SPECIAL STORY: ਪੰਚਾਇਤ ਚੋਣਾਂ :ਡੇਰਾ ਸਿਰਸਾ ਪ੍ਰੇਮੀਆਂ ਨੂੰ ਸ਼ੀਸ਼ੇ ’ਚ ਉਤਾਰਨ ਲੱਗੇ ਉਮੀਦਵਾਰ
ਅਸ਼ੋਕ ਵਰਮਾ
ਚੰਡੀਗੜ੍ਹ, 13 ਅਕਤੂਬਰ 2024: ਪੰਜਾਬ ’ਚ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਦੀ ਗਿਣਤੀ ਵੱਡੀ ਹੋਣ ਕਾਰਨ ਸਰਪੰਚੀ ਦੇ ਚਾਹਵਾਨਾਂ ਨੇ ਡੇਰਾ ਪੇਮੀਆਂ ਨੂੰ ਵੱਡੀ ਪੱਧਰ ਤੇ ਸ਼ੀਸ਼ੇ ’ਚ ਉਤਾਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਸਿਆਸੀ ਤੌਰ ਤੇ ਜਰਖੇਜ਼ ਮੰਨੀ ਜਾਂਦੀ ਪੰਜਾਬ ਦੀ ਮਾਲਵਾ ਪੱਟੀ ਵਿਚਲੇ ਤੱਥ ਹਨ ਕਿ ਪੰਚਾਇਤੀ ਚੋਣਾਂ ’ਚ ਡੇਰਾ ਪੈਰੋਕਾਰਾਂ ਦੀ ਵੁੱਕਤ ’ਚ ਵਾਧਾ ਦਰਜ ਕੀਤਾ ਗਿਆ ਹੈ। ਡੇਰਾ ਸਿਰਸਾ ਦੇ ਅਖਬਾਰ ‘ਸੱਚ ਕਹੂੰ’ ’ਚ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਰੋਜਾਨਾ ਵੋਟਾਂ ਪਾਉਣ ਦੀ ਅਪੀਲ ਲਈ ਛਪਵਾਏ ਜਾ ਰਹੇ ਇਸ਼ਤਿਹਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਜਦੋਂਕਿ ਬਾਕੀ ਮੀਡੀਆ ’ਚ ਏਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਭਾਵੇਂ ਇਹ ਚੋਣਾਂ ਸਿਆਸੀ ਧਿਰਾਂ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾ ਰਹੀਆਂ ਪਰ ਪਰਦੇ ਪਿੱਛੇ ਹਰ ਸਿਆਸੀ ਧਿਰ ਤੁਣਕਾ ਹਿਲਾ ਰਹੀ ਹੈ।
ਕਈ ਪਿੰਡ ਤਾਂ ਅਜਿਹੇ ਵੀ ਹਨ ਜਿੱਥੇ ਸਰਪੰਚੀ ਲਈ ਵਿਧਾਇਕਾਂ ਦੀ ਚੋਣ ਵਾਲੇ ਢੰਗ ਵਰਤੇ ਜਾਣ ਦੀਆਂ ਖਬਰਾਂ ਹਨ। ਚੋਣ ਪ੍ਰਚਾਰ ਦੇ ਅੰਤਿਮ ਦੌਰ ਦੌਰਾਨ ਤਕਰੀਬਨ ਹਰ ਇੱਕ ਹਰ ਪਿੰਡ ’ਚ ਕੱਲੀ ਕੱਲੀ ਵੋਟ ਖਿੱਚ੍ਹਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ ਪਰ ਇੱਕ ਮੋਰੀ ਲੰਘਣ ਵਜੋਂ ਚਰਚਿਤ ਡੇਰਾ ਪ੍ਰੇਮੀਆਂ ਤੇ ਸਰਪੰਚੀ ਦੇ ਹਰ ਚਾਹਵਾਨ ਨੇ ਖਾਸ ਤੌਰ ’ਤ ਨਜ਼ਰਾਂ ਟਿਕਾਈਆਂ ਹੋਈਆਂ ਹਨ। ਜਿੰਨ੍ਹਾਂ ਪਿੰਡਾਂ ’ਚ ਐਤਕੀਂ ਮੁਕਾਬਲੇ ਸਖਤ ਹਨ ਉਨ੍ਹਾਂ ’ਚ ਤਾਂ ਉਮੀਦਵਾਰਾਂ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਰਿਝਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਗਰੂਰ ਜਿਲ੍ਹੇ ’ਚ ਸਰਪੰਚੀ ਦੀ ਚੋਣ ਲੜਨ ਵਾਲੀ ਇੱਕ ਮਹਿਲਾ ਉਮੀਦਵਾਰ ਦੇ ਪਤੀ ਨੇ ਮੰਨਿਆ ਡੇਰਾ ਸ਼ਰਧਾਲੂ ਇਸ ਕਰਕੇ ਵੀ ਮਹੱਤਵਪੂਰਨ ਹਨ ਕਿ ਉਨ੍ਹਾਂ ਨੂੰ ਸ਼ਰਾਬ ਨਹੀਂ ਪਿਆਉਣੀ ਪੈਂਦੀ ਹੈ ਅਤੇ ਨਸ਼ਾ ਵੀ ਵੰਡਣਾ ਨਹੀਂ ਪੈਂਦਾ ਹੈ।
ਹੋਰ ਤਾਂ ਹੋਰ ਡੇਰਾ ਸਿਰਸਾ ਪੈਰੋਕਾਰ ਅਕਸਰ ਵੋਟਾਂ ਦੀ ਖਰੀਦੋ ਫਰੋਖਤ ਤੋਂ ਵੀ ਦੂਰ ਰਹਿੰਦੇ ਹਨ। ਮਾਲਵੇ ਦੀਆਂ ਵੱਖ ਵੱਖ ਥਾਵਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਇਸ ਵੇਲੇ ਡੇਰਾ ਪ੍ਰੇਮੀਆਂ ਨੂੰ ਚੋਗਾ ਪਾਉਣ ਦੇ ਮਾਮਲੇ ’ਚ ਸੰਗਰੂਰ ਜਿਲ੍ਹਾ ਸਭਾ ਤੋਂ ਮੋਹਰੀ ਚੱਲ ਰਿਹਾ ਹੈ। ਇਸ ਦਿਸ਼ਾ ’ਚ ਬਠਿੰਡਾ ,ਬਰਨਾਲਾ, ਪਟਿਆਲਾ ਅਤੇ ਲੁਧਿਆਣਾ ਜਿਲ੍ਹੇ ਵੀ ਅੱਗੇ ਹਨ। ਮਾਝੇ ’ਚ ਡੇਰਾ ਪੈਰੋਕਾਰਾਂ ਦੇ ਮਾਮਲੇ ’ਚ ਸਰਗਰਮੀਆਂ ਲੱਗਭਗ ਨਾਂਹ ਦੇ ਬਰਾਬਰ ਹਨ ਜਦੋਂਕਿ ਦੁਆਬੇ ਦਾ ਫਿਲੌਰ ਇਲਾਕਾ ਅਤੇ ਜਲੰਧਰ ਜਿਲ੍ਹੇ ਦੇ ਕਈ ਪਿੰਡਾਂ ’ਚ ਡੇਰਾ ਪ੍ਰੇਮੀਆਂ ਤੱਕ ਪਹੁੰਚ ਬਨਾਉਣ ਲਈ ਇੱਕ ਤਰਾਂ ਨਾਲ ਦੌੜ ਜਿਹੀ ਲੱਗੀ ਹੋਈ ਹੈ। ਸੰਗਰੂਰ ਜਿਲ੍ਹੇ ਦੇ ਇੱਕ ਮੋਹਰੀ ਡੇਰਾ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਸੋਚ ਹੈ ਕਿ ਪੰਜਾਬੀਆਂ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਅਤੇ ਵਿਕਾਸ ਕਰਵਾਉਣ ਵਾਲਿਆਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ।
ਦੱਸਣਯੋਗ ਹੈ ਕਿ ਪੰਜਾਬ ਦੀ ਸੱਤਾ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਮਾਲਵਾ ਖਿੱਤੇ ਨਾਲ ਸਬੰਧਤ 69 ਵਿਧਾਨ ਸਭਾ ਹਲਕਿਆਂ ਵਿੱਚੋਂ 40 ਤੋਂ 43 ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦਾ ਜਬਰਦਸਤ ਪ੍ਰਭਾਵ ਹੈ। ਵਿਸ਼ੇਸ਼ ਤੱਥ ਹੈ ਕਿ ਬਾਕੀ ਹਲਕੇ ਵੀ ਡੇਰਾ ਪ੍ਰੇਮੀਆਂ ਦੇ ਅਸਰ ਤੋਂ ਪੂਰੀ ਤਰਾਂ ਮੁਕਤ ਨਹੀਂ ਹਨ। ਇਸ ਮਾਮਲੇ ਦਾ ਰੌਚਕ ਪਹਿਲੂ ਇਹ ਵੀ ਹੈ ਕਿ ਸਾਲ 2017 ’ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਹੋਣ ਦੇ ਬਾਵਜੂਦ ਪਿਛਲੇ ਤਿੰਨ ਤੋਂ ਚਾਰ ਸਾਲਾਂ ਦੌਰਾਨ ਡੇਰਾ ਪ੍ਰੇਮੀਆਂ ਦੀ ਗਿਣਤੀ ’ਚ ਚੋਖਾ ਵਾਧਾ ਹੋਇਆ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੱਕ ਗੁਪਤ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਡੇਰਾ ਪ੍ਰੇਮੀਆਂ ਦੀ ਗਿਣਤੀ ਵਧਣ ਦਾ ਜਿਕਰ ਕੀਤਾ ਗਿਆ ਹੈ।
ਇਹੋ ਕਾਰਨ ਹੈ ਕਿ ਹੁਣ ਬਹੁਤੇ ਉਮੀਦਵਾਰਾਂ ਨੂੰ ਪਿੰਡ ਦੀ ਸੱਤਾ ਡੇਰਾ ਸੱਚਾ ਸੌਦਾ ਦੀ ਸੰਜੀਵਨੀ ਨਾਲ ਮਿਲਦੀ ਨਜ਼ਰ ਆਉਣ ਲੱਗੀ ਹੈ। ਤਾਂਹੀ ਤਾਂ ਵੋਟਾਂ ਦੀ ਉਮੀਦ ‘ਚ ਲੀਡਰ ਆਪੋ ਆਪਣੇ ਢੰਗ ਨਾਲ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਅਰਜੋਈਆਂ ਕਰਨ ’ਚ ਲੱਗੇ ਹੋਏ ਹਨ। ਉਂਜ ਵੀ ਇਸ ਵਾਰ ਦੀਆਂ ਪੰਚਾਇਤ ਚੋਣਾਂ ਦੌਰਾਨ ਦਰਜਨਾਂ ਪਿੰਡਾਂ ’ਚ ਟੱਕਰ ਕਰੜੀ ਹੋਣ ਕਾਰਨ ਹਰ ਵੋਟ ਕੀਮਤੀ ਮੰਨੀ ਜਾ ਰਹੀ ਹੈ । ਡੇਰਾ ਸਿਰਸਾ ਪ੍ਰੇਮੀਆਂ ਦੀ ਕਾਫੀ ਪਿੰਡਾਂ ’ਚ ਫੈਸਲਾਕੁੰਨ ਵੋਟ ਹੈ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬ ’ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਵੋਟਾਂ ਪੈਣ ’ਚ ਹੁਣ ਸਿਰਫ ਇੱਕ ਦਿਨ ਬਚਿਆ ਹੈ।
ਪੰਚਾਇਤ ’ਚ ਡੇਰਾ ਪ੍ਰੇਮੀ ਬਹੁਮੱਤ ’ਚ
ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ‘ਪਿੰਡੀ’ ’ਚ ਡੇਰਾ ਸਿਰਸਾ ਪੈਰੋਕਾਰ ਕੁਲਵਿੰਦਰ ਰਾਣੀ ਇੰਸਾਂ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ ਹੈ। ਇਸ ਪਿੰਡ ਦੀ ਸੱਤ ਮੈਂਬਰੀ ਪੰਚਾਇਤ ’ਚ ਰਾਜ ਰਾਣੀ ਇੰਸਾਂ , ਵੀਨਾ ਰਾਣੀ ਇੰਸਾਂ, ਸਰਵਨ ਸਿੰਘ ਇੰਸਾਂ, ਪ੍ਰੇਮ ਸਿੰਘ ਇੰਸਾਂ, ਅਤੇ ਮਨੀਸ਼ ਕੁਮਾਰ ਇੰਸਾਂ ਨੂੰ ਪੰਚ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਦਰਪਣ ਕੁਮਾਰ ਤੇ ਅਮਰਜੀਤ ਕੌਰ ਮੈਂਬਰ ਪੰਚਾਇਤ ਚੁਣੇ ਗਏ ਹਨ।ਸਰਪੰਚ ਕੁਲਵਿੰਦਰ ਰਾਣੀ ਇੰਸਾਂ ਦਾ ਕਹਿਣਾ ਸੀ ਕਿ ਉਹ ਡੇਰਾ ਸੱਚਾ ਸੌਦੇ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਆਦੇਸ਼ਾਂ ਤਹਿਤ ਮਾਨਵਤਾ ਭਲਾਈ ਕਾਰਜ ਕਰਦੇ ਆ ਰਹੇ ਹਨ ਜਿੰਨ੍ਹਾਂ ਨੂੰ ਹੁਣ ਪੰਚਾਇਤੀ ਤੌਰ ਤੇ ਜਾਰੀ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਉਹ ਸਾਥੀ ਪੰਚਾਂ ਦੇ ਸਹਿਯੋਗ ਨਾਲ ਪਿੰਡ ਦੀ ਨੁਹਾਰ ਬਦਲਣ ’ਚ ਪੂਰਾ ਤਾਣ ਲਾ ਦੇਣਗੇ।