ਮੀਡੀਆ ਦੇ ਵਿਸ਼ੇ ਦੀ ਪੜਾਈ ਹੁਨਰ ਵਿਕਾਸ ਵਿੱਚ ਸਭ ਤੋਂ ਅੱਗੇ, ਤਸੱਲੀਬਖਸ਼ ਨਤੀਜੇ ਤੁਰੰਤ ਪ੍ਰਾਪਤ ਹੁੰਦੇ ਹਨ: ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ
- ਆਈ.ਕੇ.ਜੀ ਪੀ.ਟੀ.ਯੂ ਵਿਖੇ ਮੀਡੀਆ ਫੈਸਟ 2023 ਦਾ ਆਯੋਜਨ, ਜਲੰਧਰ ਤੇ ਕਪੂਰਥਲਾ ਜਿਲ੍ਹੇ ਦੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ
ਜਲੰਧਰ/ਕਪੂਰਥਲਾ, 29 ਨਵੰਬਰ 2023 - ਮੀਡੀਆ ਸਟੱਡੀ ਹੁਨਰ ਵਿਕਾਸ ਵਿੱਚ ਸਭ ਤੋਂ ਅੱਗੇ ਹੈ! ਇਸ ਵਿਸ਼ੇ ਵਿਚ ਤਸੱਲੀਬਖਸ਼ ਨਤੀਜੇ ਵੀ ਤੁਰੰਤ ਪ੍ਰਾਪਤ ਹੁੰਦੇ ਹਨ! ਭਾਵੇਂ ਅਸੀਂ ਡਾਕਟਰ ਅਤੇ ਇੰਜੀਨੀਅਰ ਬਣਨ ਨੂੰ ਮਹੱਤਵ ਦਿੰਦੇ ਹਾਂ, ਪਰ ਸਾਡੇ ਅੰਦਰਲੀ ਪ੍ਰਤਿਭਾ, ਹੁਨਰ ਨੂੰ ਨਿਖਾਰਨ ਦਾ ਕੰਮ ਇਹੋ ਵਿਸ਼ਾ ਕਰਦਾ ਹੈ! ਦੂਜੇ ਪੇਸ਼ੇ ਸਾਨੂੰ ਸਿਰਫ਼ ਪੇਸ਼ੇਵਰ ਵਿਕਾਸ ਦਿੰਦੇ ਹਨ, ਪਰ ਮੀਡੀਆ ਸਟੱਡੀ ਸਾਡੀ ਪ੍ਰਤਿਭਾ ਨੂੰ ਨਿਖਾਰਦੀ ਹੈ। ਇਹ ਵਿਚਾਰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ.) ਦੇ ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਦੇ ਹਨ। ਉਹ ਬੁੱਧਵਾਰ ਨੂੰ ਯੂਨੀਵਰਸਿਟੀ ਵਿੱਚ ਆਯੋਜਿਤ ਮੀਡੀਆ ਫੈਸਟ 2023 ਦੇ ਉਦਘਾਟਨੀ ਸੈਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਕਪੂਰਥਲਾ ਰੋਡ 'ਤੇ ਸਥਿਤ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਜਲੰਧਰ ਅਤੇ ਕਪੂਰਥਲਾ ਜਿਲੇ ਦੇ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਇਹ ਮੀਡੀਆ ਫੈਸਟ ਦਾ ਆਯੋਜਨ ਕੀਤਾ ਗਿਆ ਸੀ। ਮੀਡੀਆ ਫੈਸਟ ਵਿੱਚ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ! ਉਦਘਾਟਨੀ ਸੈਸ਼ਨ ਵਿੱਚ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਵਿਸ਼ੇਸ਼ ਮਹਿਮਾਨ ਸਨ। ਡੀਨ ਅਕਾਦਮਿਕ ਪ੍ਰੋ. (ਡਾ.) ਵਿਕਾਸ ਚਾਵਲਾ ਅਤੇ ਡੀਨ ਆਰ ਐਂਡ ਡੀ ਡਾ. ਹਿਤੇਸ਼ ਸ਼ਰਮਾ ਵੀ ਗੈਸਟ ਪੈਨਲ ਵਿੱਚ ਮੌਜੂਦ ਸਨ। ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਵੱਲੋਂ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੂੰ ਇਸ ਸ਼ਾਨਦਾਰ ਸਮਾਗਮ ਲਈ ਵਧਾਈ ਦਿੱਤੀ! ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਰਚਨਾਤਮਕਤਾ, ਨਵੀਨਤਾ ਅਤੇ ਉੱਚ ਸਿੱਖਿਆ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਾ ਸੀ।
ਮੀਡੀਆ ਫੈਸਟ ਵਿੱਚ ਪੰਜ ਦਿਲਚਸਪ ਮੁਕਾਬਲੇ ਸ਼ਾਮਲ ਸਨ, ਜਿਸ ਵਿੱਚ ਜੌਕ ਟਾਕ (ਰੇਡੀਓ ਜੌਕੀ), ਕੈਚ ਦਿ ਗਲੀਮਪ (ਫੋਟੋਗ੍ਰਾਫ਼ੀ), ਨੱਚ ਬੱਲੀਏ (ਡਾਂਸ ਮੁਕਾਬਲਾ), ਰਿਪੋਰਟਰ ਬਣੋ (ਰਿਪੋਰਟ ਲਿਖਣਾ), ਐਡ-ਮੈਡ ਸ਼ੋਅ (ਵਿਗਿਆਪਨ) ਸ਼ਾਮਲ ਸਨ! ਕਪੂਰਥਲਾ ਅਤੇ ਜਲੰਧਰ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ 200 ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ! ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਰਣਬੀਰ ਸਿੰਘ ਨੇ ਮਾਸ ਮੀਡੀਆ ਦੇ ਵਿਸ਼ਾਲ ਖੇਤਰ ਵਿੱਚ ਰਚਨਾਤਮਕਤਾ ਦੀ ਮਹੱਤਤਾ 'ਤੇ ਗੱਲ ਕੀਤੀ। ਜੱਜਮੈਂਟ ਪੈਨਲ ਵਿੱਚ ਮੀਡੀਆ ਉਦਯੋਗ ਦੇ ਉੱਘੇ ਪੇਸ਼ੇਵਰ ਸ਼ਾਮਲ ਸਨ, ਜਿਨ੍ਹਾਂ ਵਿੱਚ ਜਲੰਧਰ ਤੋਂ ਸੂਫੀ ਭੈਣਾਂ ਕਾਮਿਆ-ਭੂਮਿਕਾ-ਜ਼ਿੰਦਗੀ, ਫ਼ਾਇਵ ਡਬਲਿਊ ਐਚ ਬ੍ਰੌਡਕਾਸਟਿੰਗ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੀ ਸੀ.ਈ.ਓ ਸ਼ੀਤਲ ਠਾਕੁਰ, ਪੇਸ਼ੇਵਰ ਫੋਟੋਗ੍ਰਾਫਰ ਕਰਮਵੀਰ ਸੰਧੂ ਅਤੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ-ਜਨ ਸੰਪਰਕ ਰਜਨੀਸ਼ ਕੇ. ਸ਼ਰਮਾਂ ਸ਼ਾਮਲ ਸਨ।
ਮੰਚ ਸੰਚਾਲਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸਰਬਜੀਤ ਸਿੰਘ ਮਾਨ ਨੇ ਕੀਤਾ। ਵਿਭਾਗ ਦੇ ਸਹਾਇਕ ਪ੍ਰੋਫੈਸਰ ਐਚ.ਕੇ. ਸਿੰਘ, ਮੰਗਲਾ ਸਾਹਨੀ, ਗਰਿਮਾ ਗੰਗੜੀਆ ਅਤੇ ਰਾਜਵਿੰਦਰ ਕੌਰ ਸਮੇਤ ਸਟਾਫ਼ ਮੈਂਬਰਾਂ ਨੇ ਸਮਾਗਮ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਈ! ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਏਕਤਾ ਮਹਾਜਨ ਨੇ ਮੀਡੀਆ ਫੈਸਟੀਵਲ 2023 ਦੀ ਸਫ਼ਲਤਾ ਵਿੱਚ ਯੋਗਦਾਨ ਲਈ ਸਾਰੇ ਭਾਗੀਦਾਰਾਂ, ਪ੍ਰਬੰਧਕਾਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਧੰਨਵਾਦ ਦਾ ਮਤਾ ਪੇਸ਼ ਕੀਤਾ।
ਐਮ.ਡੀ.ਐਸ.ਡੀ ਸਕੂਲ ਕਪੂਰਥਲਾ ਨੇ ਜਿੱਤੀ ਮੀਡਿਆ ਫੈਸਟ ਦੀ ਓਵਰਆਲ ਟ੍ਰਾਫ਼ੀ
ਆਈ.ਕੇ.ਜੀ ਪੀ.ਟੀ.ਯੂ ਦੇ ਮੀਡੀਆ ਫੈਸਟ 2023 ਦੀ ਓਵਰਆਲ ਟ੍ਰਾਫ਼ੀ ਐਮ.ਡੀ.ਐਸ.ਡੀ ਸਕੂਲ ਕਪੂਰਥਲਾ ਨੇ ਜਿੱਤੀ! ਐਡ.ਮੈਡ ਸ਼ੋਅ ਵਿੱਚ ਐਮ.ਡੀ.ਐਸ.ਡੀ ਸਕੂਲ ਕਪੂਰਥਲਾ ਪਹਿਲੇ ਸਥਾਨ ਤੇ, ਡੀ.ਐਮ.ਐਸ ਸਕੂਲ ਜਲੰਧਰ ਦੂਸਰੇ ਨੰਬਰ ਤੇ ਅਤੇ ਧਾਲੀਵਾਲ ਬੇਟ ਸਕੂਲ ਕਪੂਰਥਲਾ ਤੀਸਰੇ ਸਥਾਨ ਤੇ ਰਿਹਾ! ਰੇਡੀਓ ਜਾਕੀ ਮੁਕਾਬਲੇ ਵਿੱਚ ਡੀ.ਐਮ.ਐਸ ਸਕੂਲ ਜਲੰਧਰ ਦੀ ਵਿਦਿਆਰਥਣ ਸ਼ਿਵਿਕਾ ਪਹਿਲੇ ਸਥਾਨ ਤੇ, ਧਾਲੀਵਾਲ ਬੇਟ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਵਿਦਿਆਰਥਣ ਕਿਰਨ ਦੂਸਰੇ ਸਥਾਨ ਤੇ ਰਹੀ!
ਫੋਟੋਗ੍ਰਾਫੀ ਦੇ ਮੁਕਾਬਲੇ ਵਿਚ ਜੀ.ਐਸ.ਐਸ.ਐਸ ਭੰਡਾਲ ਬੇਟ ਸਕੂਲ ਦੇ ਵਿਦਿਆਰਥੀ ਜਸਕਰਨ ਸਿੰਘ ਨੂੰ ਪਹਿਲਾ ਇਨਾਮ, ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਦੇ ਵਿਦਿਆਰਥੀ ਅਨਮੋਲ ਵੀਰ ਨੂੰ ਦੂਸਰਾ ਸਥਾਨ, ਡੀ.ਐਮ.ਐਸ ਸਕੂਲ ਜਲੰਧਰ ਤੇ ਵਿਦਿਆਰਥੀ ਸੈਮ ਨੂੰ ਤੀਸਰਾ ਪੁਰਸਕਾਰ ਮਿਲਿਆ! ਨੱਚ ਬੱਲੀਏ ਵਿਚ ਪਹਿਲਾ ਪੁਰਸਕਾਰ ਜੀ.ਜੀ.ਐਚ.ਐਸ ਸਕੂਲ ਕਪੂਰਥਲਾ ਨੂੰ ਮਿਲਿਆ, ਦੂਸਰਾ ਪੁਰਸਕਾਰ ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ ਦੀ ਟੀਮ ਨੂੰ ਮਿਲਿਆ ਅਤੇ ਤੀਸਰਾ ਪੁਰਸਕਾਰ ਐਮ.ਡੀ.ਐਸ.ਡੀ ਸਕੂਲ ਨੇ ਹਾਸਿਲ ਕੀਤਾ! ਪਾਰਵਤੀ ਜੈਨ ਸਕੂਲ ਜਲੰਧਰ ਦੀ ਪੰਚਮ ਅਤੇ ਟੀਮ ਨੂੰ ਪ੍ਰਸ਼ੰਸਾ ਪੁਰਸਕਾਰ ਮਿਲਿਆ!
ਰਿਪੋਰਟ ਰਾਈਟਿੰਗ ਲਈ ਪਹਿਲਾ ਇਨਾਮ ਜਸਪ੍ਰੀਤ ਸਿੰਘ, ਐਮ.ਡੀ.ਐਸ.ਡੀ ਸਕੂਲ, ਦੂਜਾ ਇਨਾਮ ਈਸ਼ਵਰਜੀਤ ਬਾਵਾ, ਗੁਰੂ ਹਰਕਿਸ਼ਨ ਪਬਲਿਕ ਸਕੂਲ, ਕਪੂਰਥਲਾ, ਤੀਜਾ ਇਨਾਮ ਪਰਮਵੀਰ ਸਿੰਘ, ਧਾਲੀਵਾਲ ਬੇਟ ਸਕੂਲ ਨੂੰ ਅਤੇ ਪ੍ਰਸ਼ੰਸਾ ਪੱਤਰ ਪਾਰੁਲ ਵਰਮਾ ਨੂੰ ਦਿੱਤਾ ਗਿਆ, ਹਿੰਦੂ ਗਰਲਜ਼ ਕਾਲਜ ਸਕੂਲ, ਕਪੂਰਥਲਾ।