ਕੇਂਦਰੀ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀਆਂ ਨੇ ਰੁੱਖ ਲਗਾ ਕੇ ਕੀਤੀ ਸਿੱਖਿਆ ਸੈਸ਼ਨ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2024: ਕੇਂਦਰੀ ਯੂਨੀਵਰਸਿਟੀ ਦੇ ਐਨ.ਐਸ.ਐਸ ਸੈੱਲ ਨੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਤਹਿਤ ਯੂਨੀਵਰਸਿਟੀ ਕੈਂਪਸ ਆਏ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੇ ਰੁੱਖ ਲਾਉਣ ਪਿੱਛੋਂ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਕੀਤੀ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਇਸ ਮੁਹਿੰਮ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਸਮਾਂ ਸਮਰਪਿਤ ਕਰਨ ਦੇ ਨਾਲ-ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਵੇਂ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਰੁੱਖ ਲਗਾਉਣ ਦੀ ਮੁਹਿੰਮ ਨਾ ਸਿਰਫ਼ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਬਲਕਿ ਇਹ ਵਾਤਾਵਰਣ ਦੀ ਸਥਿਰਤਾ ਅਤੇ ਭਾਈਚਾਰੇ ਦੀ ਸ਼ਮੂਲੀਅਤ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ।
ਰੁੱਖ ਲਗਾਉਣ ਦੀ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਬਾਗਬਾਨੀ ਸਲਾਹਕਾਰ ਸ੍ਰੀ ਬੀ.ਕੇ. ਤ੍ਰਿਪਾਠੀ ਦੀ ਦੇਖ-ਰੇਖ ਹੇਠ ਸੁਖਚੈਨ, ਨਿੰਮ, ਡੇਕ, ਜੈਕਰੰਡਾ, ਜਾਮੁਨ, ਅਮਰੂਦ, ਬਲਮਖੀਰਾ, ਸ਼ੀਸ਼ਮ ਅਤੇ ਚਕਰੇਸ਼ੀਆ ਦੇ 500 ਤੋਂ ਵੱਧ ਬੂਟੇ ਲਗਾਏ। ਇਸ ਪ੍ਰੋਗਰਾਮ ਵਿੱਚ ਪ੍ਰੋ. ਵਿਨੋਦ ਪਠਾਨੀਆ, ਪ੍ਰੋ. ਜੇ.ਕੇ. ਪਟਨਾਇਕ ਅਤੇ ਹੋਰ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ।
ਇਹ ਬੂਟੇ ਸ਼੍ਰੀ ਅਭਿਸ਼ੇਕ ਕੁਮਾਰ ਸ਼ਰਮਾ, ਡਿਪਟੀ ਜਨਰਲ ਮੈਨੇਜਰ, ਪ੍ਰਸ਼ਾਸਕੀ ਦਫ਼ਤਰ, ਐਸ.ਬੀ.ਆਈ, ਬਠਿੰਡਾ ਦੀ ਅਗਵਾਈ ਹੇਠ ਸਟੇਟ ਬੈਂਕ ਆਫ਼ ਇੰਡੀਆ ਦੀ ਟੀਮ ਵੱਲੋਂ ਪ੍ਰਦਾਨ ਕੀਤੇ ਗਏ ਸਨ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਅੰਤ ਵਿੱਚ ਡੀਨ ਸਟੂਡੈਂਟ ਵੈਲਫੇਅਰ ਅਤੇ ਬੋਟੈਨੀਕਲ ਗਾਰਡਨ ਦੇ ਇੰਚਾਰਜ ਪ੍ਰੋਫੈਸਰ ਸੰਜੀਵ ਠਾਕੁਰ ਅਤੇ ਐਨਐਸਐਸ ਸੈੱਲ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋਫੈਸਰ ਦੀਪਕ ਕੁਮਾਰ ਚੌਹਾਨ ਨੇ ਧੰਨਵਾਦ ਕੀਤਾ।