Special Story: ਪਰਾਲੀ ਦੀ ਅੱਗ ’ਚ ਮੱਚੀ ਰੁੱਖ ਕੱਟਣ ਤੇ ਸਨਅਤੀ ਪ੍ਰਦੂਸ਼ਣ ਕਾਰਨ ਬਣੀ ਧੁੰਦ ਦੀ ਚਾਦਰ
ਅਸ਼ੋਕ ਵਰਮਾ
ਬਠਿੰਡਾ,13 ਨਵੰਬਰ 2024: ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਉਪਰੰਤ ਪੈਦਾ ਹੋਈ ਸਥਿਤੀ ਨੂੰ ਨਿੰਦਣ ਲਈ ਕੀਤੇ ਜਾ ਰਹੇ ਸ਼ੋਰ ਸ਼ਰਾਬੇ ਦੌਰਾਨ ਰੁੱਖਾਂ ਦੀ ਕਟਾਈ ਕਾਰਨ ਬਣੇ ਪ੍ਰਦੂਸ਼ਣ ਦੇ ਪਹਾੜ ਦਾ ਮੁੱਦਾ ਇੱਕ ਤਰਾਂ ਨਾਲ ਗਾਇਬ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅੰਨਦਾਤਾ ਨੂੰ ਭੰਡਣ ਜਾਂ ਫਿਰ ਨਸੀਹਤਾਂ ਦੇਣ ਵਾਲੀਆਂ ਧਿਰਾਂ ਇਸ ਇੱਕ ਮਹੀਨੇ ਦੌਰਾਨ ਖੁੰਬਾਂ ਵਾਂਗ ਉੱਗ ਆਉਂਦੀਆਂ ਹਨ ਪਰ ਬਾਕੀ ਦੇ 11 ਮਹੀਨਿਆਂ ’ਚ ਸਨਅਤਾਂ ਵੱਲੋਂ ਮਹੌਲ ਨੂੰ ਦੂਸ਼ਿਤ ਕਰਨ ਦੀ ਕੋਈ ਗੱਲ ਨਹੀਂ ਕਰਦਾ ਹੈ। ਇਹ ਬਿਲਕੁਲ ਸਹੀ ਹੈ ਕਿ ਝੋਨੇ ਦੀ ਪਰਾਲੀ ਕਾਰਨ ਵਾਤਾਵਰਨ ’ਚ ਬੇਹੱਦ ਵਿਗਾੜ ਆਉਂਦਾ ਹੈ ਪਰ ਬਾਕੀ ਸਾਲ ਵੱਲ ਝਾਤੀ ਮਾਰਨੀ ਵੀ ਲਾਜਮੀ ਹੈ। ਇਸ ਵਕਤ ਵੀ ਕੋਈ ਦਿਨ ਨਹੀਂ ਲੰਘਦਾ ਜਦੋਂ ਟੀਵੀ ਚੈਨਲਾਂ ਅਤੇ ਹੋਰਨਾਂ ਸੰਚਾਰ ਮਾਧਿਅਮਾ ਰਾਹੀਂ ਵਾਤਾਵਰਨ ’ਚ ਆਏ ਵਿਗਾੜ ਦੀ ਗੱਲ ਤਾਂ ਹੁੰਦੀ ਹੈ ਪ੍ਰੰਤੂ ਬਾਕੀ ਕਾਰਨਾਂ ਬਾਰੇ ਚੁੱਪ ਵੱਟੀ ਹੋਈ ਹੈ।
ਵਾਤਾਵਰਨ ਪੱਖੀ ਆਖਦੇ ਹਨ ਕਿ ਹੁਣ ਹਰ ਤਰਾਂ ਦੇ ਪ੍ਰਦੂਸ਼ਣ ਤੇ ਰੋਕ ਲਾਉਣ ਦਾ ਵਕਤ ਆ ਗਿਆ ਹੈ। ਜੇਕਰ ਹੁਣ ਵੀ ਇਹੋ ਅਮਲ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਮਨੁੱਖੀ ਜਿੰਦਗੀ ਲਈ ਭਿਆਨਕ ਹੋਣਾ ਤੈਅ ਹੈ। ਤੱਥ ਗਵਾਹ ਹਨ ਕਿ ਪੱਛਮੀਂ ਤਰਜ਼ ਦੇ ‘ ਕਥਿਤ ਵਿਕਾਸ’ ਨੇ ਹਰਿਆਲੀ ਦਾ ‘ਸੱਤਿਆਨਾਸ’ ਕੀਤਾ ਹੈ । ਮਾਲਵਾ ਪੱਟੀ ਨੂੰ ਤਾਂ ਇਸ ਮਾਮਲੇ ’ਚ ਵੱਡੀ ਸੱਟ ਵੱਜੀ ਹੈ ਜਿੱਥੇ ਪਹਿਲਾਂ ਵੀ ਹਰਿਆਲੀ ਦੀ ਤੋਟ ਸੀ ਅਤੇ ਲੱਖਾਂ ਦੀ ਗਿਣਤੀ ’ਚ ਰੁੱਖਾਂ ਦੀ ਕਟਾਈ ਹੋਣ ਕਾਰਨ ਧਰਤੀ ਗੰਜੀ ਹੋ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਨਵੇਂ ਦਰਖਤ ਵੀ ਓਨੀ ਮਾਤਰਾ ’ਚ ਲਾਏ ਨਹੀਂ ਗਏ ਹਨ। ਰਤਾ ਪਿਛਾਂਹ ਨੂੰ ਚੱਲਦੇ ਹਾਂ ਜਦੋਂ ਬਠਿੰਡਾ ਤਰੱਕੀ ਦੀ ਰਾਹ ਤੁਰਿਆ ਤਾਂ ਇਸ ਦੀ ਕੀਮਤ ਹਰੀ ਪੱਟੀ ਤਬਾਹ ਹੋਣ ਦੇ ਰੂਪ ’ਚ ਚੁਕਾਉਣੀ ਪਈ। ਮਾਲਵੇ ਦਾ ਲੇਖਾ ਜੋਖਾ ਕਰੀਏ ਤਾਂ ‘ਹਰਾ ਭਰਾ ਪੰਜਾਬ’ ਦੇ ਬੋਰਡ ਤਾਂ ਨਜ਼ਰ ਪੈਂਦੇ ਹਨ ਪਰ ਹਰਿਆਲੀ ਨਹੀਂ।
ਇਸ ਖਿੱਤੇ ’ਚ ਹਰਿਆਲੀ ਨੂੰ ਬਠਿੰਡਾ ਪਟਿਆਲਾ ਸੜਕ ਨੇ ਜੰਗਲਾਤ ਵਿਭਾਗ ਦੀ ਹਰੀ ਪੱਟੀ ਨੂੰ ਵੱਡਾ ਖੋਰਾ ਲਾਇਆ ਹੈ ਜੋ ਕਿ ਸੁਰੱਖਿਅਤ ਜੰਗਲ ਐਲਾਨਿਆ ਗਿਆ ਸੀ। ਇਸ ਸੜਕ ਨੂੰ ਚੌੜੀ ਕਰਨ ਲਈ ਗ਼ੈਰ ਜੰਗਲਾਤ ਰਕਬਾ ਅਤੇ ਕਿਸਾਨਾਂ ਦੇ ਖੇਤਾਂ ਵਿਚਲੇ ਦਰਖ਼ਤ ਵੀ ਕੱਟੇ ਗਏ ਹਨ। ਬਠਿੰਡਾ ਅੰਮ੍ਰਿਤਸਰ ਅਤੇ ਬਠਿੰਡਾ ਅਬੋਹਰ ਸੜਕਾਂ ਚੌੜੀਆਂ ਕਰਨ ਵੇਲੇ ਵੀ ਦਰਖਤਾਂ ਦਾ ਉਜਾੜਾ ਹੋਇਆ ਹੈ। ਏਦਾਂ ਹੀ ਬਠਿੰਡਾ-ਅੰਮ੍ਰਿਤਸਰ ਸੜਕ ਨੂੰ ਚਹੁੰ ਮਾਰਗੀ ਬਣਾਉਣ ਲਈ ਹਜ਼ਾਰਾਂ ਦਰਖਤ ਕੱਟਣੇ ਪਏ ਹਨ। ਬਠਿੰਡਾ ਡੱਬਵਾਲੀ ਸੜਕ ਤੇ ਵੀ ਰੁੱਖਾਂ ਤੇ ਕੁਹਾੜਾ ਚੱਲਿਆ ਹੈ। ਬਠਿੰਡਾ-ਬਾਦਲ ਸੜਕ ਮਾਰਗ ‘ਤੇ ਵੱਡੇ ਅਤੇ ਭਾਰੀ ਦਰਖ਼ਤ ਵੀ ਕਟਾਈ ਤੋਂ ਨਹੀਂ ਬਚ ਸਕੇ ਹਨ। ਇਸ ਤੋਂ ਇਲਾਵਾ ਹੋਰ ਸੜਕਾਂ ਚੌੜੀਆਂ ਕਰਨ ਕਰਕੇ ਵੀ ਜੰਗਲਾਤ ਪੱਟੀ ਨੂੰ ਨੁਕਸਾਨ ਪੁੱਜਿਆ ਹੈ। ਮਾਲਵੇ ’ਚ ਬਣੀਆਂ ਅਤੇ ਬਣ ਰਹੀਆਂ ਨਵੀਂਆਂ ਰਿਹਾਇਸ਼ੀ ਕਲੋਨੀਆਂ ਅਤੇ ਸਨਅਤੀ ਪ੍ਰਜੈਕਟਾਂ ਨੇ ਹਰੀ ਪੱਟੀ ‘ਤੇ ਦਾਗ ਪਾਉਣ ’ਚ ਕਸਰ ਨਹੀਂ ਛੱਡੀ ਹੈ।
ਸੂਤਰਾਂ ਮੁਤਾਬਕ ਵਿਕਾਸ ਨੇ ਸੱਤ ਕਰੋੜ ਤੋਂ ਜਿਆਦਾ ਦਰਖਤਾਂ ਦੀ ਬਲੀ ਲੈ ਲਈ ਹੈ। ਵੇਰਵਿਆਂ ਅਨੁਸਾਰ ਪੰਜਾਬ ਹੁਣ ਦਰਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਮੁਲਕ ਚੋਂ ਪੰਜਵੇਂ ਨੰਬਰ ‘ਤੇ ਹੈ ਜਦੋਂਕਿ ਉੱਤਰੀ ਭਾਰਤ ’ਚੋਂ ਪੰਜਾਬ ਪਹਿਲਾ ਨੰਬਰ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਪੰਜਵਾਂ ਅਜਿਹਾ ਸੂਬਾ ਹੈ ਜਿਥੇ ਸਭ ਤੋਂ ਵੱਧ ਹਰਿਆਲੀ ਕੰਕਰੀਟ ਵਿੱਚ ਤਬਦੀਲ ਹੋਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇਹ ਕਟਾਈ ਕੇਂਦਰ ਸਰਕਾਰ ਤੋਂ ਅਗਾਊਂ ਪ੍ਰਵਾਨਗੀ ਲੈਣ ਮਗਰੋਂ ਹੋਈ ਹੈ ਅਤੇ ਦੋ ਨੰਬਰ ਵਿੱਚ ਹੁੰਦੀ ਕਟਾਈ ਵੱਖਰੀ ਹੈ। ਇਹ ਉਸ ਵਕਤ ਹੋਇਆ ਜਦੋਂ ਹਰ ਕੋਈ ਜਾਣਦਾ ਹੈ ਕਿ ਦਰਖਤ ਕਾਰਬਨ ਡਾਇਆਕਸਾਈਡ ਖਿੱਚ ਕੇ ਆਕਸੀਜ਼ਨ ਛੱਡਦੇ ਹਨ ਜੋ ਮਨੱੁਖਤਾ ਲਈ ਨਿਆਮਤ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਰੂਰਤ ਪੈਣ ਤੇ ਜਿੰਨੇ ਵੀ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਹੈ ਉਸੇ ਅਨੁਪਾਤ ’ਚ ਨਵੇਂ ਲਾਏ ਵੀ ਜਾਂਦੇ ਹਨ। ਇਸ ਦਲੀਲ ਦੀ ਰੌਸ਼ਨੀ ’ਚ ਜਾਈਏ ਤਾਂ ਸਵਾਲਾਂ ਦਾ ਸਵਾਲ ਹੈ ਕਿ ਫਿਰ ਪੰਜਾਬ ਹਰਿਆ ਭਰਿਆ ਕਿਉਂ ਨਹੀਂ ਹੋ ਰਿਹਾ ਹੈ।
ਗੰਭੀਰਤਾ ਨਾਲ ਲਿਆ ਜਾਏ ਮੁੱਦਾ
ਸੁਪਰੀਮ ਕੋਰਟ ਦੇ ਵਕੀਲ ਅਤੇ ਵਾਤਾਵਰਨ ਪ੍ਰੇਮੀ ਐਡਵੋਕੇਟ ਅਮਰਵੀਰ ਸਿੰਘ ਭੁੱਲਰ ਮੰਡੀ ਕਲਾਂ ਵਾਲਿਆਂ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਪਰਾਲੀ ਦਾ ਪ੍ਰਦੂਸ਼ਣ ਅਹਿਮ ਮੁੱਦਾ ਹੈ ਪਰ ਰੁੱਖਾਂ ਦੀ ਕਟਾਈ ਕਾਰਨ ਗੰਧਲੇ ਹੋਏ ਵਾਤਾਵਰਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹ ਕਿ ਵੱਡਾ ਰਕਬਾ ਮੈਦਾਨੀ ਹੋਣ ਦੇ ਬਾਵਜੂਦ ਪੰਜਾਬ ਵਾਤਾਵਰਨ ਅਤੇ ਜੰਗਲਾਂ ਦੀ ਸਾਂਭ ਸੰਭਾਲ ’ਚ ਮੁਲਕ ਦੇ ਮੋਹਰੀ ਸੂਬਿਆਂ ’ਚ ਸ਼ੁਮਾਰ ਹੁੰਦਾ ਸੀ ਪਰ ਪਿਛਲੇ ਕੱੁਝ ਸਾਲਾਂ ਦੌਰਾਨ ਵਿਕਾਸ ਅਤੇ ਹਕੂਮਤਾਂ ਦੀ ਸਰਕਾਰੀ ਬੇਰੁਖੀ ਨੇ ਹਰਿਆਲੀ ਨੂੰ ਖੋਰਾ ਲਾਇਆ ਹੈ।
ਕਿਸਾਨਾਂ ਦੀ ਬਾਂਹ ਫੜ੍ਹਨ ਸਰਕਾਰਾਂ
ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪਰਾਲੀ ਮਾਮਲੇ ਤੇ ਸਰਕਾਰਾਂ ਕਿਸਾਨਾਂ ਦੀ ਬਾਂਹ ਫੜ੍ਹਨ ਤਾਂ ਅੱਗ ਲਾਉਣ ਦੀ ਨੌਬਤ ਹੀ ਨਹੀਂ ਆਏਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਸੀਹਤ ਦੇਣ ਵਾਲਿਆਂ ਨੂੰ ਸਨਅਤੀ ਪ੍ਰਦੂਸ਼ਣ ਤੇ ਰੋਕ ਲਾਉਣ ਦੀ ਮੰਗ ਵੀ ਕਰਨੀ ਚਾਹੀਦੀ ਹੈ ਜੋ ਕਿ ਪੂਰੇ ਸਾਲ ਦਾ ਭਖਦਾ ਮੁੱਦਾ ਹੈ।