ਆਰ.ਐੱਮ.ਪੀ.ਆਈ. ਵੱਲੋਂ ਲੋਕ ਸਭਾ ਚੋਣਾਂ 'ਚ ਵੋਟਰਾਂ ਵੱਲੋਂ ਭਾਜਪਾ ਨੂੰ ਬਹੁਮਤ ਤੋਂ ਦੂਰ ਰੱਖਣ ਦੇ ਫਤਵੇ ਦੀ ਸ਼ਲਾਘਾ
ਦਲਜੀਤ ਕੌਰ
ਜਲੰਧਰ, 11 ਜੂਨ, 2024: ‘‘ਤਾਨਾਸ਼ਾਹ ਰਾਜਕੀ ਢਾਂਚੇ ਦੇ ਕੱਟੜ ਹਮਾਇਤੀ, ਸੰਘ-ਭਾਜਪਾ ਅਤੇ ਮੋਦੀ-ਸ਼ਾਹ ਸਰਕਾਰ ਦੀਆਂ ਦੇਸ਼ ਦੇ ਧਰਮ ਨਿਰਪੱਖ, ਜਮਹੂਰੀ ਤੇ ਸੰਘੀ ਢਾਂਚੇ ਨੂੰ ਤਬਾਹ ਕਰਕੇ ਧਰਮ ਅਧਾਰਤ ‘ਹਿੰਦੂ ਰਾਸ਼ਟਰ’ ਕਾਇਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਅਸਫਲ ਕਰਨ ਲਈ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਵੋਟਰਾਂ ਵਲੋਂ ਦਿੱਤੇ ਗਏ ਭਾਜਪਾ ਨੂੰ ਬਹੁਮਤ ਤੋਂ ਦੂਰ ਰੱਖਣ ਦੇ ਫਤਵੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਧਰਮ ਦੇ ਸਿਆਸੀ ਲਾਭ ਲਈ ਇਸਤੇਮਾਲ ਰਾਹੀਂ ਭਾਈਚਾਰਿਆਂ ਦਰਮਿਆਨ ਵੈਰ ਖੜ੍ਹਾ ਕਰਨ, ਈ.ਡੀ., ਸੀ.ਬੀ.ਆਈ., ਇਨਕਮ ਟੈਕਸ ਵਿਭਾਗ ਆਦਿ ਦੀ ਘੋਰ ਦੁਰਵਰਤੋਂ ਕਰਨ, ਚੋਣ ਕਮਿਸ਼ਨ ਦੀ ਸਿਰੇ ਦੀ ਪੱਖਪਾਤੀ ਭੂਮਿਕਾ, ਕਾਲੇ ਧੰਦੇ ਕਰਨ ਵਾਲੇ ਧਨਾਢਾਂ ਅਤੇ ਕਾਰਪੋਰੇਟਾਂ ਵਲੋਂ ਦਿੱਤੇ ਗਏ ਅਥਾਹ ਧਨ, ਹਾਕਮ ਧਿਰ ਵਲੋਂ ਵਿਰੋਧੀਆਂ ਖਿਲਾਫ਼ ਕੀਤੇ ਗਏ ਆਧਾਰਹੀਣ ਕੂੜ ਪ੍ਰਚਾਰ, ਸੰਘੀ ਆਈਟੀ ਸੈਲ ਤੇ ਗੋਦੀ ਮੀਡੀਆ ਦੇ ਇਕ ਪਾਸੜ ਰਵੱਈਏ ਅਤੇ ਬੁਨਿਆਦੀ ਮੁੱਦਿਆਂ ਤੋਂ ਲੋਕਾਈ ਦਾ ਧਿਆਨ ਭਟਕਾਉਣ ਦੀਆਂ ਮੌਜੂਦਾ ਹੁਕਮਰਾਨਾਂ ਦੀਆਂ ਸਾਰੀਆਂ ਕੁਚਾਲਾਂ ਨੂੰ ਅਣਡਿੱਠ ਕਰਕੇ ਦਿੱਤਾ ਗਿਆ, ਦੇਸ਼ ਦੀਆਂ ਜਮਹੂਰੀ ਤੇ ਸੈਕੂਲਰ ਧਿਰਾਂ ਨੂੰ ਚੋਖਾ ਬਲ ਬਖਸ਼ਣ ਵਾਲਾ ਉਕਤ ਲੋਕ ਫਤਵਾ ਦੇਸ਼ ਦੇ ਚੰਗੇਰੇ ਭਵਿੱਖ ਦਾ ਸੂਚਕ ਹੈ। ਭਾਰਤ ਦੇ ਸੰਵਿਧਾਨ, ਰਾਖਵੇਂਕਰਨ ਸਮੇਤ ਗਰੀਬ ਵਸੋਂ ਨੂੰ ਮਿਲਦੀਆਂ ਸਹੂਲਤਾਂ ਤੇ ਲਿਖਣ-ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਦੇ ਅਧਿਕਾਰ ਵਰਗੇ ਜਮਹੂਰੀ ਹੱਕਾਂ ਦੀ ਗਰੰਟੀ ਦੇਣ ਵਾਲੇ ਸੰਵਿਧਾਨ ਦੀ ਰਾਖੀ ਲਈ ਦਿੱਤਾ ਇਹ ਭਾਰੀ ਲੋਕ ਮੱਤ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਨੂੰ ਵੱਡਾ ਬਲ ਬਖਸ਼ੇਗਾ। ਚੋਣ ਨਤੀਜਿਆਂ ਦੇ ਪ੍ਰਭਾਵ ਅਧੀਨ ਸਾਮਰਾਜੀ ਤੇ ਕਾਰਪੋਰੇਟ ਲੋਟੂਆਂ ਦੇ ਹਿਤ ਪੂਰਨ ਲਈ ਘੜੀਆਂ ਗਈਆਂ ਲੋਕਾਈ ਦਾ ਚੌਤਰਫਾ ਘਾਣ ਕਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਖਿਲਾਫ ਲੜਿਆ ਜਾ ਰਿਹਾ ਹੱਕੀ ਲੋਕ ਸੰਗਰਾਮ ਵੀ ਹੋਰ ਤਿਖੇਰਾ ਹੋਵੇਗਾ।’’ ਇਹ ਸ਼ਬਦ, ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ। ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ‘‘ਇੰਡੀਆ’’ ਗੱਠਜੋੜ ਦੇ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਇਕ ਪਾਸੇ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਜਿਹੇ ਬੁਨਿਆਦੀ ਮਸਲਿਆਂ ਨੂੰ ਉਭਾਰਿਆ ਅਤੇ ਦੂਸਰੇ ਬੰਨੇ ਆਰਐਸਐਸ ਤੇ ਭਾਜਪਾ ਦੀ ਤਬਾਹਕੁੰਨ ਵੰਡਵਾਦੀ ਵਿਚਾਰਧਾਰਾ ਨੂੰ ਤਿੱਖੇ ਹਮਲਿਆਂ ਰਾਹੀਂ ਬੇਪਰਦ ਕੀਤਾ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਸਕੱਤਰੇਤ ਨੇ ਚੋਣਾਂ ਦੌਰਾਨ ਲੋਕ ਮਨਾਂ ਨੂੰ ਟੁੰਬਣ ਵਾਲੇ ਮਸਲਿਆਂ ਨੂੰ ਲੈ ਕੇ ਅਤੇ ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮੁੱਦਿਆਂ ਦੇ ਸਥਾਈ ਹੱਲ ਲਈ ਸਮੂਹ ਪੰਜਾਬੀਆਂ ਦਾ ਸਾਂਝਾ, ਬੱਝਵਾਂ ਘੋਲ ਵਿੱਢਣ ਦੀ ਠੋਸ ਯੋਜਨਾਬੰਦੀ ਕਰਨ ਲਈ 28-29 ਜੂਨ ਨੂੰ ਰਾਜ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ।
ਸਕੱਤਰੇਤ ਨੇ “ਭਾਜਪਾ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਓ’’ ਮੁਹਿੰਮ ਤਹਿਤ ਸੂਬੇ ਅੰਦਰ ‘ਇੰਡੀਆ’ ਗੱਠਜੋੜ ਦੀ ਪ੍ਰਮੁੱਖ ਭਾਈਵਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਤਹਿ ਦਿਲੋਂ ਸਰਗਰਮੀ ਕਰਨ ਵਾਲੀਆਂ ਸਭਨਾਂ ਪਾਰਟੀ ਕਮੇਟੀਆਂ ਅਤੇ ਹਮਦਰਦਾਂ ਨੂੰ ਸੰਗਰਾਮੀ ਮੁਬਾਰਕਾਂ ਪੇਸ਼ ਕੀਤੀਆਂ ਹਨ।
ਸਕੱਤਰੇਤ ਨੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਤੇ ਪੰਜਾਬ ’ਚ ਭਾਜਪਾ ਉਮੀਦਵਾਰਾਂ ਦੀ ਹਾਰ ’ਤੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬ ਦੇ ਹਿਤਾਂ ਨਾਲ ਸਦਾ ਹੀ ਦਗ਼ਾ ਕਮਾਉਣ ਵਾਲੀ ਭਾਜਪਾ ਦੀਆਂ ਵੋਟਾਂ ਵਧਣ ’ਤੇ ਡੂੰਘੀ ਚਿੰਤਾ ਦਾ ਇਜ਼ਹਾਰ ਵੀ ਕੀਤਾ ਹੈ।
ਸਕੱਤਰੇਤ ਨੇ ਪੰਜਾਬ ਦੀਆਂ ਦੋ ਸੀਟਾਂ ’ਤੇ ਹਿੰਸਾ ਅਤੇ ਵੱਖਵਾਦ ਦੇ ਪੈਰੋਕਾਰ ਸ਼ੱਕੀ ਕਿਸਮ ਦੇ ਉਮੀਦਵਾਰਾਂ ਦੀ ਹੋਈ ਜਿੱਤ ਤੇ ਡੂੰਘੀ ਫਿਕਰਮੰਦੀ ਦਾ ਇਜ਼ਹਾਰ ਕੀਤਾ ਹੈ। ਸਕੱਤਰੇਤ ਨੇ ਸਮੂਹ ਪੰਜਾਬੀਆਂ ਨੂੰ ਖਬਰਦਾਰ ਕੀਤਾ ਹੈ ਕਿ ਸੰਘ ਪਰਿਵਾਰ ਤੇ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਬਰੀ ਵਾਲੇ ਸੁਭਾਅ ਤੇ ਲੋਕ ਹਿਤਾਂ ਲਈ ਮਰ ਮਿਟਣ ਵਾਲੀ ਇਨਕਲਾਬੀ ਵਿਰਾਸਤ ਨੂੰ ਤਬਾਹ ਕਰਨ ਲਈ ਸਰਕਾਰੀ ਏਜੰਸੀਆਂ ਤੇ ਏਜੰਟਾਂ ਰਾਹੀਂ ਪ੍ਰਾਂਤ ਨੂੰ ਹਿੰਸਾ ਤੇ ਫਿਰਕੂ ਨਫਰਤ ਦੇ ਦੌਰ ’ਚ ਮੁੜ ਧੱਕ ਸਕਦੇ ਹਨ, ਜਿਵੇਂ ਕਿ ਇਨ੍ਹਾਂ ਦੋ ਹਲਕਿਆਂ ’ਚ ਦੇਖਿਆ ਗਿਆ ਹੈ। ਸਕੱਤਰੇਤ ਨੇ ਇਸ ਗੱਲੋਂ ਡਾਢੀ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਅਜੋਕੇ ਸਮੇਂ ਆਰ.ਐਸ.ਐਸ. ਦੇ ਹੱਥਠੋਕੇ ਬਣ ਚੁੱਕੇ ਅਤੀਤ ਦੇ ਕਈ ਨਾਮ ਨਿਹਾਦ ਖਾਲਿਸਤਾਨੀਆਂ ਦੀ ਉਕਤ ਸ਼ੱਕੀ ਉਮੀਦਵਾਰਾਂ ਦੀ ਚੋਣ ਮੁਹਿੰਮ ’ਚ ਸਪੱਸ਼ਟ ਭਾਗੀਦਾਰੀ ਦੇ ਬਾਵਜੂਦ ਪੰਜਾਬ ਵਾਸੀ ਕੇੰਦਰੀ ਏਜੰਸੀਆਂ ਤੇ ਸੰਘ ਪਰਿਵਾਰ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਦੀ ਨਿਸ਼ਾਨਦੇਹੀ ਕਰਨ ਪੱਖੋਂ ਮਾਤ ਕਿਵੇਂ ਖਾ ਗਏ!
ਸਕੱਤਰੇਤ ਨੇ ਦੇਸ਼ ਦੇ ਲੋਕਾਂ, ਖਾਸ ਕਰਕੇ ਪੰਜਾਬ ਵਾਸੀਆਂ ਨੂੰ ਆਗਾਹ ਕਰਦਿਆਂ ਕਿਹਾ ਹੈ ਕਿ ਚੋਣ ਨਤੀਜਿਆਂ ਦੇ ਉਕਤ ਹਾਂ-ਪੱਖੀ ਪਹਿਲੂਆਂ ਦੇ ਬਾਵਜੂਦ ਆਰ ਐੱਸ ਐੱਸ ਦੇ ਫਿਰਕੂ-ਫਾਸ਼ੀ ਹਮਲੇ, ਪੰਜਾਬ ਵਿਰੋਧੀ ਸਾਜ਼ਿਸ਼ਾਂ ਅਤੇ ਕਾਰਪੋਰੇਟੀ ਲੁੱਟ ਬਾਦਸਤੂਰ ਜਾਰੀ ਹਨ, ਇਸ ਲਈ ਲੋਕਾਂ ਕੋਲ ਸਿਆਸੀ, ਵਿਚਾਰਧਾਰਕ ਮੁਹਾਜ਼ ’ਤੇ ਅਤੇ ਰੋਟੀ-ਰੋਜ਼ੀ ’ਤੇ ਹਮਲਿਆਂ ਖਿਲਾਫ਼ ਇਨ੍ਹਾਂ ਤੋਂ ਮੁਕਤੀ ਹਾਸਲ ਕਰਨ ਤਾਈਂ ਸੰਘਰਸ਼ ਜਾਰੀ ਰੱਖਣ ਤੋਂ ਬਗੈਰ ਹੋਰ ਕੋਈ ਬਦਲਵਾਂ ਰਸਤਾ ਨਹੀਂ ਹੈ।