ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰ ਖੇਤਰੀ ਮੇਲੇ ਨੇ ਦੂਜੇ ਦਿਨ ਹੋਰ ਉਚਾਈਆਂ ਨੂੰ ਛੂਹਿਆ
- ਇਕਾਂਗੀ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ ਅਤੇ ਫੋਕ ਆਰਕੈਸਰਾ ਤੇ ਲੋਕ ਗੀਤ ਨੇ ਝੂਮਣ ਲਾਇਆ
- 69 ਕਾਲਜਾਂ ਦੀਆਂ ਟੀਮਾਂ 31 ਕਲਾ ਵੰਨਗੀਆਂ ਵਿੱਚ ਕਰ ਰਹੀਆਂ ਹਨ ਸ਼ਿਰਕਤ
ਪਟਿਆਲਾ, 8 ਨਵੰਬਰ 2024 - ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਿਹਾ ਤਿੰਨ ਦਿਨਾ ਅੰਤਰ ਖੇਤਰੀ ਯੁਵਕ ਮੇਲਾ ਅੱਜ ਦੂਜੇ ਦਿਨ ਸਿਖਰਾਂ ਦੀਆਂ ਹੋਰ ਉਚਾਈਆਂ ਨੂੰ ਛੂਹ ਗਿਆ ਹੈ। ਅੱਜ ਦੂਜੇ ਦਿਨ ਜਿੱਥੇ ਗੁਰੂ ਤੇਗ ਬਹਾਦਰ ਹਾਲ ਦੀ ਸਟੇਜ ਉੱਤੇ ਇਕਾਂਗੀ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ ਉੱਥੇ ਹੀ ਕਲਾ ਭਵਨ ਦੀ ਸਟੇਜ ਉੱਤੇ ਲੋਕ-ਗੀਤ ਅਤੇ ਫ਼ੋਕ ਆਰਕੈਸਟਰਾ ਦੀਆਂ ਪੇਸ਼ਕਾਰੀਆਂ ਦੇ ਨਿਵੇਕਲੇ ਰੰਗ ਨੇ ਦਰਸ਼ਕਾਂ ਨੂੰ ਆਨੰਦ ਵਿੱਚ ਝੂਮਣ ਲਾ ਦਿੱਤਾ।
ਦੂਜੇ ਦਿਨ ਦੇ ਮੁੱਖ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਰਜਿਸਟਾਰ ਡਾ. ਸੰਜੀਵ ਪੁਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲੇ ਆਪਣੀ ਗੁਣਵੱਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੇਲਿਆਂ ਦੇ ਪ੍ਰਬੰਧਨ ਅਤੇ ਆਯੋਜਨ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕਦਮ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੁਵਕ ਭਲਾਈ ਵਿਭਾਗ ਦੇ ਕੰਮਾਂ ਨੂੰ ਬਿਹਤਰੀ ਸਹਿਤ ਅਤੇ ਸੁਚਾਰੂ ਤਰੀਕੇ ਨਾਲ਼ ਚਲਾਉਣ ਲਈ ਯੁਵਕ ਭਲਾਈ ਕਾਰਜਪਾਲਕ ਕਮੇਟੀ ਦਾ ਗਠਨ ਕਰਨਾ ਇਸ ਦਿਸ਼ਾ ਵਿੱਚ ਪੁੱਟਿਆ ਗਿਆ ਹੀ ਕਦਮ ਹੈ।
ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪ੍ਰਸਿੱਧ ਅਦਾਕਾਰ ਡਾ. ਸੁਨੀਤਾ ਧੀਰ, ਜੋ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਵੀ ਰਹਿ ਚੁੱਕੇ ਹਨ, ਨੇ ਵਿਦਿਆਰਥੀਆਂ ਨੂੰ ਯੁਵਕ ਮੇਲਿਆਂ ਨਾਲ਼ ਜੁੜੇ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਮੇਲੇ ਉਨ੍ਹਾਂ ਅੰਦਰਲੀ ਪ੍ਰਤਿਭਾ ਨੂੰ ਲੱਭਣ ਅਤੇ ਨਿਖਾਰਨ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਮੰਚ ਨੇ ਕਲਾ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਉਨ੍ਹਾਂ ਇਸ ਮੌਕੇ ਆਪਣੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਹੋਣ ਸਮੇਂ ਦੇ ਅਨੁਭਵ ਵੀ ਸਾਂਝੇ ਕੀਤੇ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਵਰਿੰਦਰ ਕੁਮਾਰ ਕੌਸ਼ਿਕ ਨੇ ਦੱਸਿਆ ਕਿ ਅੰਤਰ-ਖੇਤਰੀ ਯੁਵਕ ਮੇਲੇ ਵਿੱਚ ਵੱਖ-ਵੱਖ 31 ਕਲਾ-ਵੰਨਗੀਆਂ ਵਿੱਚ 69 ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਇਕਾਂਗੀ, ਮਿਮਿੱਕਰੀ, ਲੋਕ-ਗੀਤ, ਫ਼ੋਕ-ਆਰਕੈਸਟਰਾ, ਸ਼ਾਸਤਰੀ ਸੰਗੀਤ ਵਾਦਨ (ਤਾਲ), ਸ਼ਾਸ਼ਤਰੀ ਸੰਗੀਤ ਵਾਦਨ (ਸਵਰ), ਰੰਗੋਲੀ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ, ਫ਼ੋਟੋਗਰਾਫ਼ੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ, ਇੰਸਟਾਲੇਸ਼ਨ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦਾ ਤੀਜਾ ਦਿਨ ਭੰਗੜੇ ਅਤੇ ਹੋਰ ਰੌਚਿਕ ਵੰਨਗੀਆਂ ਨਾਲ਼ ਸਿਖਰ ਵੱਲ ਵਧੇਗਾ।