ਆਈਸਕ੍ਰੀਮ 'ਚੋਂ ਮਿਲੀ ਕੱਟੀ ਹੋਈ ਉਂਗਲੀ ਦੇਖ ਕੇ ਬੇਹੋਸ਼ ਔਰਤ, ਪੜ੍ਹੋ ਪੂਰਾ ਮਾਮਲਾ
ਮੁੰਬਈ, 13 ਜੂਨ 2024 -ਮੁੰਬਈ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਆਈਸਕ੍ਰੀਮ 'ਚ ਕੱਟੀ ਹੋਈ ਉਂਗਲੀ ਨੂੰ ਦੇਖ ਕੇ ਔਰਤ ਚੀਕਣ ਲੱਗੀ ਅਤੇ ਬੇਹੋਸ਼ ਹੋ ਗਈ। ਇਹ ਘਟਨਾ ਮੁੰਬਈ ਦੇ ਮਲਾਡ ਇਲਾਕੇ ਦੀ ਹੈ। ਮਹਿਲਾ ਨੇ ਆਨਲਾਈਨ ਆਈਸਕ੍ਰੀਮ ਆਰਡਰ ਕੀਤੀ ਸੀ, ਪਰ ਜਿਵੇਂ ਹੀ ਉਸਨੇ ਇਸਨੂੰ ਖਾਣਾ ਸ਼ੁਰੂ ਕੀਤਾ ਤਾਂ ਉਸਦੇ ਸਾਹਮਣੇ ਇੱਕ ਕੱਟੀ ਹੋਈ ਉਂਗਲੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਉਹ ਰੌਲਾ ਪਾਉਣ ਲੱਗੀ ਤੇ ਬੇਹੋਸ਼ ਹੋ ਗਈ।
ਪਰਿਵਾਰ ਵਾਲਿਆਂ ਨੇ ਔਰਤ ਨੂੰ ਸੰਭਾਲਿਆ ਅਤੇ ਉਹ ਮਲਾਡ ਥਾਣੇ ਪਹੁੰਚੇ। ਪੁਲੀਸ ਨੇ ਲਿਖਤੀ ਸ਼ਿਕਾਇਤ ਲੈ ਕੇ ਯੈਮੋ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਈਸਕ੍ਰੀਮ ਅਤੇ ਇਸ ਵਿੱਚ ਮਿਲੇ ਮਨੁੱਖੀ ਸਰੀਰ ਦੇ ਅੰਗਾਂ ਨੂੰ ਜਾਂਚ ਲਈ ਐਫਐਸਐਲ (ਫੋਰੈਂਸਿਕ) ਵਿਭਾਗ ਨੂੰ ਭੇਜਿਆ ਗਿਆ ਹੈ। ਮੁੰਬਈ ਮਲਾਡ ਪੁਲਿਸ ਨੇ ਧਾਰਾ 272, 273 ਅਤੇ 336 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਕੀ ਹੈ ਔਰਤ ਦਾ ਦਾਅਵਾ?
ਪੁਲਸ ਮੁਤਾਬਕ ਓਰਲੇਮ ਦੇ ਰਹਿਣ ਵਾਲੀ ਬ੍ਰੈਂਡਨ ਸੇਰਾਓ (27) ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਬੁੱਧਵਾਰ ਨੂੰ ਆਨਲਾਈਨ ਡਿਲੀਵਰੀ ਐਪ ਤੋਂ ਆਈਸਕ੍ਰੀਮ ਆਰਡਰ ਕੀਤੀ ਸੀ। ਆਈਸਕ੍ਰੀਮ ਆਈ ਅਤੇ ਉਹ ਇਸਨੂੰ ਖਾਣ ਲੱਗ ਪਈ। ਉਹ ਅੱਧੇ ਤੋਂ ਵੱਧ ਆਈਸਕ੍ਰੀਮ ਖਾ ਚੁੱਕੀ ਸੀ ਜਦੋਂ ਅਚਾਨਕ ਉਸ ਦੇ ਮੂੰਹ ਵਿੱਚ ਕੋਈ ਚੀਜ਼ ਆ ਗਈ, ਜੋ ਅਜੀਬ ਮਹਿਸੂਸ ਹੋਈ। ਉਸਨੇ ਦੇਖਿਆ ਕਿ ਇਹ ਲਗਭਗ 2 ਸੈਂਟੀਮੀਟਰ ਲੰਬੀ ਮਨੁੱਖੀ ਉਂਗਲੀ ਸੀ।
ਇਹ ਦੇਖ ਕੇ ਉਹ ਚੀਕ ਪਈ ਅਤੇ ਉਸਨੂੰ ਚੱਕਰ ਆਇਆ। ਪਤੀ ਨੇ ਉਸਨੂੰ ਸੰਭਾਲਿਆ ਅਤੇ ਆਈਸਕ੍ਰੀਮ ਲੈ ਕੇ ਥਾਣੇ ਪਹੁੰਚ ਗਿਆ। ਉਸਨੇ ਮਾਮਲੇ ਦੀ ਸੂਚਨਾ ਮਲਾਡ ਪੁਲਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿਅਕਤੀ ਤੋਂ ਆਈਸਕ੍ਰੀਮ ਮੰਗਵਾਈ ਗਈ ਸੀ, ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।