ਵਰਕ ਪਰਮਿਟ 'ਤੇ ਆਬੂਧਾਬੀ ਗਿਆ ਸੀ ਨੌਜਵਾਨ ਕੰਮ ਕਰਨ, ਪਰ ਪਹੁੰਚ ਗਿਆ ਸੀ ਜੇਲ੍ਹ
- 2 ਮਹੀਨੇ ਬਾਅਦ ਐਸਐਮਐਸ ਸੰਧੂ ਦੇ ਯਤਨਾਂ ਸਦਕਾ ਭਾਰਤ ਪਰਤਿਆ ਨੌਜਵਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਜੂਨ 2024: ਵਰਕ ਪਰਮਿਟ 'ਤੇ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਗਿਆ ਪਿੰਡ ਜਾਸਤਨਾ ਕਲਾਂ ਦਾ ਇੱਕ ਨੌਜਵਾਨ ਉੱਥੇ ਜੇਲ੍ਹ ਪਹੁੰਚ ਗਿਆ ਸੀ। ਉਹ ਭਾਜਪਾ ਦੇ ਸੀਨੀਅਰ ਆਗੂ ਐਸਐਮਐਸ ਸੰਧੂ ਦੇ ਯਤਨਾਂ ਸਦਕਾ ਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ 2 ਮਹੀਨਿਆਂ ਬਾਅਦ ਸੁਰੱਖਿਅਤ ਆਪਣੇ ਪਿੰਡ ਪਰਤ ਆਇਆ ਹੈ। ਘਰ ਪਰਤਣ ਤੋਂ ਬਾਅਦ ਉਸ ਦੇ ਪਰਿਵਾਰ ਸਮੇਤ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ। ਪਰਿਵਾਰ ਨੂੰ ਵਰਕ ਪਰਮਿਟ ਦੇ ਕੇ ਵਿਦੇਸ਼ ਭੇਜਣ ਵਾਲੇ ਏਜੰਟ ਖਿਲਾਫ਼ ਦੂਤਾਵਾਸ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 34 ਸਾਲਾ ਨੌਜਵਾਨ ਬਲਬੀਰ ਸਿੰਘ ਪੁੱਤਰ ਸ਼ਿਵਸ਼ਰਨ ਸਿੰਘ ਵਾਸੀ ਪਿੰਡ ਜਾਸਤਨਾ ਕਲਾਂ ਨੇ ਦੱਸਿਆ ਕਿ ਉਸ ਨੇ 8 ਅਪ੍ਰੈਲ ਨੂੰ ਸ਼ਵੇਰੀ ਨਾਮਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਨ ਲਈ ਨਵੀਂ ਦਿੱਲੀ ਤੋਂ ਆਬੂਧਾਬੀ ਲਈ ਉਡਾਨ ਭਰੀ ਸੀ ਅਤੇ ਉਹ 9 ਅਪ੍ਰੈਲ ਨੂੰ ਆਬੂਧਾਬੀ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਦੇ ਨਾਲ ਪੰਜਾਬ ਦੇ ਚਾਰ ਹੋਰ ਨੌਜਵਾਨ ਵੀ ਸਨ, ਜੋ ਦਿੱਲੀ ਤੋਂ ਉਸ ਨਾਲ ਫਲਾਈਟ ਵਿੱਚ ਸਵਾਰ ਹੋਏ ਸਨ। ਬਲਬੀਰ ਸਿੰਘ ਨੇ ਦੱਸਿਆ ਕਿ 9 ਅਪ੍ਰੈਲ ਨੂੰ ਉਹ ਕੰਪਨੀ ਦੀ ਕੰਟੀਨ ਤੋਂ ਖਾਣਾ ਖਾ ਕੇ ਸੌਂ ਗਿਆ ਸੀ, ਪਰ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਜੇਲ੍ਹ ਵਿੱਚ ਸੀ, ਉਸ ਨੂੰ ਖੁੱਦ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਜੇਲ ਵਿੱਚ ਕਿਵੇ ਪੁੱਜਾ। ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਸੁਰੱਖਿਆ ਗਾਰਡ ਰਾਹੀਂ ਪਿਛਲੇ ਮਹੀਨੇ ਇਹ ਸੁਨੇਹਾ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਗਿਆ ਜੋ ਚਿੰਤਾ ਵਿੱਚ ਪੈ ਗਏ।
ਉਸ ਦੇ ਪਿਤਾ ਸ਼ਿਵਸ਼ਰਨ ਨੇ ਦੱਸਿਆ ਕਿ ਉਸ ਨੇ ਕਈ ਵਾਰ ਵਿਦੇਸ਼ ਭੇਜਣ ਵਾਲੇ ਏਜੰਟ ਨਾਲ ਸੰਪਰਕ ਕੀਤਾ ਪਰ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਪਿਤਾ ਸ਼ਿਵਸ਼ਰਨ ਸਿੰਘ ਨੇ ਦੱਸਿਆ ਕਿ ਉਹ ਅਤੇ ਬਲਬੀਰ ਸਿੰਘ ਦਾ ਚਾਚਾ ਸਹੁਰਾ ਆਬੂਧਾਬੀ ਗਏ ਸਨ, ਪਰ ਬਲਬੀਰ ਨਾਲ ਮੁਲਾਕਾਤ ਜਾਂ ਗੱਲਬਾਤ ਨਾ ਹੋ ਸਕੀ ਅਤੇ ਉਨ੍ਹਾਂ ਨੂੰ ਨਿਰਾਸ਼ ਵਾਪਸ ਦੇਸ ਪਰਤਣਾ ਪਿਆ। ਅੰਤ ਨਿਰਾਸ਼ ਹੋ ਕੇ ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ ਨੂੰ ਮਿਲੇ, ਜਿਨ੍ਹਾਂ ਨੇ ਪਹਿਲ ਦੇ ਅਧਾਰ ਉੱਤੇ ਉਨ੍ਹਾਂ ਦੀ ਫਾਈਲ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਭੇਜ ਦਿੱਤੀ। ਉਥੋਂ ਯੂਏਈ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤੋਂ ਬਾਅਦ ਬਲਵੀਰ ਨੂੰ ਨਾ ਸਿਰਫ਼ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ, ਸਗੋਂ ਭਾਰਤ ਵਾਪਸ ਭੇਜ ਦਿੱਤਾ ਗਿਆ।
ਬਲਬੀਰ ਸਿੰਘ ਨੇ ਦੱਸਿਆ ਕਿ ਦੋ ਮਹੀਨਿਆਂ ਬਾਅਦ ਉਸ ਨੂੰ 8 ਜੂਨ ਨੂੰ ਆਬੂਧਾਬੀ ਤੋਂ ਫਲਾਈਟ ਵਿੱਚ ਬਿਠਾ ਕੇ 9 ਜੂਨ ਨੂੰ ਸਵੇਰੇ ਕੇਰਲ ਹਵਾਈ ਅੱਡੇ 'ਤੇ ਉਤਾਰਿਆ ਦਿੱਤਾ ਗਿਆ। ਉਸ ਦੇ ਨਾਲ 2 ਲੜਕੀਆਂ ਸਮੇਤ 5 ਲੋਕ ਵੀ ਸਨ ਜੋ ਰੇਲ ਰਾਹੀਂ ਵੱਖ-ਵੱਖ ਰਾਜਾਂ ਲਈ ਰਵਾਨਾ ਹੋਏ ਸਨ। ਉਸ ਕੋਲ ਟਿਕਟ ਲਈ ਪੈਸੇ ਵੀ ਨਹੀਂ ਸਨ। ਮਾਪਿਆਂ ਨੇ ਉਸ ਲਈ ਸਾਢੇ 11 ਹਜ਼ਾਰ ਰੁਪਏ ਦੀ ਹਵਾਈ ਟਿਕਟ ਕਰਵਾ ਕੇ ਦਿੱਤੀ , ਜਿਸ ਤੋਂ ਬਾਅਦ ਉਹ 9 ਅਪ੍ਰੈਲ ਦੀ ਸ਼ਾਮ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਰਿਆ, ਜਿਥੋਂ ਉਨ੍ਹਾਂ ਦੇ ਘਰ ਵਾਲੇ ਉਸ ਨੂੰ ਪਿੰਡ ਲੈ ਆਏ।