ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸੱਤ ਰਾਮ ਉਦਾਸੀ ਮੰਚ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾਃ 26 ਜੂਨ 2024 - ਸੰਤ ਰਾਮ ਉਦਾਸੀ ਸੱਭਿਆਚਾਰਕ ਮੰਚ ਲੁਧਿਆਣਾ ਦੇ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੂਰ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ,ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ,ਮੀਤ ਪ੍ਰਧਾਨ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਤੇ ਉੱਘੇ ਲੇਖਕਾਂ ਮਨਜਿੰਦਰ ਧਨੋਆ, ਡਾ. ਨਿਰਮਲ ਜੌੜਾ, ਸੰਗੀਤ ਦਰਪਨ ਦੇ ਮੁੱਖ ਸੰਪਾਦਕ ਤਰਨਜੀਤ ਸਿੰਘ ਕਿੰਨੜਾ,ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ ਤੇ ਕਰਮਜੀਤ ਸਿੰਘ ਗਰੇਵਾਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਗਸ਼ਰਨ ਸਿੰਘ ਛੀਨਾ ਅਗਾਂਹਵਧੂ ਸੋਚ ਧਾਰਾ ਵਾਲੇ ਸਾਹਿੱਤ ਨੂੰ ਸਮਰਪਿਤ ਸੀ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਦਸ ਬਾਰਾਂ ਸਾਲ ਤੋਂ ਹਰ ਸਾਲ ਲੋਕ ਕਵੀ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਸਮਾਗਮ ਕਰਨ ਦੀ ਪਹਿਲ ਕਦਮੀ ਕੀਤੀ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸਾ ਛੀਨਾ ਦੀ ਇਨਕਲਾਬੀ ਗੁੜ੍ਹਤੀ ਨੂੰ ਉਸ ਲੁਧਿਆਣਾ ਵਿੱਚ ਵੀ ਨਿਭਾਇਆ। 2020-21 ਵਿੱਚ ਲੱਗੇ ਕਿਸਾਨ ਮੋਰਚੇ ਵਿੱਚ ਵੀ ਸੱਭਿਆਚਾਰਕ ਇਨਕਲਾਬੀ ਗੀਤਾਂ ਨਾਲ ਉਸ ਭਰਪੂਰ ਹਿੱਸਾ ਪਾਇਆ। ਕੈਲੇਫੋਰਨੀਆ (ਅਮਰੀਕਾ)ਵੱਸਦੀ ਸੰਤ ਰਾਮ ਉਦਾਸੀ ਜੀ ਦੀ ਸਪੁੱਤਰੀ ਪ੍ਰਿਤਪਾਲ ਕੌਰ ਉਦਾਸੀ ਨੇ ਵੀ ਛੀਨਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਸ. ਜਗਸ਼ਰਨ ਸਿੰਘ ਛੀਨਾ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਆਨੰਦ ਨਗਰ ਹੈਬੋਵਾਲ ਕਲਾਂ ਲੁਧਿਆਣਾ ਵਿਖੇ
2 ਜੁਲਾਈ ਨੂੰ 12 ਤੋਂ 2 ਵਜੇ ਤੱਕ ਹੋਵੇਗੀ।