ਬਟਾਲਾ ਮੁਕਾਬਲਾ, ਐਸਐਸਪੀ ਨੇ ਗ੍ਰਿਫ਼ਤਾਰ ਗੈਂਗਸਟਰ ਮਲਕੀਤ ਸਿੰਘ ਬਾਰੇ ਕੀਤੇ ਖੁਲਾਸੇ
ਸਾਬਕਾ ਸਰਪੰਚ ਦੇ ਪੁੱਤਰ ਮਲਕੀਤ ਸਿੰਘ ਨੇ ਪੁਲਿਸ ਨੂੰ ਪਾਈਆਂ ਸੀ ਭਾਜੜਾਂ, ਮੈਡੀਕਲ ਸਟੋਰ ਚਲਾਉਣ ਵਾਲੇ ਮਲਕੀਤ ਸਿੰਘ ਤੇ ਕਈ ਮਾਮਲੇ ਹਨ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ , 27 ਜੁਲਾਈ 2024 :
ਬਟਾਲਾ ਪੁਲਿਸ ਲਈ ਸਿਰ ਦਰਦ ਬਣਿਆ ਗੈਂਗਸਟਰ ਮਲਕੀਤ ਸਿੰਘ ਜੋ ਕਿ ਗੈਂਗਸਟਰ ਹੈਰੀ ਚੱਠਾ ਅਤੇ ਲਾਰਂਸ ਬਿਸ਼ਨੋਈ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਿਰੌਤੀ ਮੰਗਦਾ ਸੀ। ਬੀਤੇ ਦਿਨ ਵੀ ਗੈਂਗਸਟਰ ਮਲਕੀਤ ਸਿੰਘ ਵੱਲੋਂ ਸ਼੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਵਾਈ ਗਈ ਸੀ ਤੇ ਇਸ ਤੋਂ ਪਹਿਲਾਂ ਫੋਨ ਤੇ ਉਸ ਵੱਲੋਂ ਸੁਨਿਆਰੇ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੁਲਿਸ ਨੇ ਕਰੀਬ ਚਾਰ ਘੰਟੇ ਦੌਰਾਨ ਹੀ ਇਸ ਗੈਂਗਸਟਰ ਦਾ ਪਤਾ ਕਰਵਾ ਲਿਆ ਤੇ ਅੱਠ ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਮਰਸਡੀਜ ਕਾਰ ਵਿੱਚ ਘੁੰਮਣ ਵਾਲੇ ਇਸ ਗੈਂਗਸਟਰ ਨੂੰ ਪੁਲਿਸ ਨੇ ਅੱਠ ਘੰਟੇ ਦੌਰਾਨ ਹੀ ਗਿਰਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਜਦੋਂ ਮੁਖਬਰ ਦੀ ਇਤਲਾਹ ਤੇ ਬਟਾਲਾ ਪੁਲਿਸ ਵੱਲੋਂ ਇਸ ਨੂੰ ਘੇਰਿਆ ਗਿਆ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਦੇ ਗੈਂਗਸਟਰ ਵੱਲੋਂ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਪਰ ਗਨੀਮਤ ਰਹੀ ਕਿ ਪੁਲਿਸ ਦੇ ਕਿਸੇ ਵੀ ਜਵਾਨ ਤੇ ਗੋਲੀ ਨਹੀਂ ਲੱਗੀ। ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਜੋ ਕਿ ਇਸ ਗੈਂਗਸਟਰ ਦੇ ਪੈਰ ਵਿੱਚ ਲੱਗਾ।
ਮੌਕੇ ਤੇ ਪਹੁੰਚੀ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਜਾਣਕਾਰੀ ਦਿੱਤੀ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਇਹ ਸਾਬਕਾ ਸਰਪੰਚ ਦਾ ਬੇਟਾ ਹੈ ਤੇ ਮੈਡੀਕਲ ਸਟੋਰ ਚਲਾਉਂਦਾ ਹੈ ।ਇਹ ਵੱਖ-ਵੱਖ ਲੋਕਾਂ ਕੋਲੋਂ ਫਿਰੋਤੀ ਮੰਗਦਾ ਸੀ ਆਪਣੇ ਗੁਰਗਿਆਂ ਕੋਲੋਂ ਗੋਲੀ ਚਲਵਾਉਂਦਾ ਸੀ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ।