ਪੰਜਾਬੀ ਹਫ਼ਤਾ: ਬੋਰਡ ਪੰਜਾਬੀ ’ਚ ਕਰਤਾ : ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗ ਗਏ ਪੰਜਾਬੀ ਵਿਚ ਸਾਈਨ ਬੋਰਡ
-ਮਾਲਕ ਹਰਿੰਦਰ ਮਾਨ ਨੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਕੀਤਾ ਸਮਰਪਿਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 09 ਨਵੰਬਰ 2024:-ਨਿਊਜ਼ੀਲੈਂਡ ਦੇ ਵਿਚ ‘ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ’ (01 ਨਵੰਬਰ ਤੋਂ 07 ਨਵੰਬਰ 2024 ਤੱਕ) ਜਾਰੀ ਹੈ। ਇਸ ਸਬੰਧ ਦੇ ਵਿਚ ਜਿੱਥੇ ਕਈ ਤਰ੍ਹਾਂ ਦੇ ਸਮਾਗਮ ਹੋ ਰਹੇ ਹਨ, ਉਥੇ ਬੇਨਤੀ ਕੀਤੀ ਗਈ ਸੀ ਕਿ ਜੇਕਰ ਆਪਣੇ ਪੰਜਾਬੀ ਕਾਰੋਬਾਰੀ ਭਰਾ-ਭੈਣ ਆਪਣੇ ਬਿਜ਼ਨਸ ਉਤੇ ਲੱਗੇ ਬੋਰਡ ਨੂੰ ਪੰਜਾਬੀ ਦੇ ਵਿਚ ਵੀ ਲਿਖਵਾ ਸਕਣ। ਅਜਿਹਾ ਹੀ ਇਕ ਸਲਾਹੁਣਯੋਗ ਕਾਰਜ ਕੀਤਾ ਹੈ ਵੀਰ ਹਰਿੰਦਰ ਸਿੰਘ ਮਾਨ, ਪਿੰਡ ਰਈਆ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਵਾਲਿਆਂ ਨੇ। 2002 ਦੇ ਵਿਚ ਉਹ ਨਿਊਜ਼ੀਲੈਂਡ ਆਏ ਅਤੇ 2012 ਤੋਂ ਡਮਿਨੋਜ਼ ਪੀਜਾ ਸਟੋਰ ਦੇ ਬਿਜ਼ਨਸ ਵਿਚ ਹਨ। ਆਪਣੇ ਆਪਣੇ ਵੀਰ ਦਵਿੰਦਰ ਸਿੰਘ ਦੇ ਨਾਲ ਉਹ ਸਯੰਕੁਤ ਪਰਿਵਾਰ ਵਿਚ ਅੱਗੇ ਵਧ ਰਹੇ ਹਨ। ਇਸ ਵੇਲੇ ਇਹ ਚਾਰ ਸਟੋਰਾਂ ਦੇ ਮਾਲਕ ਹਨ ਅਤੇ ਪੰਜਾਬੀਆਂ ਦੀ ਰਾਜਧਾਨੀ ਪਾਪਾਟੋਏਟੋਏ ਵਾਲੇ ਡਮਿਨੋਜ਼ ਪੀਜਾ ਸਟੋਰ ਉਤੇ ਉਨ੍ਹਾਂ ਨੇ ਪੰਜਾਬੀ ਵਿਚ ਬੋਰਡ ਲਗਾ ਕੇ ਇਸ ਨੂੰ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਕੀਤਾ ਹੈ। ਇਹ ਸਟੋਰ 16 ਸੇਂਟ ਜੌਰਜ਼ ਸਟ੍ਰੀਟ ਪਾਪਾਟੋਏਟੋਏ ਉਤੇ ਸਥਿਤ ਹੈ। ਇਨ੍ਹਾਂ ਦੇ ਦਰਜਨਾਂ ਕਰਮਚਾਰੀਆਂ ਵਾਲੇ ਇਨ੍ਹਾਂ ਚਾਰਾਂ ਸਟੋਰਾਂ ਉਤੇ ਰੋਜ਼ਾਨਾ ਸੈਂਕੜੇ ਲੋਕ ਪੀਜੇ ਵਾਸਤੇ ਪਹੁੰਚਦੇ ਹਨ। ਪਾਪਾਟੋਏਟੋਏ ਸਟੋਰ ਉਤੇ ਪਹੁੰਚਣ ਵਾਲੇ ਜਰੂਰ ਪੰਜਾਬੀ ਦੇ ਵਿਚ ਬੋਰਡ ਵੇਖ ਕੇ ਦਿਲੋਂ ਖੁਸ਼ ਹੋਣਗੇ ਅਤੇ ਅਪਣੱਤ ਮਹਿਸੂਸ ਕਰਨਗੇ। ਸਾਈਨ ਬੋਰਡ ਦੇ ਥੱਲੇ ਕੁਝ ਸਵਾਗਤੀ ਸ਼ਬਦ ਵੀ ਪੰਜਾਬੀ ਸਿਖਾਉਣ ਦੇ ਉਦੇਸ਼ ਨਾਲ ਲਿਖੇ ਗਏ ਹਨ ਅਤੇ ‘ਜੀ ਆਇਆਂ ਨੂੰ’ ਆਖਿਆ ਗਿਆ ਹੈ।
ਇਸ ਸਬੰਧੀ ਸ. ਹਰਿੰਦਰ ਸਿੰਘ ਮਾਨ ਹੋਰਾਂ ਨੇ ਕਿਹਾ ਕਿ ‘‘ਜਿਵੇਂ ਹਰ ਕੋਈ ਜਾਣਦਾ ਹੈ ਕਿ ‘ਪੰਜਾਬੀ ਹੇੈਰਲਡ ਅਖਬਾਰ’, ‘ਰੇਡੀਓ ਸਪਾਈਸ’, ‘ਕੂਕ ਸਮਾਚਾਰ’, ‘ਡੇਲੀ ਖਬਰ’ ਅਤੇ ਹੋਰ ਅਦਾਰਿਆਂ ਦੇ ਸਹਿਯੋਗ ਨਾਲ ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ, ਮੈਂ ਇਸ ਜਸ਼ਨ ਨੂੰ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਨਮਾਨ ਪੈਦਾ ਕਰਨ ਦਾ ਵਧੀਆ ਮੌਕਾ ਮੰਨਦਾ ਹਾਂ। ਮੈਨੂੰ ਨਵੀਂ ਪੀੜ੍ਹੀ ਨੂੰ ਪੰਜਾਬੀ ਪੜ੍ਹਾਉਣ-ਲਿਖਾਉਣ ਵਾਲੇ ਕਿਸੇ ਵੀ ਪੰਜਾਬੀ ਸਕੂਲ ਜਾਂ ਸੰਸਥਾ ਦਾ ਸਮਰਥਨ ਕਰਨ ਵਿੱਚ ਹਮੇਸ਼ਾ ਖੁਸ਼ੀ ਹੋਵੇਗੀ। ਜੇਕਰ ਕੋਈ ਸਕੂਲ ਜਾਂ ਸੰਸਥਾ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਲਗਵਾ ਰਹੀ ਹੈ ਤਾਂ ਉਹ ਮੇਰੇ ਨਾਲ 021 309 980 ’ਤੇ ਸੰਪਰਕ ਕਰ ਸਕਦੇ ਹਨ।- ਤੁਹਾਡਾ ਧੰਨਵਾਦ!-ਹਰਿੰਦਰ ਮਾਨ।’’