ਕੀ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤੀ ਜਾਣੀ ਸੀ ਸ਼ਰਾਬ ?
ਚੋਣ ਜਾਬਤੇ ਦੌਰਾਨ ਹਾਈਟੈਕ ਨਾਕੇ ਤੋਂ ਪੁਲਿਸ ਨੇ ਫੜੀਆਂ 420 ਬੋਤਲਾਂ ਸ਼ਰਾਬ
ਕਾਰ ਸਮੇਤ ਦੋ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ 2024 : ਇੱਕ ਵਾਰ ਫੇਰ ਬਬਰੀ ਬਾਈਪਾਸ ਹਾਈਟੈਕ ਪੁਲਿਸ ਜ਼ਿਲਾ ਗੁਰਦਾਸਪੁਰ ਦੀ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਚੋਣਾਂ ਜਾਬਤੇ ਦੇ ਦੌਰਾਨ ਨਾਕੇ ਤੋਂ ਥਾਣਾ ਸਦਰ ਦੀ ਪੁਲਿਸ ਵੱਲੋਂ 35 ਪੇਟੀਆਂ ਯਾਨੀ ਕੁੱਲ 420 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਬਟਾਲਾ ਤੋਂ ਰਸ਼ਪਾਲਵਾਂ (ਪਠਾਨਕੋਟ )ਟੋਲ ਪਲਾਜ਼ਾ ਤੱਕ ਪਹੁੰਚਾਈ ਜਾਣੀ ਸੀ ਅਤੇ ਇਸ ਦੇ ਲਈ ਦੋ ਵਿਅਕਤੀਆਂ ਨੂੰ ਦਿਹਾੜੀਦਾਰ ਦੇ ਤੌਰ ਤੇ ਸ਼ਰਾਬ ਤਸਕਰਾਂ ਵੱਲੋਂ ਵਰਤਿਆ ਗਿਆ ਸੀ ਜਿਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਫਿਲਹਾਲ ਸਾਂਝੇ ਤੌਰ ਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਰਾਬ ਕਿਸ ਤਸਕਰ ਵੱਲੋਂ ਭੇਜੀ ਗਈ ਸੀ ਅਤੇ ਕਿਸ ਦੇ ਵੱਲੋਂ ਇਸ ਦੀ ਡਿਲੀਵਰੀ ਰਸ਼ਪਾਲਵਾਂ ਟੋਲ ਪਲਾਜਾ ਤੇ ਲਈ ਜਾਣੀ ਸੀ।
ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਏਐਸਆਈ ਸੋਹਨ ਲਾਲ ਪੁਲਿਸ ਪਾਰਟੀ ਸਮੇਤ ਨਾਕਾ ਬੱਬਰੀ ਬਾਈਪਾਸ ਵਿਖੇ ਰੋਜਾਨਾ ਦੀ ਤਰਾਂ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਇੱਕ ਮਰੂਤੀ ਕਾਰ ਨੰਬਰੀ ਪੀਬੀ.32.ਜੇ.6780 ਬਟਾਲਾ ਸਾਇਡ ਤੋਂ ਆਈ ਜਿਸ ਵਿੱਚ ਸਮਸੇਰ ਸ਼ੈਂਕੀ ਅਤੇ ਕੁਲਵਿੰਦਰ ਕੁਮਾਰ ਸਾਬੀ ਵਾਸੀਆਂਨ ਅਵਾਂਖਾ ਥਾਣਾ ਦੀਨਾਨਗਰ ਸਵਾਰ ਸਨ। ਇਨਾਂ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਕਾਰ ਵਿੱਚੋ ਉਤਾਰ ਕੇ ਕਾਰ ਦੀ ਤਲਾਸੀ ਕੀਤੀ ਗਈ ਤਾਂ ਦੋਰਾਂਨੇ ਤਲਾਸੀ ਕਾਰ ਵਿਚੋ 15 ਪੇਟੀਆਂ (180 ਬੋਤਲਾਂ) ਸਰਾਬ ਠੇਕਾ ਮਾਰਕਾ ਮੈਕਡਾਵਲ ਵਿਸ਼ਕੀ ਅਤੇ 20 ਪੇਟੀਆਂ (240 ਬੋਤਲਾਂ) ਸਰਾਬ ਠੇਕਾ ਮਾਰਕਾ ਰਾਇਲ ਸਟੈਗ ਵਿਸ਼ਕੀ ਬਰਾਮਦ ਹੋਈਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਾਮਦਗੀ ਬਾਰੇ ਆਬਕਾਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਬਰਾਮਦ ਕੀਤੀ ਗਈ ਸ਼ਰਾਬ ਬਾਰੇ ਹੋਰ ਵੇਰਵੇ ਹਾਸਲ ਕੀਤੇ।
ਦੂਜੇ ਪਾਸੇ ਆਬਕਾਰੀ ਇੰਸਪੈਕਟਰ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਸ਼ਰਾਬ ਦੀਆਂ ਬੋਤਲਾਂ ਪੰਜਾਬ ਵਿੱਚ ਹੀ ਬਿਕਰੀ ਲਈ ਹਨ ਅਤੇ ਬਟਾਲਾ ਤੋਂ ਰਸ਼ਪਾਲਵਾਂ ਟੋਲ ਪਲਾਜ਼ਾ ਤੱਕ ਪਹੁੰਚਾਉਣ ਲਈ ਗਿਰਫਤਾਰ ਕੀਤੇ ਗਏ ਦੋਹਾਂ ਵਿਅਕਤੀਆਂ ਨੂੰ ਤਸਕਰਾਂ ਵੱਲੋਂ ਪੈਸੇ ਦਾ ਲਾਲਚ ਦੇ ਕੇ ਵਰਤਿਆ ਗਿਆ ਹੈ। ਉਹਨਾਂ ਨੂੰ ਨਾਂ ਤਾਂ ਸ਼ਰਾਬ ਦੇਣ ਵਾਲੇ ਬਾਰੇ ਪਤਾ ਹੈ ਤੇ ਨਾ ਹੀ ਡਿਲੀਵਰੀ ਲੈਣ ਵਾਲੇ ਬਾਰੇ ਕੋਈ ਜਾਣਕਾਰੀ ਹੈ । ਉਹਨਾਂ ਨੂੰ ਸਿਰਫ ਗੱਡੀ ਬਟਾਲਾ ਤੋਂ ਰਸ਼ਪਾਲਵਾਂ ਟੋਲ ਪਲਾਜ਼ਾ ਤੱਕ ਪਹੁੰਚਾਉਣ ਲਈ 'ਹਾਇਰ 'ਕੀਤਾ ਗਿਆ ਸੀ ।ਉਨਾਂ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਇਹ ਸ਼ਰਾਬ ਚੋਣਾਂ ਦੌਰਾਨ ਵਰਤਣ ਲਈ ਲੈ ਜਾਈ ਜਾ ਰਹੀ ਹੋਵੇ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਸ਼ੀ ਨਿਕਲ ਕੇ ਸਾਹਮਣੇ ਆਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।