ਗੱਲੀਂ ਬਾਤੀਂ ਮੈਂ ਵੱੱਡੀ ਗੱਪ ਛੱਡਣ ਨੂੰ ਜੇਠਾਣੀ ਬਣੀ ਬਾਰਸ਼ ਦੇ ਪਾਣੀ ਦੀ ਨਿਕਾਸੀ
ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ 2024: ਬਠਿੰਡਾ ਸ਼ਹਿਰ ’ਚ ਬਾਰਸ਼ਾਂ ਦੇ ਪਾਣੀ ਦੀ ਨਿਕਾਸੀ ਸਿਆਸੀ ਲੀਡਰਾਂ ਦੇ ਦਾਅਵਿਆਂ ਵਿੱਚ ਉਲਝ ਕੇ ਰਹਿ ਗਈ ਹੈ ਜਿਸ ਦਾ ਸੰਤਾਪ ਆਮ ਆਦਮੀ ਨੂੰ ਹੰਢਾਉਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਬਾਰਸ਼ਾਂ ਦੇ ਪਾਣੀ ਨੇ ਓਨਾਂ ਨਹੀਂ ਡੁਬੋਇਆ ਜਿੰਨੀਆਂ ਡੁੱਬਕੀਆਂ ਇਸ ਮੁੱਦੇ ਤੇ ਲਾਰਿਆਂ ਅਤੇ ਭਰੋਸਿਆਂ ਨੇ ਲਾਈਆਂ ਹਨ। ਤਿੰਨ ਦਿਨ ਪਹਿਲਾਂ ਸ਼ਹਿਰ ਦੇ ਕਾਰਜਕਕਾਰੀ ਮੇਅਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਮੀਂਹ ਦੇ ਪਾਣੀ ਦੇ ਨਿਕਾਸ ਲਈ ਖੁਖਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਸੀ ਪਰ ਅੱਜ ਸਵੇਰ ਵਕਤ ਕਰੀਬ 7 ਵਜੇ ਸ਼ੁਰੂ ਹੋਈ ਢਾਈ ਤਿੰਨ ਘੰਟਿਆਂ ਦੀ ਬਰਸਾਤ ਨੇ ਨਗਰ ਨਿਗਮ ਬਠਿਡਾ ਦੇ ਸਭ ਇੰਤਜਾਮਾਂ ਤੇ ਪਾਣੀ ਫੇਰਕੇ ਰੱਖ ਦਿੱਤਾ ਹੈ। ਵੱਡੀ ਗੱਲ ਹੈ ਕਿ ਸ਼ਹਿਰ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜੋ ਬਾਰਸ਼ ਦੇ ਪਾਣੀ ਦੀ ਮਾਰ ਹੇਠਾਂ ਨਾਂ ਆਉਂਦਾ ਹੋਵੇ।
ਮਹੱਤਵਪੂਰਨ ਤੱਥ ਹੈ ਕਿ ਪਾਣੀ ਤਾਂ ਡੀਸੀ ਦੀ ਕੋਠੀ ਦੇ ਨਜ਼ਦੀਕ ਵੀ ਮਲ੍ਹਦਾ ਫਿਰ ਰਿਹਾ ਸੀ ਅਤੇ ਮਾਲ ਰੋਡ, ਸ਼ਹਿਰ ਵਿਚਦੀ ਲੰਘਦੈ ਕੌਮੀ ਮਾਰਗ ਸਮੇਤ ਹੋਰ ਥਾਵਾਂ ਵੀ ਸਮੁੰਦਰ ਦਾ ਰੂਪ ਧਾਰਨ ਕੀਤੀਆਂ ਹੋਈਆਂ ਸਨ । ਇਸ ਤੋਂ ਬਿਨਾਂ ਸ਼ਹਿਰ ਦੇ ਦਰਜਨਾਂ ਇਲਾਕਿਆਂ ’ਚ ਤਾਂ ਸਮੁੰਦਰ ਵਾਂਗ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਲਾਈਨੋਪਰ ਇਲਾਕੇ ਵਿੱਚ ਤਾਂ ਬੇਲਗਾਮ ਹੋਏ ਪਾਣੀ ਨੇ ਲੋਕਾਂ ਦੀ ਫਿਰਕੀ ਘੁਮਾ ਦਿੱਤੀ ਹੈ। ਅੱਜ ਬਠਿੰਡਾ ’ਚ 58.2 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ ਜਦੋਂਕਿ 9.8 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲੀ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 32ਡਿਗਰੀ ਰਿਕਾਰਡ ਕੀਤਾ ਗਿਆ ਜਦੋਂਕਿ ਘੱਟੋ ਘੱਟ ਤਾਪਮਾਨ ਦਾ ਅੰਕੜਾ 26.6 ਡਿਗਰੀ ਰਿਹਾ ਹੈ। ਅੱਜ ਬਾਰਸ਼ ਮਗਰੋਂ ਤਾਪਮਾਨ ਯਕਦਮ ਹੇਠਾਂ ਆ ਗਿਆ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਵੇਰਵਿਆਂ ਅਨੁਸਾਰ ਜਿੰਨ੍ਹਾਂ ਥਾਵਾਂ ਤੇ ਸੀਵਰੇਜ਼ ਪ੍ਰਬੰਧਾਂ ਦਾ ਮਾੜਾ ਹਾਲ ਹੈ ਉੱਥੇ ਤਾਂ ਪਾਣੀ ਕਾਰਨ ਚਿੱਕੜ ਦਾ ਦਰਿਆ ਬਣਿਆ ਹੋਇਆ ਸੀ । ਲੋਕ ਆਖਦੇ ਹਨ ਕਿ ਨੇਤਾ ਸਿਆਸੀ ਲਾਹੇ ਖਾਤਰ ਬਿਆਨਾਂ ਜਾਂ ਵਾਅਦਿਆਂ ਦੀ ਝੜੀ ਲਾਉਣ ਤੋਂ ਨਹੀਂ ਖੁੰਝਦੇ ਜਦੋਂਕਿ ਸ਼ਹਿਰ ਹਰ ਸਾਲ ਬਿਪਤਾ ’ਚ ਘਿਰਦਾ ਹੈ ਜਿਸ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਲੋਕਾਂ ਦੇ ਸਮਝੋਂ ਬਾਹਰ ਹੈ ਕਿ ਹਰ ਵੰਨਗੀ ਦੇ ਸਿਆਸੀ ਲੋਕ ਇਸ ਹੰਗਾਮੀ ਹਾਲਤ ਮੌਕੇ ਬਠਿੰਡਾ ਦਾ ਸਭ ਤੋਂ ਅਹਿਮ ਮਸਲਾ ਬਾਰਸ਼ ਦੇ ਪਾਣੀ ਦੀ ਢੁੱਕਵੇਂ ਢੰਗ ਨਾਲ ਨਿਕਾਸੀ ਦਾ ਮਸਲਾ ਕਿਉਂ ਭੁੱਲ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਲੰਮੇ ਸਮੇ ਤੋਂ ਇਸ ਸਮੱਸਿਆ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਹੈ ਪਰ ਮਸਲਾ ਹੱਲ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਖਲੋਤਾ ਹੋਣ ਕਾਰਨ ਅੱਜ ਕਾਰੋਬਾਰ ਠੱਪ ਰਿਹਾ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਹਿਲੀ ਜੋਰਦਾਰ ਵਰਖਾ ਨੇ ਹੀ ਅੱਜ ਪ੍ਰਸ਼ਾਸ਼ਨ ਦੇ ਹੜ੍ਹ ਰੋਕੂ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ ਅਤੇ ਨਗਰ ਨਿਗਮ ਬਠਿੰਡਾ ਦੇ ਦਾਅਵੇ ਵੀ ਧਰੇ-ਧਰਾਏ ਰਹਿ ਗਏ ਹਨ। ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਉਰਫ ਬਬਲੀ ਢਿੱਲੋਂ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਰਿਹਾਇਸ਼ੀ ਤੇ ਵਪਾਰਕ ਇਲਾਕਿਆਂ ਵਿੱਚ ਪਾਣੀ ਲੋਕਾਂ ਨੂੰ ਕੈਦ ਕਰ ਦਿੰਦਾ ਹੈ ਪ੍ਰੰਤੂ ਨਗਰ ਨਿਗਮ ਤੇ ਕਾਬਜ ਕਾਂਗਰਸ ਅਤੇ ਆਪ ਸਰਕਾਰ ਬੇਪ੍ਰਵਾਹ ਬਣੇ ਹੋਏ ਹਨ ਜਦੋਂਕਿ ਲੋਕਾਂ ਦੀ ਜਾਨ ਸੂਲੀ ਤੇ ਟੰਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਰਾਹੀਂ ਬਾਰਸ਼ ਦੇ ਦਿਨਾਂ ਦੌਰਾਨ ਪਾਣੀ ਕਾਰਨ ਬਣਨ ਵਾਲੀ ਗੰਭੀਰ ਸਥਿਤੀ ਤੋਂ ਜਾਣੂੰ ਕਰਵਾਇਆ ਸੀ ਪਰ ਚਿੰਤਾ ਜਤਾਉਣ ਦੇ ਬਾਵਜੂਦ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ ਹੈ।
ਅਫਸਰ ਨਹੀਂ ਚੁੱਕਦੇ ਫੋਨ
ਹੈਰਾਨੀ ਵਾਲੀ ਗੱਲ ਹੈ ਕਿ ਜਿੰਨ੍ਹਾਂ ਅਧਿਕਾਰੀਆਂ ਦੀ ਜਿੰਮੇਵਾਰੀ ਲੋਕਾਂ ਦੇ ਮਸਲੇ ਹੱਲ ਕਰਨ ਤੇ ਲਾਈ ਹੈ ਉਹ ਅਵੇਸਲੇ ਦਿਖਾਈ ਦੇ ਰਹੇ ਹਨ। ਅੱਜ ਵੀ ਬਾਰਸ਼ ਉਪਰੰਤ ਸ਼ਹਿਰ ਦੀ ਸਥਿਤੀ ਸਬੰਧੀ ਨਗਰ ਨਿਗਮ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਕਮਿਸ਼ਨਰ ਰਾਹੁਲ ਨੇ ਪਹਿਲਾਂ ਦੀ ਤਰਾਂ ਫੋਨ ਨਹੀਂ ਚੁੱਕਿਆ।
ਨੇੜੇ ਆਈ ਜੰਨ ਵਿੰਨ੍ਹੋਂ ਕੁੜੀ ਦੇ ਕੰਨ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਾਰਸ਼ਾਂ ਸਿਰ ਤੇ ਸਨ ਪਰ ਨਗਰ ਨਿਗਮ ਜਾਲੀਆਂ ਸਾਫ ਕਰਵਾਉਣ ਦੀ ਦੀ ਗੱਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਦਾਅਵਿਆਂ ਦੇ ਬਾਵਜੂਦ ਨਗਰ ਨਿਗਮ ਵੀ ਪੂਰੀ ਤਰਾਂ ਫੇਲ੍ਹ ਸਾਬਤ ਹੋਇਆ ਹੈ ਤਾਂ ਸਰਕਾਰਾਂ ਵੀ ਇਸ ਮੁੱਦੇ ਤੇ ਕੁਝ ਨਹੀਂ ਸੰਵਾਰ ਸਕੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦਾ ਫਿਕਰਮੰਦ ਹੋਣਾ ਜਾਇਜ ਹੈ ਕਿਉਂਕਿ ਹਰ ਵਾਰ ਉਨ੍ਹਾਂ ਨੂੰ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ।
ਕਾਂਗਰਸ ਅਤੇ ਆਪ ਦੋਵੇਂ ਦੋਸ਼ੀ
ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਨਾਂ ਪੰਜਾਬ ਸਰਕਾਰ ਨੂੰ ਤੇ ਨਾਂ ਹੀ ਕਾਂਗਰਸ ਨੂੰ ਬਠਿੰਡਾ ਵਾਸੀਆਂ ਦੀ ਕੋਈ ਪ੍ਰਵਾਹ ਹੈ ਅਤੇ ਨਾਂਹੀ ਲੋਕਾਂ ਦੇ ਦੁੱਖ ਤਕਲੀਫ਼ਾਂ ਨਾਲ ਕੋਈ ਸਰੋਕਾਰ ਹੈ। ਉਨ੍ਹਾਂ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਸਾਲ 2022 ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਮ ਹੇਠ ਬੰਪਰ ਜਿੱਤ ਦਰਜ ਕਰਨ ਵਾਲੇ ਵਿਧਾਇਕ ਵੀ ਪਾਸਾ ਵੱਟੀ ਬੈਠੇ ਹਨ। ਉਨ੍ਹਾਂ ਚਿੰਤਾ ਜਤਾਈ ਕਿ ਬਠਿੰਡਾ ਸ਼ਹਿਰ ਵਿੱਚ ਬਾਰਸ਼ ਤਾਂ ਰੁਕ ਜਾਂਦੀ ਹੈ ਪ੍ਰੰਤੂ ਮੁਸ਼ਕਿਲਾਂ ਕਈ ਕਈ ਦਿਨ ਰੁਕਣ ਦਾ ਨਾਮ ਨਹੀਂ ਲੈਂਦੀਆਂ ਹਨ।