ਸ਼ਹੀਦ ਗੁਰਪ੍ਰੀਤ ਸਿੰਘ ਦੀ ਪੰਜਵੀਂ ਬਰਸੀ ਮਨਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਜੁਲਾਈ 2024: ਪੰਜ ਸਾਲ ਪਹਿਲਾਂ ਲੇਹ ਵਿੱਚ ਸ਼ਹੀਦ ਹੋਏ ਪਿੰਡ ਧਰਮਗੜ੍ਹ ਦੇ 6ਵੀਂ ਸਿੱਖ ਰੈਜੀਮੈਂਟ ਦੇ ਸਿਪਾਹੀ 24 ਸਾਲਾ ਗੁਰਪ੍ਰੀਤ ਸਿੰਘ ਦੀ ਅੱਜ ਪਿੰਡ ਵਾਸੀਆਂ ਵੱਲੋਂ ਪੰਜਵੀਂ ਬਰਸੀ ਗੁਰਦੁਆਰਾ ਸਹਿਬ ਪਿੰਡ ਧਰਮਗੜ੍ਹ ਵਿਖੇ ਮਨਾਈ ਗਈ, ਜਿਸ ਵਿੱਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਰਸੀ ਵਿੱਚ ਪੁੱਜੀ ਸੰਗਤ ਨੇ ਸ਼ਹੀਦ ਗੁਰਪ੍ਰੀਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੀ ਮਾਲਾ ਪਾ ਕੇ ਸਰਧਾਜ਼ਲੀ ਭੇਂਟ ਕੀਤੀ। ਇਸ ਮੌਕੇ ਸਮਾਜ ਸੇਵੀ ਸਾਹਿਬ ਸਿੰਘ ਧਰਮਗੜ੍ਹ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਦੀ ਬਦੌਲਤ ਹੀ ਅਸੀਂ ਅੱਜ ਆਪਣੇ ਘਰਾਂ ਵਿੱਚ ਰਹਿ ਕੇ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਨ੍ਹਾਂ ਕਿਹਾ ਕਿ ਸ਼ਹੀਦ ਕਦੇ ਮਰਿਆ ਨਹੀਂ ਕਰਦੇ ਤੇ ਉਹ ਹਮੇਸਾ ਅਮਰ ਰਹਿੰਦੇ ਹਨ ਅਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ ਅਤੇ ਪਿੰਡ ਵਾਸੀਆਂ ਨੂੰ ਸ਼ਹੀਦ ਗੁਰਪ੍ਰੀਤ ਸਿੰਘ ’ਤੇ ਮਾਣ ਹੋਣਾ ਚਾਹੀਦਾ ਹੈ, ਜਿਸ ਨੇ ਦੇਸ਼ ਕੌਮ ਲਈ ਆਪਣੀ ਸ਼ਹੀਦੀ ਦਿੱਤੀ। ਬਰਸੀ ’ਤੇ 6ਵੀਂ ਸਿੱਖ ਰੈਜੀਮੈਂਟ ਦੇ ਸੀਓ ਤੇ ਐਸਐਮ ਦੇ ਨਿਰਦੇਸਾਂ ਉਤੇ ਪੁੱਜੇ ਫੌਜੀ ਭਰਾਵਾਂ ਨੇ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਧਰਮਪਾਲ ਸਿੰਘ , ਚਾਚਾ ਰੂਮ ਚੰਦ, ਭਰਾ ਮਨਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ, ਗਿਆਨੀ ਪ੍ਰੀਤਮ ਸਿੰਘ, ਸਰੂਪ ਸਿੰਘ, ਸੁਰਿੰਦਰ ਸਿੰਘ ਧਰਮਗੜ੍ਹ, ਬਲਜੀਤ ਸਿੰਘ, ਬਲਜੀਤ ਸਿੰਘ ਬੱਲੂ, ਸੁਰਜੀਤ ਸਿੰਘ ਲੱਧਾ, ਇੰਦਰਜੀਤ ਸਿੰਘ, ਅਵਜਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਹਰਵਿੰਦਰ ਸਿੰਘ, ਗੁਰਦੇਵ ਸਿੰਘ ਤੇ ਨਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।