ਕੀ ਹਰਸਿਮਰਤ ਬਾਦਲ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਨਗੇ ?
ਅਸ਼ੋਕ ਵਰਮਾ
ਬਠਿੰਡਾ,13 ਅਪਰੈਲ 2024: ਕੀ ਬਾਦਲ ਪ੍ਰੀਵਾਰ ਦੀ ਨੂੰਹ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਤਿੰਨ ਵਾਰ ਲਗਾਤਾਰ ਚੋਣ ਜਿੱਤਕੇ ਸਿਆਸੀ ਹੈਟਰਿਕ ਲਾਉਣ ਵਾਲੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਅਕਾਲੀ ਦਲ ਇਸ ਵਾਰ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਕੋਈ ਸੀਨੀਅਰ ਆਗੂ ਇਸ ਮੁੱਦੇ ਤੇ ਕੁੱਝ ਨਹੀਂ ਬੋਲਿਆ ਪਰ ਪਾਰਟੀ ਵੱਲੋਂ ਜਾਰੀ ਪਹਿਲੀ ਸੂਚੀ ’ਚ ਹਰਸਿਮਰਤ ਬਾਦਲ ਦਾ ਨਾਮ ਨਾਂ ਐਲਾਨੇ ਜਾਣ ਨੇ ਨਵੇਂ ਚਰਚੇ ਛੇੜ ਦਿੱਤੇ ਹਨ। ਬਠਿੰਡਾ ਹਲਕੇ ’ਚ ਹੁਣ ਨਵੀਂ ਚਰਚਾ ਛਿੜੀ ਹੈ ਕਿ ਹਰਸਿਮਰਤ ਬਾਦਲ ਨੂੰ ਉਮੀਦਵਾਰ ਬਨਾਉਣ ’ਚ ਕੀਤੀ ਜਾ ਰਹੀ ਦੇਰੀ ਸਹਿਜ ਨਹੀਂ ਹੈ। ਸਾਲ 2019 ਵਿੱਚ ਵੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਨ ਦੀ ਗੱਲ ਚੱਲੀ ਸੀ। ਸਿਆਸੀ ਹਲਕੇ ਆਖਦੇ ਹਨ ਕਿ ਬਾਦਲ ਪ੍ਰੀਵਾਰ ਵੱਲੋਂ ਚੁੱਕਿਆ ਗਿਆ ਹਰ ਕਦਮ ਸਿਆਸੀ ਮਾਇਨੇ ਰੱਖਦਾ ਹੈ।
ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਅਸਲ ’ਚ ਇਸ ਤਬਦੀਲੀ ਦਾ ਕਾਰਨ ਅਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਮੁਖੀ ਅਤੇ ਪ੍ਰਮੁੱਖ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਬਠਿੰਡਾ ਹਲਕੇ ਤੋਂ ਭਾਜਪਾ ਤਰਫੋਂ ਚੋਣ ਲੜਨ ਦੀ ਚਰਚਾ ਹੈ। ਬਠਿੰਡਾ ਹਲਕੇ ’ਚ ਸਿਕੰਦਰ ਮਲੂਕਾ ਦਾ ਚੋਖਾ ਪ੍ਰਭਾਵ ਜੋ ਪਰਮਪਾਲ ਲਈ ਵਰਦਾਨ ਬਣ ਸਕਦਾ ਹੈ। ਸਿਕੰਦਰ ਮਲੂਕਾ ਭਾਵੇਂ ਮੀਡੀਆ ’ਚ ਲੱਖ ਕਹੀ ਜਾਣ ਕਿ ਉਹ ਅਕਾਲੀ ਦਲ ਦੇ ਨਾਲ ਹਨ ਪਰ ਆਪਣੇ ਇਕਲੌਤੇ ਨੂੰਹ ਪੁੱਤ ਦਾ ਵਿਰੋਧ ਅਤੇ ਹਰਸਿਮਰਤ ਬਾਦਲ ਦੀ ਹਮਾਇਤ ’ਚ ਚੋਣ ਪ੍ਰਚਾਰ ਕਰਨਾ ਉਨ੍ਹਾਂ ਲਈ ਸੌਖਾਲਾ ਨਹੀਂ ਹੋਵੇਗਾ। ਵੱਡੀ ਗੱਲ ਹੈ ਕਿ ਹਰਸਿਮਰਤ ਬਾਦਲ ਦਾ ਲਗਾਤਾਰ ਘਟ ਰਿਹਾ ਵੋਟ ਪ੍ਰਤੀਸ਼ਤ ਅਕਾਲੀ ਦਲ ਲਈ ਸਿਰਦਰਦੀ ਬਣਿਆ ਹੋਇਆ ਹੈ। ਉੱਪਰੋਂ ਪਰਮਪਾਲ ਕੌਰ ਨੇ ਬਾਦਲਾਂ ਲਈ ਵੱਡੀ ਖੜ੍ਹੀ ਕਰ ਦਿੱਤੀ ਹੈ।
ਹਰਸਿਮਰਤ ਨੂੰ ਭਾਜਪਾ ਨਾਲ ਭਾਈਵਾਲੀ ਦੇ ਹੁੰਦਿਆਂ 2009 ਵਿੱਚ 50.51 ਫੀਸਦੀ, 2014 ਵਿੱਚ 43.73 ਫੀਸਦੀ ਅਤੇ 2019 ਵਿੱਚ 41.52 ਫੀਸਦੀ ਵੋਟਾਂ ਪਈਆਂ ਸਨ ਪਰ ਐਤਕੀ ਅਕਾਲੀ ਦਲ ਆਪਣੇ ਬਲਬੂਤੇ ਮੈਦਾਨ ’ਚ ਹੈ।ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੇ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ਕਰਨੀਆਂ ਆਰੰਭ ਦਿੱਤੀਆਂ ਹਨ ਜਿਸ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਣਾ ਹੈ। ਇਸ ਗਿਣਤੀ ਮਿਣਤੀ ਦੀ ਪੁਸ਼ਟੀ ਲੰਬੀ ਹਲਕੇ ਦੇ ਇੱਕ ਅਕਾਲੀ ਆਗੂ ਨੇ ਆਫ ਦਾ ਰਿਕਾਰਡ ਕੀਤੀ ਹੈ। ਦੂਜੇ ਪਾਸੇ ਇਸ ਤਰਾਂ ਦੇ ਤੱਥਾਂ ਨੂੰ ਦੇਖਦਿਆਂ ਬਠਿੰਡਾ ਸੰਸਦੀ ਹਲਕੇ ਦੀ ਥਾਂ ਫਿਰੋਜ਼ਪੁਰ ਹਲਕੇ ਦੀ ਚੋਣ ਕਰਨੀ ਜਲਦੀ ਹੀ ਨਵੇਂ ਸਿਆਸੀ ਰੰਗ ’ਚ ਚਮਕ ਸਕਦੀ ਹੈ। ਭਾਵੇਂ ਬਠਿੰਡਾ ਹਲਕਾ ਪਿਛਲੇ ਲੰਮੇਂ ਸਮੇਂ ਤੋਂ ਅਕਾਲੀ ਦਲ ਦੇ ਕਬਜੇ ਹੇਠ ਹੈ ਪਰ ਬਾਦਲਾਂ ਵੱਲੋਂ ਹੁਣ ਇਸ ਨੂੰ ਅਸੁਰੱਖਿਅਤ ਹਲਕਾ ਮੰਨਿਆ ਜਾਣ ਲੱਗਿਆ ਹੈ।
ਫਿਰੋਜ਼ਪੁਰ ਦਾ ਚੋਣ ਇਤਿਹਾਸ
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ 1998 ਤੋਂ 2019 ਤੱਕ ਅਕਾਲੀ ਦਲ ਉਮੀਦਵਾਰ ਹੀ ਜਿੱਤਦੇ ਆ ਰਹੇ ਹਨ। ਸਾਲ 2019 ਵਿੱਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਕਰੀਬ 2 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਸਾਲ 2014 ਦੀਆਂ ਦੀਆਂ ਚੋਣਾਂ ਵਿਚ ਅਕਾਲੀ ਦਲ ਤਰਫੋਂ ਚੋਣ ਲੜੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 31,420 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ। ਸਾਲ 2009 ਵਿਚ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਜਗਮੀਤ ਸਿੰਘ ਬਰਾੜ ਨੂੰ ਕਰੀਬ 21,071 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਾਲ 1998,1999 ਅਤੇ 2004 ਵਿੱਚ ਅਕਾਲੀ ਦਲ ਦੇ ਜੋਰਾ ਸਿੰਘ ਮਾਨ ਤਿੰਨ ਵਾਰ ਚੋਣ ਜਿੱਤੇ ਸਨ।
ਵਿਧਾਨ ਸਭਾ ਚੋਣਾਂ ’ਚ ਫਿਰਿਆ ਜਾੜੂ
ਸਾਲ 2022 ’ਚ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ’ਤੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਪਰ ਤਿੰੰਨ ਹਲਕਿਆਂ ’ਚ ਅਕਾਲੀ ਦਲ ਦੂਸਰੇ ਸਥਾਨ ਤੇ ਰਿਹਾ ਸੀ ਜੋਕਿ ਆਪ ਦੀ ਹਨੇਰੀ ’ਚ ਵੱਡੀ ਗੱਲ ਹੈ। ਫਿਰੋਜਪੁਰ ਦਿਹਾਤੀ ਹਲਕੇ ਤੋਂ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੇਤੂ ਅਤੇ ਅਕਾਲੀ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਦੂਸਰੇ ਸਥਾਨ ਤੇ ਰਹੇ ਸਨ। ਜ਼ੀਰਾ ਹਲਕੇ ਤੋਂ ਆਪ ਦੇ ਨਰੇਸ਼ ਕਟਾਰੀਆ ਜਿੱਤੇ ਅਤੇ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਦੂਸਰੇ ਸਥਾਨ ਤੇ ਰਹੇ ਸਨ। ਗੁਰੂਹਰਸਹਾਏ ਵਿੱਚ ਆਪ ਉਮੀਦਵਾਰ ਫੌਜਾ ਸਿੰਘ ਸਰਾਰੀ ਜਿੱਤਿਆ ਅਤੇ ਅਕਾਲੀ ਦਲ ਦਾ ਵਰਦੇਵ ਸਿੰਘ ਨੋਨੀ ਮਾਨ ਦੂਸਰੇ ਸਥਾਨ ਤੇ ਰਿਹਾ। ਸਿਰਫ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਚੌਥੇ ਸਥਾਨ ਤੇ ਰਿਹਾ ਸੀ ਜਦੋਂਕਿ ‘ਆਪ’ ਉਮੀਦਵਾਰ ਰਣਬੀਰ ਸਿੰਘ ਭੁੱਲਰ ਨੇ ਚੋਣ ਜਿੱਤੀ ਜਦੋਂਕਿ ਕਾਂਗਰਸ ਦੂਜੇ ਅਤੇ ਭਾਜਪਾ ਤੀਜੇ ਸਥਾਨ ਤੇ ਰਹੀ ਸੀ।
ਫਿਰੋਜ਼ਪੁਰ ਤੇ ਸਮੱਸਿਆਵਾਂ ਦੀ ਜੁਗਲਬੰਦੀ
ਸਰਹੱਦੀ ਹਲਕਾ ਫਿਰੋਜ਼ਪਰ ਵੱਡਾ ਸਬਰ ਰੱਖਦਾ ਹੈ। ਕੰਡਿਆਲੀ ਤਾਰ ਨੇੜਲੇ ਸੈਂਕੜੇ ਪਿੰਡਾਂ ’ਚ ਕਦੇ ਚੱਜ ਨਾਲ ਜ਼ਿੰਦਗੀ ਨਹੀਂ ਧੜਕੀ ਹੈ। ਫਿਰ ਵੀ ਲੋਕਇੱਕ ਨਵੀਂ ਆਸ ਨਾਲ ਤੇ ਭਰੋਸੇ ਨਾਲ ਈਵੀਐੱਮ ਦਾ ਬਟਨ ਦੱਬਣ ਲਈ ਕਤਾਰਾਂ ’ਚ ਲੱਗਦੇ ਹਨ । ਕੌਮਾਂਤਰੀ ਸੀਮਾ ’ਤੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਤਾਂ ਚੱਤੋ ਪਹਿਰ ਜੰਗ ਲੜਨੀ ਪੈਂਦੀ ਹੈ। ਸਤਲੁਜ ਦਰਿਆ ਤੋਂ ਪਾਰ ਦੇ ਪਿੰਡ ਤਾਂ ਦੁੱਖਾਂ ਦਾ ਟਾਪੂ ਜਾਪਦੇ ਹਨ। ਜਦੋਂ ਸਰਹੱਦੀ ਪਿੰਡਾਂ ਵੱਲ ਚੋਣਾਂ ਵਾਲੀਆਂ ਗੱਡੀਆਂ ਦੇ ਹੂਟਰ ਵੱਜਣ ਲੱਗਦੇ ਹਨ ਤਾਂ ਉਦੋਂ ਲੱਗਦਾ ਨਵੀਂ ਸਵੇਰ ਆਵੇਗੀ ਪਰ ਆਉਂਦੀ ਨਹੀਂ। ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਹੀ ਨਹੀਂ ਜੜ ਕੱਟਣ ਵਾਲੇ ਨੇਤਾ ਦੀ ਉਡੀਕ ਹੈ। ਬਠਿੰਡਾ ਹਲਕੇ ’ਚ ਬਾਦਲਾਂ ਦੀ ਨੂੰਹ ਨੇ ਚੰਗਾ ਵਿਕਾਸ ਕਰਵਾਇਆ ਹੈ ਜੋ ਇਸ ਹਲਕੇ ’ਚ ਸਿਆਸੀ ਠੁੰਮਣਾ ਬਣ ਸਕਦਾ ਹੈ।