਜਾਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਜਿਲ੍ਹੇ ਦੇ ਖੇਤੀਬਾੜੀ ਅਫਸਰਾਂ ਤੇ ਵਿਕਾਸ ਅਫਸਰਾਂ ਨੂੰ ਡੀ.ਏ.ਪੀ ਦੀ ਕਾਲਾਬਾਜਾਰੀ ਅਤੇ ਜ਼ਮਾਖੋਰੀ ਅਤੇ ਹੋਰ ਉਤਪਾਦਾਂ ਦੀ ਬੇਲੋੜੀ ਟੈਗਿੰਗ ‘ਤੇ ਸਖਤ ਨਜਰ ਰੱਖਣ ਲਈ ਪਹਿਲਾ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨਾਂ ਚੇਤਾਵਨੀ ਦਿੱਤੀ ਕਿ ਡਿਫਾਲਟਰ ਡੀਲਰਾਂ/ਪੀਏਸੀਐਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਖਾਦ ਵਿਕਰੇਤਾ ਤਹਿ ਕੀਮਤ ਤੋਂ ਜ਼ਿਆਦਾ ਡੀ.ਏ.ਪੀ ਖਾਦ ਦਿੰਦਾ ਹੈ ਅਤੇ ਨਾਲ ਹੋਰ ਕੋਈ ਵਸਤੂ ਖ਼ਰੀਦਣ ਲਈ ਮਜਬੂਰ ਕਰਦਾ ਹੈ ਤਾਂ ਉਸ ਸਬੰਧੀ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਖਾਦ ਕੰਟਰੋਲ ਆਰਡਰ 1985 ਅਧੀਨ ਕਾਰਵਾਈ ਕੀਤੀ ਜਾ ਸਕੇ।