ਸੀ-ਪਾਈਟ ਕੈਂਪ ਦਾ ਦਲ ਆਈ.ਆਈ.ਟੀ ਰੋਪੜ ਵਿਖੇ ਡਰੋਨ ਕੋਰਸ ਲਈ ਹੋਇਆ ਰਵਾਨਾ
ਪਟਿਆਲਾ, 15 ਨਵੰਬਰ:
ਪੰਜਾਬ ਸਰਕਾਰ ਦੇ ਅਦਾਰੇ, ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ-ਪਾਈਟ ਕੈਂਪ ਨਾਭਾ ਜ਼ਿਲ੍ਹਾ ਪਟਿਆਲਾ ਵੱਲੋਂ ਆਈ.ਆਈ.ਟੀ ਰੋਪੜ ਵਿਖੇ ਡਰੋਨ ਕੋਰਸ ਲਈ ਯੁਵਕਾਂ ਦਾ ਇੱਕ ਦਲ ਰਵਾਨਾ ਕੀਤਾ ਗਿਆ।
ਕੈਂਪ ਦੇ ਟਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਬਰ੍ਹੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਡਰੋਨ ਟਰੇਨਿੰਗ ਕੋਰਸ ਪੰਜਾਬ ਸਰਕਾਰ ਵੱਲੋਂ ਸੀ ਪਾਈਟ ਕੈਂਪ ਰਾਹੀਂ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਕੈਂਪ ਵਿੱਚ ਜਾਣ-ਆਉਣ ਦਾ ਖਰਚਾ, ਉੱਥੇ ਰਹਿਣ ਤੇ ਖਾਣ- ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੋ ਹਫ਼ਤਿਆਂ ਦੇ ਇਸ ਕੋਰਸ ਦੌਰਾਨ ਡਰੋਨ ਟਰੇਨਿੰਗ ਦੇ ਸਬੰਧੀ ਪੜ੍ਹਾਈ ਅਤੇ ਡਰੋਨ ਨੂੰ ਉੱਪਰ ਉਡਾਉਣ ਦੀ ਪੂਰੀ ਪ੍ਰਕਿਰਿਆ ਸਿਖਲਾਈ ਵਿੱਚ ਸ਼ਾਮਲ ਹੈ। ਇਸ ਕੋਰਸ ਲਈ ਬਾਰਵੀ ਤੱਕ ਦੀ ਪੜ੍ਹਾਈ, ਉਮਰ 18 ਤੋਂ 25 ਸਾਲ ਅਤੇ ਸਰੀਰਕ ਤੌਰ ਤੇ ਫਿੱਟ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਤਰੱਕੀ ਅਨੁਸਾਰ ਨਵੀਂ ਤਕਨੀਕ ਦੇ ਕੋਰਸਾਂ ਦੀ ਬਹੁਤ ਜ਼ਰੂਰਤ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਯਾਦਵਿੰਦਰ ਸਿੰਘ ਟਰੇਨਿੰਗ ਅਫ਼ਸਰ ਨੇ ਇਹ ਵੀ ਦੱਸਿਆ ਕਿ ਸੀ ਪਾਈਟ ਕੈਂਪ ਵਿੱਚ ਐਸਐਸਸੀ (ਜੀਡੀ), ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪੇਪਰ ਅਤੇ ਸਰੀਰਕ ਤਿਆਰੀ ਸ਼ੁਰੂ ਹੈ। ਜਿਨ੍ਹਾਂ ਨੌਜਵਾਨਾਂ ਨੇ ਇਹਨਾਂ ਅਸਾਮੀਆਂ ਲਈ ਫਾਰਮ ਭਰੇ ਹੋਏ ਹਨ ,ਉਹ ਜਲਦੀ ਤੋਂ ਜਲਦੀ ਕੈਂਪ ਵਿੱਚ ਆ ਕੇ ਤਿਆਰੀ ਸ਼ੁਰੂ ਕਰ ਸਕਦੇ ਹਨ। ਇਹ ਤਿਆਰੀ ਬਿਲਕੁਲ ਮੁਫ਼ਤ ਹੈ ਇਸ ਦਾ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨ ਲਾਭ ਉਠਾਉਣ।