ਕਿਰਤੀ ਕਿਸਾਨ ਯੂਨੀਅਨ ਵੱਲੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈਕੇ ਰੋਸ ਪ੍ਰਦਰਸ਼ਨ
ਦਲਜੀਤ ਕੌਰ
ਮਸਤੂਆਣਾ ਸਾਹਿਬ, 4 ਨਵੰਬਰ, 2024: ਕਿਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਕਿਸਾਨ ਪਹਿਲਾਂ ਪਿੰਡ ਬਹਾਦਰਪੁਰ ਦੇ ਸਲਾਹੀ ਪੱਤੀ ਦਰਵਾਜੇ ਇਕੱਠੇ ਹੋਏ ਅਤੇ ਉਥੋਂ ਪਿੰਡ ਵਿੱਚੋਂ ਦੀ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਉੱਪਰ ਜਾ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।ਕਿਸਾਨਾਂ ਨੇ ਮੁਜ਼ਾਹਰਾ ਕਰਕੇ ਪੀੜਤਾਂ ਨੂੰ 40 ਸਾਲ ਬੀਤ ਜਾਣ ਦੇ ਬਾਵਜੂਦ ਨਿਆਂ ਨਾ ਦੇਣ ਅਤੇ ਹਿੰਦੂਤਵੀ ਫਾਸ਼ੀਵਾਦੀ ਮੁਹਿੰਮ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਸਤਵਿੰਦਰ ਸਿੰਘ, ਸਕੱਤਰ ਧਰਮਪਾਲ ਸਿੰਘ, ਯੂਥ ਵਿੰਗ ਦੇ ਆਗੂ ਪ੍ਰਧਾਨ ਜੁੱਗੀ ਸਿੰਘ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤ ਜਾਣ ਬਾਅਦ ਵੀ ਪੀੜਤਾ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ਚ ਕੋਈ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ 1984 ਚ ਜਿਸ ਤਰਾਂ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਗਿਣ ਮਿਥ ਕੇ ਸਿੱਖਾਂ ਦਾ ਕਤਲੇਆਮ, ਧੀਆਂ ਭੈਣਾਂ ਦੀ ਬੇਪੱਤੀ ਸਮੇਤ ਕਰੋੜਾਂ ਅਰਬਾਂ ਦੀ ਜਾਇਦਾਦ ਬਰਬਾਦ ਕੀਤੀ ਗਈ ਉਹ ਮੁਲਕ ਦੀ ਅਖੌਤੀ ਜਮਹੂਰੀਅਤ ਦੇ ਚਿਹਰੇ ਤੋਂ ਕਦੇ ਵੀ ਨਾ ਉੱਤਰਨ ਵਾਲਾ ਕਲੰਕ ਹੈ। ਉਹਨਾਂ ਕਿਹਾ ਕੇ ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿਚ ਕਾਂਗਰਸ ਸਮੇਤ ਆਰ ਐਸ ਐਸ ਦੇ ਕਰਿੰਦੇ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਏ ਜਿਹਨਾਂ ਤੇ ਹੋਏ ਪਰਚੇ ਭਾਜਪਾ ਨੇ ਸੱਤਾ ਚ ਆਉਂਦਿਆਂ ਸਹਿਜੇ ਸਹਿਜੇ ਖ਼ਤਮ ਕਰ ਦਿਤੇ। ਉਨ੍ਹਾਂ ਕਿਹਾ ਕਿ ਕਤਲੇਆਮ ਵਿੱਚ ਸ਼ਾਮਲ ਰਹੇ ਜਗਦੀਸ਼ ਟਾਈਟਲਰ ਵਰਗੇ ਤਾਕਤਵਰ ਵਿਅਕਤੀਆਂ ਵਿਰੁੱਧ ਮੁਕੱਦਮੇ ਵਿੱਚ ਦੋਸ਼ ਤੈਅ ਕਰਨ ਦਾ ਅਮਲ ਹੀ ਡੇਢ ਦਹਾਕੇ ਤੱਕ ਲਟਕਣਾ ਇਸ ਗੱਲ ਦੀ ਗਵਾਹੀ ਹੈ ਕਿ ਕਿਵੇ ਪੀੜਤਾਂ ਨੂੰ ਤ੍ਰਿਸਕਾਰ ਦਾ ਪਾਤਰ ਬਣਾਇਆ ਗਿਆ।
ਕਿਸਾਨ ਆਗੂ ਹਰਦਿਆਲ ਕੌਰ,ਗੁਰਮੀਤ ਕੌਰ, ਕਮਲਦੀਪ ਸਿੰਘ, ਬਿੰਟਾ ਸਿੰਘ, ਮਲਕੀਤ ਸਿੰਘ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਕਿਸੇ ਘੱਟ ਗਿਣਤੀ ਨੂੰ ਚੁੱਣਕੇ, ਉਸ ਖਿਲਾਫ ਨਫਰਤ ਦਾ ਮਾਹੌਲ ਬਣਾਕੇ ਤੇ ਫਿਰ ਬਹੁ ਗਿਣਤੀ ਦੀਆ ਭਾਵਨਾਵਾਂ ਨੂੰ ਵੋਟਾਂ ਚ ਤਬਦੀਲ ਕਰਨਾ ਇਸ ਮੁਲਕ ਦੇ ਹਾਕਮਾਂ ਦੀ ਹੰਢੀ ਵਰਤੀ ਨੀਤੀ ਬਣ ਚੁੱਕੀ ਹੈ।ਇਸ ਲਈ ਸਿਰਫ ਘੱਟ ਗਿਣਤੀਆਂ ਨਹੀਂ ਬਲਕਿ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਨਰਿੰਦਰ ਮੋਦੀ ਦੀ ਕੇਂਦਰੀ ਹਕੂਮਤ ਆਪਣੀ ਫਾਸ਼ੀਵਾਦੀ ਮੁਹਿੰਮ ਤਹਿਤ ਘੱਟ ਗਿਣਤੀਆਂ, ਬੁੱਧੀਜੀਵੀਆਂ, ਲੇਖਕਾਂ ਅਤੇ ਵੱਖਰੇ ਤੇ ਵਿਰੋਧੀ ਵਿਚਾਰਾਂ ਵਾਲੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੇਸ਼ ਧ੍ਰੋਹ ਦੇ ਮੁਕੱਦਮੇ ਸਿਰਫ ਯੋਗੀ, ਮੋਦੀ ਦੀ ਆਲੋਚਨਾ ਕਰਨ ਤੇ ਹੀ ਦਰਜ ਕੀਤੇ ਜਾ ਰਹੇ ਹਨ।ਜੇਲ੍ਹੀ ਡੱਕਿਆਂ ਨੂੰ ਜ਼ਮਾਨਤ ਦਾ ਅਧਿਕਾਰ ਨਹੀ ਦਿੱਤਾ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਇਕਸਾਰ ਸਿਵਿਲ ਕੋਡ ਲਾਗੂ ਕਰਕੇ ਦੇਸ਼ ਦੀ ਸੱਭਿਆਚਾਰਕ ਵਿੰਭਿਨਤਾ ਨੂੰ ਮਸਲ ਕੇ ਦੇਸ਼ ਨੂੰ ਇੱਕੋ ਇੱਕ ਭਗਵੇਂ ਰੰਗ ਵਿੱਚ ਰੰਗਣਾ ਚਾਹੁੰਦੀ ਹੈ। ਇਹ ਨੀਤੀ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਉਸਾਰਨ ਦੇ ਨਾਲ ਨਾਲ ਫੈਡਰਲ ਢਾਂਚੇ, ਘੱਟ ਗਿਣਤੀਆਂ ਅਤੇ ਵੱਖ ਵੱਖ ਬੋਲੀਆਂ/ਭਾਸ਼ਾਵਾਂ ਲਈ ਖਤਰੇ ਦੀ ਘੰਟੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨਾਂ ਦੌਰਾਨ ਬੁਲਾਰਿਆਂ ਨੇ ਜਿੱਥੇ ਸਿੱਖ ਕਤਲੇਆਮ ਦੇ ਦੋਸ਼ੀਆ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਉਥੇ ਲੋਕਾਂ ਨੂੰ ਭਾਜਪਾ ਦੀ ਹਿੰਦੂਤਵੀ ਫਾਸ਼ੀਵਾਦੀ ਮੁਹਿੰਮ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ।