ਕੁਰੂਕਸ਼ੇਤਰ ਦੇ ਡੀਸੀ ਦੀ ਮਾਂ ਨੂੰ ਬੀਜੇਪੀ ਨੇ ਦਿੱਤੀ ਟਿਕਟ
- ਕਾਂਗਰਸ ਨੇ ਡੀਸੀ ਦੇ ਤਬਾਦਲੇ ਦੀ ਮੰਗ ਕੀਤੀ
ਚੰਡੀਗੜ੍ਹ, 06 ਸਤੰਬਰ 2024- ਕਾਂਗਰਸ ਨੇ ਕੁਰੂਕਸ਼ੇਤਰ ਦੇ ਡੀਸੀ ਦੀ ਮਾਂ ਨੂੰ ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਤਬਾਦਲੇ ਦੀ ਮੰਗ ਕੀਤੀ ਹੈ। ਹਰਿਆਣਾ ਵਿੱਚ ਡੀਸੀ ਸੁਸ਼ੀਲ ਸਾਰਵਾਨ ਦੀ ਮਾਂ ਸੰਤੋਸ਼ ਸਾਰਵਾਨ ਨੂੰ ਭਾਜਪਾ ਵੱਲੋਂ ਟਿਕਟ ਮਿਲਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇ ਇਸ ਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਅਤੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਹੈ।
ਹਰਿਆਣਾ ਕਾਂਗਰਸ ਕਮੇਟੀ ਦੇ ਮੈਂਬਰ ਸੁਰੇਸ਼ ਉਨੀਸਪੁਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਡੀਸੀ ਸੁਸ਼ੀਲ ਸਾਰਵਾਨ ਦੀ ਮਾਂ ਨੂੰ ਅੰਬਾਲਾ ਲੋਕ ਸਭਾ ਹਲਕੇ ਦੀ ਮੁਲਾਣਾ ਵਿਧਾਨ ਸਭਾ ਸੀਟ ਤੋਂ ਭਾਜਪਾ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਜਦੋਂਕਿ ਇਸ ਵਿਧਾਨ ਸਭਾ ਦੀ ਹੱਦ ਕੁਰੂਕਸ਼ੇਤਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੀ ਹੈ। ਮੁਲਾਨਾ ਵਿਧਾਨ ਸਭਾ ਹਲਕੇ ਦਾ ਇੱਕ ਹਿੱਸਾ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਭਾਜਪਾ ਉਮੀਦਵਾਰ ਦਾ ਪੁੱਤਰ ਕੁਰੂਕਸ਼ੇਤਰ ਵਿੱਚ ਡੀਸੀ ਹੈ। ਅਜਿਹੇ 'ਚ ਉਹ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ 'ਚ ਵੀ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਸੁਸ਼ੀਲ ਸਾਰਵਾਨ ਨੂੰ ਪੰਚਕੂਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।