ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖਣ ਲਈ ਬਣਾਓ ਆਭਾ ਅਕਾਊਂਟ: ਸਿਵਲ ਸਰਜਨ ਫਾਜ਼ਿਲਕਾ
ਫਾਜ਼ਿਲਕਾ 4 ਨਵੰਬਰ 2024 - ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਾਜਿਲਕਾ ਦੀ ਦੇਖ ਰੇਖ ਵਿੱਚ ਜਿਲ੍ਹੇ ਵਿੱਚ ਆਭਾ (ਆਯੁਸ਼ਮਾਨ ਭਾਰਤ ਹੈਲਥ ਅਕਾਉਂਟ) ਅਕਾਊਂਟ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਾਰਜ਼ ਕਾਰੀ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਇਹ ਸਰਕਾਰ ਦਾ ਇੱਕ ਅਹਿਮ ਪ੍ਰੋਜੈਕਟ ਹੈ, ਜਿਸ ਦੇ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਜਨਰੇਟ ਕਰਕੇ ਆਪਣਾ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ। ਆਭਾ ਅਕਾਊ਼ਟ ਦੀ ਮੱਦਦ ਨਾਲ ਇੱਕ ਪਲੇਟਫਾਰਮ ਤੇ ਲਾਭਪਾਤਰੀ ਦੀਆਂ ਸਾਰੀਆਂ ਸਿਹਤ ਜਾਂਚ ਰਿਪੋਰਟਾਂ, ਮੈਡੀਕਲ ਰਿਕਾਰਡ ਅਤੇ ਇਲਾਜ ਤੱਕ ਪੂਰੀ ਪਹੁੰਚ ਪ੍ਰਾਪਤ ਹੋਵੇਗੀ। ਆਭਾ ਕਾਰਡ ਵਿੱਚ ਇੱਕ ਵਿਲੱਖਣ 14 ਅੰਕਾਂ ਵਾਲਾ ਪਛਾਣ ਨੰਬਰ ਹੈ।
ਉਹਨਾਂ ਦੱਸਿਆ ਕਿ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੇ ਜਾ ਕੇ ਆਭਾ ਐਪ ਨੂੰ ਡਾਊਨਲੋਡ ਕਰਕੇ ਆਪਣਾ ਅਕਾਊਂਟ ਬਣਾ ਕੇ ਇਸ ਵਿੱਚ ਆਪਣੀਆਂ ਸਾਰੀਆਂ ਰਿਪੋਰਟਾਂ ਅਤੇ ਹੋਰ ਸਿਹਤ ਰਿਕਾਰਡ ਨੂੰ ਇਕੱਤਰ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਕਿਸੇ ਵੀ ਡਾਕਟਰ ਕੋਲ ਜਾ ਕੇ ਆਪਣਾ ਅਕਾਊਂਟ ਨੰਬਰ ਦੱਸ ਕੇ ਆਪਣੀ ਹੈਲਥ ਦਾ ਚੈਕਅੱਪ ਕਰਵਾਇਆ ਜਾ ਸਕਦਾ ਹੈ। ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਆਪਣਾ ਸਿਹਤ ਰਿਕਾਰਡ ਘਰ ਵਿੱਚ ਆਫ ਲਾਈਨ ਰੱਖਣ ਦੀ ਜਰੂਰਤ ਨਹੀਂ ਹੋਵੇਗੀ, ਬਲਕਿ ਡਿਜੀਟਲ ਰੱਖਿਆ ਜਾ ਸਕਦਾ ਹੈ। ਉਹਨਾਂ ਸਿਹਤ ਵਿਭਾਗ ਦੇ ਸਟਾਫ਼ ਨੂੰ ਵੀ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਆਭਾ ਅਕਾਊਂਟ ਬਨਾਉਣ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਆਭਾ ਅਕਾਊਂਟ ਦੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾਈ ਜਾਵੇ।