ਤਰਕਸ਼ੀਲ ਸੁਸਇਟੀ ਵੱਲੋਂ ਅੱਖਾਂ ਤੇ ਪੱਟੀ ਬੰਨ੍ਹਣ ਪਿੱਛੋਂ ਸੁੰਘ ਕੇ ਪੜ੍ਹਨ ਦੇ ਦਾਅਵੇ ਨੂੰ ਚੁਣੌਤੀ
ਅਸ਼ੋਕ ਵਰਮਾ
ਬਠਿੰਡਾ,14ਜੁਲਾਈ 2024: ਤਰਕਸ਼ੀਲ ਸੁਸਾਇਟੀ ਨੇ ਨਵਦੀਪ ਬਾਂਸਲ ਨਾਮ ਦੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਬੱਚੇ ਦੇ ਅੱਖਾਂ ਤੇ ਪੱਟੀ ਬੰਨ੍ਹਕੇ ਸੁੰਘ ਕੇ ਪੜ੍ਹਨ ਅਤੇ ਸਾਹਮਣੇ ਵਾਲੇ ਦੇ ਮਨ ਵਿੱਚ ਕੀ ਹੈ ਜਾਣ ਲੈਣ ਦਾ ਦਾਅਵਾ ਕਰਨ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਵੀਡੀਓ ਨੂੰ ਚੁਣੌਤੀ ਦਿੱਤੀ ਹੈ। ਤਰਕਸ਼ੀਲ ਸੁਸਾਇਟੀ ਦੇ ਸੂਬਾ ਪ੍ਰਧਾਨ ਰਾਜਿੰਦਰ ਭਦੌੜ ਅਤੇ ਤਰਕਸ਼ੀਲ ਸੁਸਾਇਟੀ ਦੀ ਸੂਬਾ ਕਮੇਟੀ ਨੇ ਇਸ ਦਾ ਨੋਟਿਸ ਲੈਂਦਿਆਂ ਰਾਮਪੁਰਾ ਇਕਾਈ ਨੂੰ ਕਿਹਾ ਹੈ ਕਿ ਆਗੂ ਦਾਅਵੇ ਨੂੰ ਚੁਣੌਤੀ ਦੇਣ ਲਈ ਨਵਦੀਪ ਬਾਂਸਲ ਨਾਲ ਤਾਲਮੇਲ ਕਰਨ । ਅੱਜ ਤਰਕਸ਼ੀਲ ਸੁਸਇਟੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਰਾਮਪੁਰਾ ਇਕਾਈ ਦੇ ਆਗੂ ਗਗਨ ਰਾਮਪੁਰਾ, ਜੰਟਾ ਸਿੰਘ, ਮਾਸਟਰ ਸੁਰਿੰਦਰ ਗੁਪਤਾ, ਜਗਦੇਵ ਸਿੰਘ ਅਤੇ ਪ੍ਰੈਸ ਫੋਟੋਗਰਾਫਰ ਭੀਮ ਸੈਨ ਨਵਦੀਪ ਬਾਂਸਲ ਨੂੰ ਮਿਲੇ ਸਨ ਪਰ ਉਸ ਨੇ ਕੋਈ ਰਾਹ ਨਹੀਂ ਦਿੱਤਾ ਹੈ।
ਬਿਆਨ ’ਚ ਦੱਸਿਆ ਕਿ ਨਵਦੀਪ ਬਾਂਸਲ ਦਾ ਕਹਿਣਾ ਸੀ ਕਿ ਜੋ ਵੀ ਵਿਅਕਤੀ ਸਾਇੰਸ ਵਿਸ਼ੇ ਤੇ ਜਾਣੂ ਹੋਣਗੇ ਮੈਂ ਤਾਂ ਉਹਨਾਂ ਨਾਲ ਹੀ ਗੱਲ ਕਰਾਂਗਾ । ਉਨ੍ਹਾਂ ਦੱਸਿਆ ਕਿ ਗਗਨ ਰਾਮਪੁਰਾ ਦੀ ਅਗਵਾਈ ਹੇਠ ਪੰਜ ਮੈਂਬਰ ਨਵਦੀਪ ਬਾਂਸਲ ਨੂੰ ਮਿਲਣ ਗਏ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਸਾਂਝੀ ਥਾਂ ਤੇ ਗੱਲਬਾਤ ਕਰਨ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ । ਪ੍ਰੈਸ ਬਿਆਨ ’ਚ ਦੱਸਿਆ ਕਿ ਇਸ ਮੌਕੇ ਦੀ ਰਿਕਾਰਡਿੰਗ ਨਵਦੀਪ ਅਤੇ ਸੁਸਾਇਟੀ ਕੋਲ ਵੀ ਹੈ ਜੋ ਸੋਸ਼ਲ ਮੀਡੀਆ ਤੇ ਪਾਈ ਗਈ ਹੈ । ਉਨ੍ਹਾਂ ਦੱਸਿਆ ਕਿ ਨਵਦੀਪ ਬਾਂਸਲ ਆਪਣੇ ਦਾਅਵੇ ਨੂੰ ਸਾਬਤ ਕਰਨ ਦਾ ਸਮਾਂ ਰੱਖੇ ਜਿਸ ਦਾ ਮੀਡੀਆ ਸਾਹਮਣੇ ਲਿਖਤੀ ਕਰਾਰਨਾਮਾ ਹੋਵੇਗਾ ਕਿ ਇਹ ਆਪਣਾ ਦਾਅਵਾ ਕਿੱਥੇ ਅਤੇ ਕਿੰਨਾ ਹਾਲਤਾਂ ਵਿੱਚ ਪੇਸ਼ ਕਰੇਗਾ। ਜੇਕਰ ਉਸ ਨੇ ਸੋਸਾਇਟੀ ਵੱਲੋਂ ਰੱਖਿਆ 5 ਲੱਖ ਰੁਪਏ ਦਾ ਇਨਾਮ ਜਿੱਤਣਾ ਹੈ ਤਾਂ 10 ਹਜਾਰ ਰੁਪਏ ਜਮਾਨਤ ਵੀ ਜਮਾ ਕਰਵਾਉਣੀ ਹੋਵੇਗੀ ਜੋ ਇਸ ਦੇ ਸਫਲ ਹੋਣ ਤੇ ਪੰਜ ਲੱਖ ਰੁਪਏ ਨਾਲ ਵਾਪਸ ਕਰ ਦਿੱਤੀ ਜਾਵੇਗੀ। ਪ੍ਰੈਸ ਬਿਆਨ ’ਚ ਗਗਨ ਰਾਮਪੁਰਾ ਨਾਲ ਨਿੱਜੀ ਰੰਜਿਸ਼ ਰੰਜਿਸ਼ ਹੋਣ ਦੀ ਗੱਲ ਨੂੰ ਬੇਬੁਨਿਆਦ ਦੱਸਿਆ ਹੈ।
ਗਗਨ ਰਾਮਪੁਰਾ ਦਾ ਕਹਿਣਾ ਹੈ ਕਿ ਉਹ ਨਵਦੀਪ ਬਾਂਸਲ ਨੂੰ ਚੈਲੇਂਜ ਕਰਨ ਸਮੇਂ ਪਹਿਲੀ ਵਾਰ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਆਪਸੀ ਜਾਣ ਪਹਿਚਾਣ ਵੀ ਨਹੀਂ ਹੈ । ਗਗਨ ਰਾਮਪੁਰਾ ਤਰਕਸ਼ੀਲ ਸੁਸਾਇਟੀ ਰਾਮਪੁਰਾ ਫੂਲ ਦਾ ਪ੍ਰਧਾਨ ਨੇ ਕਿਹਾ ਕਿ ਇਹ ਮਸਲਾ ਵਿਗਿਆਨਿਕ ਸੋਚ ਦਾ ਹੈ । ਸੁਸਾਇਟੀ ਦਾ ਕਿਸੇ ਨਾਲ ਵੀ ਕੋਈ ਨਿੱਜੀ ਵਿਰੋਧ ਨਹੀਂ ਬਲਕਿ ਵਿਰੋਧ ਵਿਚਾਰਾਂ ਅਤੇ ਗੈਰ ਵਿਗਿਆਨਿਕ ਪ੍ਰਦੂਸ਼ਣ ਫੈਲਾਉਣ ਦਾ ਹੈ। ਅਜਿਹੇ ਹੋਰ ਵੀ ਕਈ ਦਾਵੇਦਾਰਾਂ ਦਾ ਸੁਸਾਇਟੀ ਪਿਛਲੇ ਸਮੇਂ ਵਿੱਚ ਪੜਦਾਫਾਸ਼ ਕਰ ਚੁੱਕੀ ਹੈ। ਉਨ੍ਹਾਂ ਨਵਦੀਪ ਬਾਂਸਲ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਚੁਣੌਤੀ ਦਿੱਤੀ ਕਿ ਜੇਕਰ ਉਹ ਆਪਣੇ ਦਾਅਵੇ ਨੂੰ ਸੱਚਾ ਸਾਬਤ ਕਰਨਾ ਚਾਹੁੰਦਾ ਹੈ ਤਾਂ ਰਾਮਪੁਰਾ ਦੇ ਪ੍ਰੈਸ ਕਲੱਬ ਵਿੱਚ ਸਮਾਂ ਰੱਖੇ ਸੁਸਾਇਟੀ ਵੀ ਆਏਗੀ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਤਰਕਸ਼ੀਲ ਸੁਸਾਇਟੀ ਨੇ ਇਹ ਮਸਲਾ ਸੂਬਾ ਆਗੂ ਰਜਿੰਦਰ ਭਦੌੜ ਦੀ ਅਗਵਾਈ ਵਿੱਚ ਹੀ ਨਜਿੱਠਣ ਦਾ ਫੈਸਲਾ ਕੀਤਾ ਹੈ।