ਦੋ ਕਰੋੜੀ ਬੋਲੀ ਵਾਲੇ ਪਿੰਡ ਵਿੱਚ ਗੋਲੀਆਂ ਚਲਾਉਂਣ ਵਾਲੇ 2 ਨੌਜਵਾਨ ਪੁਲਿਸ ਨੇ ਝੋਨੇ ਦੇ ਖੇਤਾਂ’ਚੋ ਭਜ ਭਜ ਕੇ ਫੜੇ
ਖੇਤਾਂ ਵਿੱਚ ਪੁਲਿਸ ਤੇ ਹਮਲਾਵਰਾਂ ਵਿਚਾਲੇ ਹੋਈ ਚੰਗੀ ਚੂਹਾ ਦੌੜ
ਰੋਹਿਤ ਗੁਪਤਾ
ਗੁਰਦਾਸਪੁਰ , 12 ਅਕਤੂਬਰ 2024- ਪੰਚਾਇਤੀ ਚੋਣਾਂ ਦੌਰਾਨ ਦੋ ਕਰੋੜ ਦੀ ਬੋਲੀ ਲੱਗਣ ਕਾਰਨ ਮਸ਼ਹੂਰ ਹੋਏ ਫਤਿਹਗੜ ਚੂੜੀਆਂ ਦੇ ਨਜਦੀਕ ਅਤੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਹਰਦੋਰਵਾਲ ਕਲਾਂ’ਚ ਬੀਤੇ ਦਿਨ ਮਾਮੂਲੀ ਗੱਲ ਨੂੰ ਲੈ ਕੇ ਇੱਕ ਘਰ ਵਿੱਚ ਵੜ ਕੇ ਗੋਲੀਆਂ ਚਲਾਉਂਣ ਵਾਲੇ ਦੌ ਨੌਜਵਾਨਾਂ ਨੂੰ ਡੇਰਾ ਬਾਬਾ ਨਾਨਕ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਦੋਸ਼ੀਆਂ ਵੱਲੋਂ ਫੜੇ ਜਾਣ ਤੋਂ ਪਹਿਲਾਂ ਪੁਲਿਸ ਦੀਆਂ ਚੰਗੀਆਂ ਦੌੜਾ ਕੱਢਾਈਆਂ ਗਈਆਂ। ਦੋਸ਼ੀ ਪਿੰਡ ਦੇ ਬਾਹਰਵਾਰ ਇੱਕ ਡੇਰੇ ਵਿੱਚ ਵੜ ਗਏ ਸੀ ਜਿਸ ਤੋਂ ਬਾਅਦ ਪੁਲਿਸ ਪਿੱਛਾ ਕਰਦੀ ਉਸ ਡੇਰੇ ਤੱਕ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਡੇਰੇ ਦੇ ਪਿਛਲੇ ਪਾਸੇ ਬਾਰੀ ਖੋਲ ਕੇ ਖੇਤਾਂ ਵੱਲ ਦੌੜ ਚੁੱਕੇ ਸਨ। ਹਾਲਾਂਕਿ ਪੁਲਿਸ ਵੱਲੋਂ ਘਰ ਵਾਲਿਆਂ ਤੇ ਸ਼ੱਕ ਕਰਦਿਆਂ ਉਹਨਾਂ ਦੇ ਡੇਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਵੀ ਲਈ ਗਈ ਅਤੇ ਘਰ ਦੀ ਨੂੰਹ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਉਸ ਦਾ ਮੋਬਾਇਲ ਵੀ ਖੋਹ ਲਿਆ ਗਿਆ ਹੈ ਜੋ ਹਜੇ ਤੱਕ ਵਾਪਸ ਨਹੀਂ ਦਿੱਤਾ ਗਿਆ।
ਡੇਰੇ’ਚ ਮੌਜੂਦ ਇੰਦਰਜੀਤ ਸਿੰਘ,ਕੁਲਦੀਪ ਕੌਰ ਅਤੇ ਦੀਪ ਕੌਰ ਨੇ ਦੱਸਿਆ ਕਿ ਦੀਪ ਕੌਰ ਘਰ ਵਿਚ ਇੱਕਲੀ ਸੀ ਅਤੇ ਅਚਾਨਕ ਇੱਕ ਨੌਜਵਨ ਲੜਕਾ ਭਜ ਕੇ ਉਨਾਂ ਦੇ ਘਰ ਆਣ ਵੜਿਆ ਅਤੇ ਉਹ ਇੱਕਦਮ ਡਰ ਗਈ ਅਤੇ ਘਰੋਂ ਬਾਹਰ ਆ ਗਈ ਅਤੇ ਲੜਕੇ ਦਾ ਪਿੱਛਾਂ ਕਰਦਿਆਂ ਪੁਲਿਸ ਵੀ ਉਸ ਦੇ ਪਿੱਛੇ ਹੀ ਘਰ ਵਿੱਚ ਆ ਗਈ ਅਤੇ ਪੁਲਿਸ ਨੂੰ ਵੇਖ ਕੇ ਨੌਜਵਾਨ ਕਮਰੇ’ਚੋ ਬਾਰੀ ਰਾਹੀਂ ਟੱਪ ਕੇ ਬਾਹਰ ਖੇਤਾਂ ਨੂੰ ਭੱਜ ਗਿਆ ।ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਨਾਂ ਨੇ ਗੋਲੀ ਚਲਨ ਦੀ ਵੀ ਅਵਾਜ ਸੁਣੀ । ਬਾਅਦ ਵਿੱਚ ਪੁਲਿਸ ਵੱਲੋਂ ਉਨਾਂ ਨੂੰ ਖੇਤਾਂ’ਚੋਂ ਗਿ੍ਰਫਤਾਰ ਕਰ ਲਿਆ ਗਿਆ । ਦੀਪ ਕੌਰ ਅਤੇ ਉਸ ਦੇ ਚਾਚਾ ਸਹੁਰੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਉਨਾਂ ਦਾ ਫੋਨ ਵੀ ਲੈ ਗਈ ਹੈ ਅਤੇ ਘਰ ਦਾ ਫੋਲਾ ਫਰੋਲੀ ਕਰ ਕੇ ਸਮਾਨ ਵੀ ਬਾਹਰ ਸੁਟਿਆ ਹੈ।
ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਮਰਜੀਤ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨਾਂ ਨੇ ਸੁਚਨਾ ਦੇ ਅਧਾਰ ਤੇ ਹਰਜੀਤ ਸਿੰਘ ਬਾਸ਼ਾ ਪੁੱਤਰ ਦਰਸ਼ਨ ਸਿੰਘ ਵਾਸੀ ਹਰਦੋਰਵਾਲ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨਦੇਹੀ ਤੇ ਛਾਪੇਮਾਰੀ ਦੌਰਾਣ ਹਰਦੋਰਵਾਲ ਤੋਂ ਹੀ ਉਸ ਦੇ ਸਾਥੀ ਪ੍ਰਭਜੋਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਹਰਦੋਰਵਾਲ ਨੂੰ ਗਿ੍ਰਫਤਾਰ ਕਰਕੇ ਉਨਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਹ ਦੋਵੇਂ ਹਰਦੋਰਵਾਲ ਕਲਾ ਦੇ ਇੱਕ ਘਰ ਵਿੱਚ ਵੜ ਕੇ ਗੋਲੀਆਂ ਚਲਾਉਂਦੇ ਮਾਮਲੇ ਵਿੱਚ ਦੋਸ਼ੀ ਹਨ।