Babushahi Exclusive: ਤੱਕੜੀ ਚੋਂ ਵੱਟੇ ਕੱਢਣ ਦੇ ਪੈਂਤੜੇ ਤੋਂ ਚਿੰਤਾ ’ਚ ਝਾੜੂ ਤੇ ਪੰਜਾ
ਅਸ਼ੋਕ ਵਰਮਾ
ਚੰਡੀਗੜ੍ਹ,4 ਨਵੰਬਰ 2024: ਕੀ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਹਵਾ ਦਾ ਰੁੱਖ ਤੈਅ ਕੀਤਾ ਜਾਏਗਾ ਜਿਸ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਹੀਂ ਹਨ। ਸਿਆਸੀ ਹਲਕਿਆਂ ’ਚ ਚੱਲ ਰਹੀ ਚੁੰਝ ਚਰਚਾ ਨੂੰ ਸੱਚ ਜਾਣੀਏ ਤਾਂ ਜਿਮਨੀ ਚੋਣਾਂ ਦੌਰਾਨ ਅਕਾਲੀ ਵੋਟ ਬੈਂਕ ਦੀ ਕਾਫੀ ਅਹਿਮੀਅਤ ਰਹਿਣ ਜਾ ਰਹੀ ਹੈ । ਸਿਆਸੀ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਤੋਂ ਲਾਂਭੇ ਰਹਿਣ ਦੇ ਚੱਲੇ ਪੱਤੇ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਫਿਕਰਾਂ ’ਚ ਡੋਬ ਕੇ ਰੱਖ ਦਿੱਤਾ ਹੈ। ਤਿੰਨਾਂ ਹਲਕੇ ਤਾਂ ਅਜਿਹੇ ਹਨ ਜਿੰਨ੍ਹਾਂ ’ਚ ਅਕਾਲੀ ਉਮੀਦਵਾਰ ਨਾਂ ਹੋਣ ਕਾਰਨ ਅਕਾਲੀ ਵੋਟ ਬੈਂਕ ਨੂੰ ਆਪਣੇ ਪੱਖ ’ਚ ਕਰਨ ਲਈ ਭਾਵੇਂ ਅੱਡੀ ਚੋਟੀ ਦਾ ਜੋਰ ਲਾਉਣਾ ਪਵੇਗਾ ਪਰ ਜੇ ਸਫਲਤਾ ਮਿਲ ਗਈ ਤਾਂ ਭਾਜਪਾ ਲਈ ਸਿਆਸੀ ਚਮਤਕਾਰ ਹੋ ਸਕਦਾ ਹੈ।
ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਇਹੋ ਚਿੰਤਾ ਵੱਢ ਵੱਢ ਖਾ ਰਹੀ ਹੈ ਕਿ ਅਕਾਲੀ ਦਲ ਨਾਲ ਜੁੜੇ ਵੋਟਰਾਂ ਦਾ ਫੈਸਲਾ ਭਾਰਤੀ ਜੰਤਾ ਪਾਰਟੀ ਦੇ ਹੱਕ ’ਚ ਆ ਸਕਦਾ ਹੈ। ਆਪਰੇਸ਼ਨ ਬਲਿਊ ਸਟਾਰ ਅਤੇ ਪਿਛੋਕੜ ’ਚ ਵਾਪਰੀਆਂ ਘਟਨਾਵਾਂ ਦੀ ਰੌਸ਼ਨੀ ’ਚ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅਕਾਲੀ ਦਲ ਦੀਆਂ ਵੋਟਾਂ ਕਾਂਗਰਸ ਨੂੰ ਤਾਂ ਕਿਸੇ ਵੀ ਕੀਮਤ ਤੇ ਨਹੀਂ ਪੈਂਦੀਆਂ ਹਨ। ਇਸ ਤਰਾਂ ਹੀ ਆਮ ਆਦਮੀ ਪਾਰਟੀ ਨੂੰ ਵੀ ਕਿਸੇ ਹੱਦ ਤੱਕ ਇਸ ਦੀ ਉਮੀਦ ਦਿਖਾਈ ਨਹੀਂ ਦਿੰਦੀ ਪਰ ਆਖਰੀ ਵੇਲੇ ਕੋਈ ਕ੍ਰਿਸ਼ਮਾ ਹੋ ਜਾਏ ਤਾਂ ਕੁੱਝ ਕਿਹਾ ਵੀ ਨਹੀਂ ਜਾ ਸਕਦਾ ਹੈ। ਫਿਕਰ ਭਾਜਪਾ ਨੂੰ ਵੀ ਹੈ ਪਰ ਓਨਾਂ ਨਹੀਂ ਜਿਨ੍ਹਾਂ ਕਾਂਗਰਸ ਤੇ ਆਪ ਨੂੰ ਹੈ । ਅਕਾਲੀ ਦਲ ਦੀਆਂ ਵੋਟਾਂ ਭਾਜਪਾ ਨੂੰ ਪੈਣ ਦਾ ਕਾਰਨ ਦੋਵਾਂ ਧਿਰਾਂ ਵਿਚਕਾਰ ਲੰਮਾਂ ਸਮਾਂ ਗੱਠਜੋੜ ਅਤੇ ਇੱਕ ਦੂਜੇ ਦੀ ਜਾਣਕਾਰੀ ਹੋਣਾ ਹੈ।
ਇਸ ਮਾਮਲੇ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਭਾਜਪਾ ਨੇ ਤਿੰਨ ਹਲਕਿਆਂ ’ਚ ਅਜਿਹੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਹੈ ਜੋ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਸਨ। ਇੰਨ੍ਹਾਂ ’ਚ ਗਿੱਦੜਬਾਹਾ ’ਚ ਮਨਪ੍ਰੀਤ ਸਿੰਘ ਬਾਦਲ,ਚੱਬੇਵਾਲ ’ਚ ਸੋਹਣ ਸਿੰਘ ਠੰਢਲ ਅਤੇ ਡੇਰਾ ਬਾਬਾ ਨਾਨਕ ’ਚ ਰਵੀਕਰਨ ਸਿੰਘ ਕਾਹਲੋਂ ਸ਼ਾਮਲ ਹਨ । ਪਤਾ ਲੱਗਿਆ ਹੈ ਕਿ ਭਾਜਪਾ ਦੇ ਇੰਨ੍ਹਾਂ ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਅੱਜ ਵੀ ਨੇੜਤਾ ਬਣਾਈ ਹੋਈ ਹੈ। ਭਾਜਪਾ ਦੇ ਉਮੀਦਵਾਰਾਂ ਚੋਂ ਮਨਪ੍ਰੀਤ ਸਿੰਘ ਬਾਦਲ ਤਾਂ ਅਜਿਹੇ ਹਨ ਜਿੰਨ੍ਹਾਂ ਨੇ ਤਾਂ ਗਿੱਦੜਬਾਹਾ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ 4 ਵਾਰੀ ਜਿੱਤ ਪ੍ਰਾਪਤ ਕੀਤੀ ਸੀ। ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਛੱਡਿਆਂ ਭਾਵੇਂ ਦੋ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਨੇ ਅਕਾਲੀ ਵਰਕਰਾਂ ਨਾਲ ਰਾਬਤਾ ਟੁੱਟਿਆ ਨਹੀਂ ਹੈ।
ਇਸੇ ਤਰਾਂ ਡੇਰਾ ਬਾਬਾ ਨਾਨਕ ਹਲਕੇ ਤੋਂ ਰਵੀਕਰਨ ਸਿੰਘ ਕਾਹਲੋਂ ਦੇ ਪਿਤਾ ਨਿਰਮਲ ਸਿੰਘ ਕਾਹਲੋਂ ਦਾ ਅਕਾਲੀ ਦਲ ’ਚ ਰੁਤਬਾ ਕਾਫੀ ਉੱਚਾ ਰਿਹਾ ਹੈ। ਸ੍ਰੀ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਮੰਤਰੀ ਵੀ ਰਹੇ ਹਨ।ਜਿਮਨੀ ਚੋਣ ਲਈ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਸਥਿਤੀ ਬੇਹੱਦ ਰੌਚਕ ਹੈ ਜਿੱਥੋਂ ਦੇ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਢਲ ਭਾਜਪਾ ਉਮੀਦਵਾਰ ਬਣਨ ਤੋਂ ਤਿੰਨ ਦਿਨ ਪਹਿਲਾਂ ਤੱਕ ਸ਼ੋਮਣੀ ਅਕਾਲੀ ਦਲ ਵਿੱਚ ਸਨ। ਠੰਢਲ ਅਕਾਲੀ ਸਰਕਾਰ ’ਚ ਮੰਤਰੀ ਦੇ ਅਹੁਦੇ ਤੇ ਰਹੇ ਹਨ। ਭਾਰਤੀ ਜੰਤਾ ਪਾਰਟੀ ਲਈ ਦਿੱਕਤ ਸਿਰਫ ਇਸ ਗੱਲ ਦੀ ਹੈ ਕਿ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਪੇਂਡੂ ਹਲਕੇ ਜਿੱਥੇ ਤਿੰਨ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਅਤੇ ਪੇਂਡੂਆਂ ’ਚ ਅੱਜ ਵੀ ਨਰਾਜ਼ਗੀ ਪਹਿਲਾਂ ਵਾਂਗ ਬਣੀ ਹੋਈ ਹੈ ਜਿਸ ’ਚ ਝੋਨੇ ਦੇ ਸੀਜ਼ਨ ਦੌਰਾਨ ਸ਼ੈਲਰਾਂ ਚੋਂ ਚੌਲ ਨਾਂ ਚੁੱਕਣ ਕਾਰਨ ਵਾਧਾ ਹੀ ਹੋਇਆ ਹੈ।
ਬਰਨਾਲਾ ’ਚ ਸਿਆਸੀ ਸਥਿਤੀ ਟੇਢੀ
ਵਿਧਾਨ ਸਭਾ ਹਲਕਾ ਬਰਨਾਲਾ ਅਰਧ ਸ਼ਹਿਰੀ ਹੈ ਜਿੱਥੋਂ ਸਾਬਕਾ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਕੇਵਲ ਢਿੱਲੋਂ ਪਿਛਲੀਆਂ ਦੋ ਚੋਣਾਂ ਲਗਾਤਾਰ ਹਾਰ ਚੁੱਕੇ ਹਨ ਤੇ 2007 ’ਚ ਉਨ੍ਹਾਂ ਜਿੱਤ ਹਾਸਲ ਕੀਤੀ ਸੀ। ਢਿੱਲੋਂ ਦਾ ਹਲਕੇ ’ਚ ਚੰਗਾ ਪ੍ਰਭਾਵ ਹੈ ਅਤੇ ਪੁਰਾਣੇ ਗਠਜੋੜ ਕਾਰਨ ਅਕਾਲੀ ਦਲ ਦਾ ਸਾਥ ਮਿਲਣ ਦੀ ਉਮੀਦ ਲਾਈ ਬੈਠੇ ਹਨ। ਆਪ ਉਮੀਦਵਾਰ ਸਰਕਾਰ ਕਾਰਨ ਹੌਂਸਲੇ ’ਚ ਹੈ ਪਰ ਜਿਲ੍ਹਾ ਪ੍ਰਧਾਨ ਦੀ ਬਗਾਵਤ ਬੇੜੀਆਂ ’ਚ ਵੱਟੇ ਪਾ ਸਕਦੀ ਹੈ। ਅਜਿਹੀਆਂ ਪ੍ਰਸਥਿਤੀਆਂ ਦੌਰਾਨ ਬਰਨਾਲਾ ਹਲਕੇ ’ਚ ਵੀ ਅਕਾਲੀ ਦਲ ਦੀ ਕੱਲੀ ਕੱਲੀ ਵੋਟ ਫੈਸਲਾਕੁੰਨ ਸਾਬਤ ਹੋ ਸਕਦੀ ਹੈ।
ਮਨਪ੍ਰੀਤ ਲਈ ਸਥਿਤੀ ਸੁਖਾਵੀਂ
ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਲਈ ਸਥਿਤੀ ਸੁਖਾਵੀ ਦਿਖਾਈ ਦੇ ਰਹੀ ਹੈ ਜਿਸ ਦਾ ਕਾਰਨ ਉਸ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਭਰਾ ਹੋਣ ਤੋਂ ਇਲਾਵਾ ਚਾਰ ਵਾਰ ਜਿੱਤ ਪ੍ਰਾਪਤ ਕਰਨਾ ਵੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਤੀਜਿਆਂ ’ਚ ਉਲਟਫੇਰ ਹੋਣ ਸਬੰਧੀ ਧੂੜਕੂ ਲੱਗਿਆ ਹੋਇਆ ਹੈ। ਜੇਕਰ ਮਨਪ੍ਰੀਤ ਬਾਦਲ ਅਕਾਲੀ ਵੋਟਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਵਿੱਚ ਸਫਲ ਹੋ ਜਾਂਦਾ ਹੈ ਚੋਣ ਨਤੀਜਾ ਭਾਜਪਾ ਦੇ ਪੱਖ ’ਚ ਜਾਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।