ਏ ਡੀ ਸੀ ਵੱਲੋਂ ਲੇਟ ਆਉੁਣ ਵਾਲਿਆਂ ਨੂੰ ਦਰੁਸਤ ਕਰਨ ਲਈ ਸਟਾਫ਼ ਚੈਕਿੰਗ, 11 ਕਰਮਚਾਰੀਆਂ ਤੋਂ ਕੀਤੀ ਜੁਆਬਤਲਬੀ
- ਦਫ਼ਤਰੀ ਸਮੇਂ ਤੋਂ ਲੇਟ ਪਾਏ ਗਏ 11 ਕਰਮਚਾਰੀਆਂ ਦੀ ਜੁਆਬਤਲਬੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ, 2023 - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇੇ ਸਰਕਾਰੀ ਦਫ਼ਤਰਾਂ ’ਚ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਸਥਿਤ ਦਫ਼ਤਰਾਂ ਦੀ ਪੜਤਾਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਪੜਤਾਲ ਦੌਰਾਨ ਵੱਖ-ਵੱਖ ਵਿਭਾਗਾਂ ਦੇ 11 ਕਰਮਚਾਰੀਆਂ ਨੂੰ ਦਫ਼ਤਰਾਂ ਲਈ ਮਿੱਥੇ ਸਮੇਂ ਤੋਂ ਲੇਟ ਆਇਆ ਪਾਇਆ। ਉਨ੍ਹਾਂ ਨੇ ਸਮੇਂ ਸਿਰ ਦਫ਼ਤਰ ਹਾਜ਼ਰ ਨਾ ਮਿਲੇ ਇਨ੍ਹਾਂ ਕਰਮਚਾਰੀਆਂ ਦੀ ਜੁਆਬਤਲਬੀ ਕਰਦਿਆਂ, ਉਨ੍ਹਾਂ ਪਾਸੋਂ ਸਮੇਂ ਸਿਰ ਦਫ਼ਤਰ ਨਾ ਆਉਣ ਦੇ ਕਾਰਨ ਪੁੱਛੇ ਹਨ। ਉਨ੍ਹਾਂ ਕਿਹਾ ਕਿ ਜੁਆਬ ਸੰਤੋਖਜਨਕ ਨਾ ਪਾਏ ਜਾਣ ’ਤੇ ਇਨ੍ਹਾਂ ਦੇ ਪਿੱਤਰੀ ਵਿਭਾਗਾਂ ਨੂੰ ਅਗਲੇਰੀ ਕਾਰਵਾਈ ਲਈ ਲਿਖਿਆ ਜਾਵੇਗਾ।
ਏ ਡੀ ਸੀ ਰਾਜੀਵ ਵਰਮਾ ਵੱਲੋਂ ਜਿਨ੍ਹਾਂ ਵਿਭਾਗਾਂ ਦੇ ਕਰਮਚਾਰੀ ਲੇਟ ਆਏ ਪਾਏ ਗਏ, ਉਨ੍ਹਾਂ ’ਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦਫ਼ਤਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਦਫ਼ਤਰ ਜ਼ਿਲ੍ਹਾ ਬਾਲ ਰੱਖਿਆ ਅਫ਼ਸਰ ਸ਼ਾਮਿਲ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਦਫ਼ਤਰੀ ਸਮੇਂ ’ਚ ਕੀਤੀ ਤਬਦੀਲੀ ਦਾ ਮੰਤਵ ਗਰਮੀ ਦੇ ਮੌਸਮ ’ਚ ਬਿਜਲੀ ਬਚਾਉਣ ਦੇ ਨਾਲ-ਨਾਲ ਦਫ਼ਤਰਾਂ ’ਚ ਆਪਣੇ ਕੰਮਾਂ-ਕਾਰਾਂ ਲਈ ਆਉਣ ਵਾਲੇ ਆਮ ਲੋਕਾਂ ਨੂੰ ਮੌਸਮ ਦੀ ਗਰਮੀ ਤੋਂ ਬਚਾਉਣਾ ਵੀ ਹੈ, ਇਸ ਲਈ ਕਰਮਚਾਰੀ ਜੇਕਰ ਸਮੇਂ ਸਿਰ ਆਪਣੀਆਂ ਸੀਟਾਂ ’ਤੇ ਨਹੀਂ ਬੈਠਦੇ ਤਾਂ ਇਸ ਨਾਲ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।