'ਹੋਟ ਸੀਟ' ਰਹੇ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਵੇਖਣ ਨੂੰ ਮਿਲੇਗਾ ਦਿਲਚਸਪ ਮੁਕਾਬਲਾ
ਕੀ ਤਿੰਨ ਭਾਜਪਾ ਆਗੂ ਲੜਨਗੇ ਇੱਕ ਦੂਜੇ ਦੇ ਖਿਲਾਫ?
ਰੋਹਿਤ ਗੁਪਤਾ
ਗੁਰਦਾਸਪੁਰ , 2 ਅਪ੍ਰੈਲ 2024 : 1997 ਵਿੱਚ ਜਦੋਂ ਮਰਹੂਮ ਸਿਨੇ ਅਭਿਨੇਤਾ ਵਿਨੋਦ ਖੰਨਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਸਨ ਉਦੋਂ ਤੋਂ ਹੀ ਗੁਰਦਾਸਪੁਰ ਲੋਕ ਸਭਾ ਹਲਕਾ ਲਗਾਤਾਰ ਹੋਟ ਸੀਟ ਰਿਹਾ ਹੈ। ਭਾਜਪਾ ਨੇ ਕਾਂਗਰਸ ਦਾ ਗੜ ਤੋੜਨ ਲਈ 1997 ਵਿੱਚ ਵਿਨੋਦ ਖੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਵਿਨੋਦ ਖੰਨਾ ਨੇ ਲਗਾਤਾਰ ਇਸ ਸੀਟ ਤੋਂ ਜਿੱਤਦੀ ਆ ਰਹੀ ਕਾਂਗਰਸ ਪਾਰਟੀ ਦੀ ਤੇਜ਼ ਤਰਾਰ ਆਗੂਆਂ ਵਿੱਚ ਸ਼ੁਮਾਰ ਮਰਹੂਮ ਸੁਖਬੰਸ ਕੌਰ ਭਿੰਡਰ ਨੂੰ ਹਰਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਭਾਜਪਾ ਨੇ ਸੰਨੀ ਦਿਓਲ ਨੂੰ ਮੈਦਾਨ ਵਿੱਚ ਉਤਾਰ ਕੇ ਇਸ ਸੀਟ ਤੇ ਕਬਜ਼ਾ ਬਣਾਈ ਰੱਖਿਆ ਪਰ ਸੰਨੀ ਦਿਓਲ ਨੇ ਗੁਰਦਾਸਪੁਰ ਵਾਸੀਆਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਸਨੀ ਦਿਓਲ ਵੱਲੋਂ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਕਾਰਨ ਹੀ ਇਸ ਵਾਰ ਕੋਈ ਪਾਰਟੀ ਕਿਸੇ ਸੈਲੀਬ੍ਰਿਟੀ ਤੇ ਦਾਅ ਲਗਾਉਣ ਨੂੰ ਤਿਆਰ ਨਹੀਂ ਹੈ । ਭਾਜਪਾ ਨੇ ਸੁਜਾਨਪੁਰ ਤੋਂ ਤਿੰਨ ਵਾਰ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਡਿਪਟੀ ਸਪੀਕਰ ਰਹੇ ਦਿਨੇਸ਼ ਬੱਬੂ ਨੂੰ ਉਮੀਦਵਾਰ ਬਣਾ ਕੇ ਆਪਣਾ ਪੱਤਾ ਖੋਲ ਦਿੱਤਾ ਹੈ ਪਰ ਫਿਲਹਾਲ ਭਾਜਪਾ ਵਿਰੋਧੀ ਪਾਰਟੀਆਂ ਗੁਰਦਾਸਪੁਰ ਸੀਟ ਬਾਰੇ ਡਾਵਾਂ ਡੋਲ ਨਜ਼ਰ ਆ ਰਹੀਆਂ ਹਨ।
ਗੱਲ ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ ਤਾਜ਼ੀਆਂ ਪਰਿਸਥਿਤੀਆਂ ਬਾਰੇ ਕਰੀਏ ਤਾਂ ਦਿਨੇਸ਼ ਬੱਬੂ ਨੂੰ ਭਾਜਪਾ ਵੱਲੋਂ ਟਿਕਟ ਦੇਣ ਤੋਂ ਨਾਰਾਜ਼ ਚੱਲ ਰਹੀ ਵਿਨੋਦ ਖੰਨਾ ਦੀ ਪਤਨੀ ਸ਼੍ਰੀਮਤੀ ਕਵਿਤਾ ਖੰਨਾ ਨੇ ਮੀਡੀਆ ਸਾਹਮਣੇ ਆ ਕੇ ਖੁੱਲ ਕੇ ਆਪਣੀ ਨਾਰਾਜ਼ਗੀ ਜਾਹਰ ਕਰ ਦਿੱਤੀ ਹੈ। ਉਹਨਾਂ ਦਾਅਵਾ ਕਰਦਿਆਂ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਦੀ ਵੀ ਇਹੋ ਆਵਾਜ਼ ਸੀ ਕਿ ਭਾਜਪਾ ਵੱਲੋਂ ਕਵਿਤਾ ਖੰਨਾ ਨੂੰ ਟਿਕਟ ਦਿੱਤੀ ਜਾਵੇ ਇਹ ਐਲਾਨ ਵੀ ਕੀਤਾ ਹੈ ਕਿ ਉਨ੍ਹਾਂ ਨੇ ਗੁਰਦਾਸਪੁਰ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਬਦਲਿਆ ਨਹੀਂ ਹੈ । ਦੂਜੇ ਪਾਸੇ ਉੱਘੇ ਰਾਜਨੀਤਿਕ ਸੂਤਰ ਦਾਅਵਾ ਕਰ ਰਹੇ ਹਨ ਕਿ ਕਵਿਤਾ ਖੰਨਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਸੰਪਰਕ ਵਿੱਚ ਹਨ ਅਤੇ ਉਹਨਾਂ ਨੂੰ ਆਪ ਵੱਲੋਂ ਗੁਰਦਾਸਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ । ਤੀਜੀ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਫਿਲਹਾਲ ਗੁਰਦਾਸਪੁਰ ਸੀਟ ਬਾਰੇ ਚੁੱਪੀ ਧਾਰੀ ਬੈਠੀ ਹੈ।
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਕਹਾਣੀ ਵਿੱਚ ਇੱਕ ਹੋਰ ਨਵਾਂ ਟਵਿਸਟ ਭਾਜਪਾ ਆਗੂ ਸਵਰਨ ਸਲਾਰੀਆ ਵੀ ਲਿਆ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਅਰਸੇ ਤੋ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਦੇ ਦਾਵੇਦਾਰ ਸਵਰਨ ਸਲਾਰੀਆ ਹੁਣ ਉੱਗੇ ਕਾਂਗਰਸੀ ਆਗੂਆਂ ਦੇ ਸੰਪਰਕ ਵਿੱਚ ਆ ਗਏ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਦਿਨੇਸ਼ ਬੱਬੂ ਨੂੰ ਟੱਕਰ ਦੇਣ ਦੇ ਮੂੜ ਵਿੱਚ ਹਨ। ਹਾਲਾਂਕਿ ਦੋਵੇਂ ਬਾਜਵਾ ਅਤੇ ਕਾਂਗਰਸ ਦੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਛੋਟੇ ਭਰਾ ਬਲਜੀਤ ਸਿੰਘ ਪਾਹੜਾ ਵੀ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਵੇਦਾਰਾਂ ਵਿੱਚੋਂ ਹਨ ਪਰ ਕਾਂਗਰਸ ਪਾਰਟੀ ਦਾ ਉਹਨਾਂ ਬਾਰੇ ਕੀ ਫੈਸਲਾ ਹੋਵੇਗਾ ਇਹ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਉਜਾਗਰ ਹੋ ਜਾਵੇਗਾ। ਜੇਕਰ ਆਮ ਆਦਮੀ ਪਾਰਟੀ ਕਵਿਤਾ ਖੰਨਾ ਅਤੇ ਕਾਂਗਰਸ ਪਾਰਟੀ ਸਵਰਨ ਸਲਾਰੀਆ ਤੇ ਦਾਅ ਖੇਡਦੀ ਹੈ ਤਾਂ ਇਸ ਵਾਰ ਗੁਰਦਾਸਪੁਰ ਲੋਕ ਸਭਾ ਸੀਟ ਬੇਸ਼ੱਕ ਹੋਟ ਸੀਟ ਨਾ ਰਹੇ ਪਰ ਇੱਥੇ ਦਿਲਚਸਪ ਮੁਕਾਬਲਾ ਵੇਖਣ ਨੂੰ ਜਰੂਰ ਮਿਲੇਗਾ, ਜਿੱਥੇ ਕੁਝ ਦਿਨ ਪਹਿਲਾਂ ਇੱਕੋ ਪਾਰਟੀ ਦੇ ਬੈਨਰ ਤਲੇ ਕੰਮ ਕਰ ਰਹੇ ਤਿੰਨ ਉੱਘੇ ਆਗੂ ਇੱਕ ਦੂਜੇ ਖਿਲਾਫ ਪ੍ਰਚਾਰ ਕਰਦਿਆਂ ਅਤੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ।