ਅਣ-ਅਧਿਕਾਰਤ ਤੌਰ 'ਤੇ ਡੀ.ਏ.ਪੀ ਖ਼ਾਦ ਸਟੋਰ ਕਰਕੇ ਵੱਧ ਮੁੱਲ 'ਤੇ ਵੇਚਣ ਵਾਲੇ ਖ਼ਿਲਾਫ਼ ਪਰਚਾ ਦਰਜ
- ਖੇਤੀਬਾੜੀ ਵਿਭਾਗ ਦੀ ਟੀਮ ਨੇ ਡੀ. ਏ. ਪੀ ਖ਼ਾਦ ਦੇ 23 ਬੈਗ ਕੀਤੇ ਜ਼ਬਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਨਵੰਬਰ ,2024 - ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਕੁਮਾਰ ਕੰਬੋਜ ਦੀ ਅਗਵਾਈ ਹੇਠ ਖਾਦਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਅਤੇ ਕਿਸਾਨਾਂ ਨੂੰ ਮਿਆਰੀ ਖਾਦਾਂ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਕਿਸਾਨਾਂ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਖੇਤੀਬਾੜੀ ਅਫ਼ਸਰ ਔੜ ਡਾ. ਲੇਖ ਰਾਜ, ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਸ਼ਹੀਦ ਭਗਤ ਸਿੰਘ ਨਗਰ ਡਾ. ਵਿਜੈ ਮਹੇਸ਼ੀ, ਖੇਤੀਬਾੜੀ ਵਿਕਾਸ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਜਸਵਿੰਦਰ ਕੁਮਾਰ, ਖੇਤੀਬਾੜੀ ਵਿਸਥਾਰ ਅਫਸਰ ਦੀਪਕ ਕੁਮਾਰ, ਸਬ ਇੰਸਪੈਕਟਰ ਬਲਵੀਰ ਰਾਮ ਅਤੇ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦੀ ਟੀਮ ਵੱਲੋਂ ਹਰਕਿਰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਉੜਾਪੜ ਦੇ ਘਰ ਵਿਚੋਂ ਅਣ-ਅਧਿਕਾਰਤ ਤੌਰ 'ਤੇ ਡੀ. ਏ. ਪੀ ਖਾਦ ਸਟੋਰ ਕਰਕੇ ਕਿਸਾਨਾਂ ਨੂੰ ਵੱਧ ਮੁੱਲ 'ਤੇ ਵਿਕਰੀ ਕਰਨ ਤਹਿਤ ਥਾਣਾ ਔੜ ਵਿਖੇ ਖ਼ਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਉਲੰਘਣਾ ਤਹਿਤ ਐਫ. ਆਈ. ਆਰ ਨੰ: 92 ਦਰਜ ਕਰਵਾਈ ਗਈ। ਟੀਮ ਵੱਲੋਂ ਮੌਕੇ 'ਤੇ ਪਾਈ ਗਈ ਡੀ. ਏ. ਪੀ ਖਾਦ ਦੇ 23 ਬੈਗ ਨਿਰਮਾਤਾ ਕੰਪਨੀ ਆਈ. ਪੀ. ਐਲ ਅੰਨਾਸਿਲਾਈ ਚੇਨਈ ਵਿਚੋਂ ਸੈਂਪਲ ਭਰ ਕੇ ਜ਼ਬਤ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਅੰਜੂ ਸਾਗਰ, ਏ. ਟੀ. ਐਮ ਜਸਵਿੰਦਰ ਸਿੰਘ ਤੇ ਲਖਵਿੰਦਰ ਸਿੰਘ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਸੰਧੂ, ਕੇਵਲ ਸਿੰਘ ਤੇ ਸ਼ਲਿੰਦਰ ਸਿੰਘ ਵੀ ਹਾਜ਼ਰ ਸਨ।