ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਚੰਡੀਗੜ੍ਹ ਭਾਜਪਾ ਆਗੂਆਂ ਨਾਲ ਅਹਿਮ ਮੀਟਿੰਗ, ਕਾਂਗਰਸ 'ਤੇ ਸਾਧੇ ਨਿਸ਼ਾਨੇ
ਚੰਡੀਗੜ੍ਹ, 14 ਜੁਲਾਈ 2024- ਭਾਜਪਾ ਦੀ ਸੀਨੀਅਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਲਗਾਤਾਰ ਤੀਜੀਆਂ ਲੋਕ ਸਭਾ ਚੋਣਾਂ 'ਚ 100 ਸੀਟਾਂ ਵੀ ਨਹੀਂ ਜਿੱਤ ਸਕੀ ਅਤੇ ਇਸ ਚੋਣ 'ਚ ਉਸ ਨੂੰ ਤੀਜੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੀਤਾਰਮਨ ਚੰਡੀਗੜ੍ਹ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਬੋਲ ਰਹੇ ਸਨ, ਜਿੱਥੇ ਉਹ ਮੁੱਖ ਮਹਿਮਾਨ ਸਨ। ਬਾਅਦ ਵਿੱਚ ਉਨ੍ਹਾਂ ਨੇ ਵਪਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ 14 ਰਾਜਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ। ਕੁੱਲ 13 INDIA ਗਠਜੋੜ ਪਾਰਟੀਆਂ ਸਿਰਫ਼ 232 ਸੀਟਾਂ ਹੀ ਜਿੱਤ ਸਕੀਆਂ, ਜਦਕਿ ਭਾਜਪਾ ਨੇ ਆਪਣੇ ਦਮ 'ਤੇ 242 ਸੀਟਾਂ ਜਿੱਤੀਆਂ। "ਪਰ ਉਹ ਇਸ ਤਰ੍ਹਾਂ ਜਸ਼ਨ ਮਨਾ ਰਹੇ ਹਨ ਜਿਵੇਂ ਉਨ੍ਹਾਂ ਨੇ ਚੋਣਾਂ ਜਿੱਤ ਲਈਆਂ ਹਨ। ਪਿਛਲੀਆਂ 10 ਲੋਕ ਸਭਾ ਚੋਣਾਂ, ਜੋ ਕਿ 1984 ਤੋਂ 2024 ਤੱਕ ਹਨ, ਵਿੱਚ ਕਾਂਗਰਸ 250 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।"
ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ਇਸ ਦੇ ਸਮਰਥਕ ਹਰ ਮੁੱਦੇ 'ਤੇ ਸੁਪਰੀਮ ਕੋਰਟ ਗਏ ਪਰ ਫੈਸਲਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ 'ਚ ਆਇਆ। ਰਾਹੁਲ ਗਾਂਧੀ ਨੇ RSS ਨੂੰ ਗਾਲ੍ਹਾਂ ਕੱਢੀਆਂ, ਅਦਾਲਤ 'ਚ ਮੁਆਫੀ ਮੰਗਣੀ ਪਈ। ਕਾਂਗਰਸ ਨੇ ਕਿਹਾ ਕਿ ਰਾਫੇਲ ਸੌਦੇ 'ਚ ਭ੍ਰਿਸ਼ਟਾਚਾਰ ਹੋਇਆ, ਉਨ੍ਹਾਂ ਨੂੰ ਮੁੜ ਅਦਾਲਤ 'ਚ ਮੁਆਫੀ ਮੰਗਣੀ ਪਈ।