ਕੇਜਰੀਵਾਲ ਤੋਂ ਬਿਨਾਂ ਪਾਰਟੀ ਚਲਾ ਰਹੇ 'ਆਪ' ਦੇ ਚਾਣਕਿਆ ਕਹੇ ਜਾਣ ਵਾਲੇ ਸੰਦੀਪ ਪਾਠਕ ਕੌਣ ਹਨ ?
- ਜੋ ਭਾਜਪਾ ਨੂੰ ਭ੍ਰਿਸ਼ਟ ਜਨਤਾ ਪਾਰਟੀ ਦੇ ਇੱਕ ਹੋਰ ਨਾਂ ਨਾਲ ਪੁਕਾਰ ਰਹੇ ਹਨ।
ਦੀਪਕ ਗਰਗ
ਲੁਧਿਆਣਾ ਦਿੱਲੀ : 2 ਅਪ੍ਰੈਲ 2024 - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸੀਐਮ ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਲਈ ਛੇ ਲੋਕਾਂ ਦੇ ਨਾਮ ਦਿੱਤੇ ਹਨ, ਇਨ੍ਹਾਂ ਵਿੱਚ ਪਤਨੀ ਸੁਨੀਤਾ ਕੇਜਰੀਵਾਲ, ਪੁੱਤਰ-ਧੀ, ਵਿਭਵ ਕੁਮਾਰ ਅਤੇ ਕੇਜਰੀਵਾਲ ਦੇ ਖਾਸ ਦੋਸਤ ਸੰਦੀਪ ਪਾਠਕ ਦੇ ਨਾਮ ਸ਼ਾਮਲ ਹਨ।
'ਆਪ' ਆਗੂ ਸੰਦੀਪ ਪਾਠਕ ਦਾ ਕਹਿਣਾ ਹੈ, "ਦਿੱਲੀ ਦੇ ਹਰ ਪਰਿਵਾਰ 'ਚ ਕੇਜਰੀਵਾਲ ਹੈ। ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਦਿੱਲੀ 'ਚ ਲੱਖਾਂ ਕੇਜਰੀਵਾਲ ਹਨ ਅਤੇ ਉਹ ਸੜਕਾਂ 'ਤੇ ਨਿਕਲ ਆਉਣਗੇ... ਪਾਰਟੀ ਕਿਵੇਂ ਚੱਲੇਗੀ ਇਸ ਬਾਰੇ ਸ਼ੰਕੇ ਹਨ।ਪਾਰਟੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਚਲਦੀ ਰਹੀ ਹੈ ਅਤੇ ਚੱਲਦੀ ਰਹੇਗੀ। ਉਹ ਬਾਹਰ ਨਾਲੋਂ ਜੇਲ੍ਹ ਦੇ ਅੰਦਰ ਬਹੁਤ ਮਜ਼ਬੂਤ ਹਨ...ਭਾਜਪਾ ਨੇ ਬਹੁਤ ਵੱਡੀ ਭੁੱਲ ਕੀਤੀ ਹੈ। ਉਸ ਦੀ ਸਿਆਸੀ ਰਣਨੀਤੀ ਫੇਲ੍ਹ ਹੋ ਗਈ ਹੈ। ...ਜਨਤਾ ਉਨ੍ਹਾਂ ਨੂੰ ਸਰਕਾਰ ਚਲਾਉਣ ਲਈ ਕਹਿ ਰਹੀ ਹੈ ਜਿੱਥੇ ਵੀ ਉਹ ਹਨ..."
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਈਡੀ ਵਿੱਚ ਫਸਣ ਤੋਂ ਬਾਅਦ ਅਤੇ ਹੁਣ ਜੇਲ੍ਹ ਵਿੱਚ ਬੰਦ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਸਾਰਾ ਕੰਮ ਸੰਭਾਲ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਬਦਲਣ ਦਾ ਦੌਰ ਸ਼ੁਰੂ ਹੋ ਗਿਆ ਹੈ। ਸਾਰੀਆਂ ਪਾਰਟੀਆਂ ਆਪਣੇ ਆਗੂਆਂ ਨੂੰ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਮੀਟਿੰਗਾਂ ਕਰ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਡਾ: ਸੰਦੀਪ ਪਾਠਕ ਨਿਰਧਾਰਿਤ ਪ੍ਰੋਗਰਾਮ ਤੋਂ 2 ਘੰਟੇ ਲੇਟ ਲੁਧਿਆਣਾ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਭ੍ਰਿਸ਼ਟ ਜਨਤਾ ਪਾਰਟੀ ਦਾ ਇਕ ਹੋਰ ਨਾਂ ਦਿੱਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਨੂੰ ਜੇਲ੍ਹ ਵਿੱਚ ਡੱਕਣ ਜਾਂ ਧਮਕੀਆਂ ਦੇਣ ਨਾਲ ਨਹੀਂ ਡਰਦੀ। ਸਗੋਂ ਅਸੀਂ ਜਨਤਾ ਦੇ ਸੱਚੇ ਸੇਵਕ ਹਾਂ ਅਤੇ ਜਨਤਾ ਸਭ ਕੁਝ ਜਾਣਦੀ ਹੈ।
ਸੰਦੀਪ ਪਾਠਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਚਲ ਰਹੀ ਹੈ। ਕਈ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਸੂਚੀ ਵਿੱਚ ਦਿੱਲੀ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਦਾ ਨਾਂ ਸ਼ਾਮਲ ਨਹੀਂ ਕੀਤਾ ਹੈ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸੰਦੀਪ ਪਾਠਕ ਕੌਣ ਹੈ ਅਤੇ ਤਿਹਾੜ ਜੇਲ 'ਚ ਲਗਾਤਾਰ ਉਸ ਨੂੰ ਕਿਉਂ ਮਿਲਣਾ ਚਾਹੁੰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸੰਦੀਪ ਪਾਠਕ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਹਨ ਅਤੇ ਕੇਜਰੀਵਾਲ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ।
ਸੰਦੀਪ ਪਾਠਕ ਅਪ੍ਰੈਲ 2022 ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ। ਉਹ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਜਾਬ-ਹਿਮਾਚਲ ਪ੍ਰਦੇਸ਼ ਵਿੱਚ ‘ਆਪ’ ਦੇ ਸਹਿ-ਇੰਚਾਰਜ ਹਨ। ਉਨ੍ਹਾਂ ਨੂੰ ਰਾਜਨੀਤੀ ਦਾ ਕਾਫੀ ਤਜ਼ਰਬਾ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਗੈਰ-ਮੌਜੂਦਗੀ 'ਚ ਵੀ ਉਹੀ ਕੰਮ ਸੰਭਾਲ ਰਹੇ ਹਨ। ਉਹ ਅਰਵਿੰਦ ਕੇਜਰੀਵਾਲ ਦੇ ਕਰੀਬੀ ਹਨ।
ਇਸ ਤਰ੍ਹਾਂ ਬਣੇ ਰਾਜ ਸਭਾ ਮੈਂਬਰ: ਤੁਹਾਨੂੰ ਦੱਸ ਦੇਈਏ ਕਿ ਸੰਦੀਪ ਪਾਠਕ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ‘ਚਾਣਕਿਆ’ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਪੰਜਾਬ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ 'ਚ ਪੰਜਾਬ 'ਚ 'ਆਪ' ਦੀ ਸਰਕਾਰ ਬਣੀ। ਪਾਰਟੀ ਨੇ ਗੁਜਰਾਤ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕੇਜਰੀਵਾਲ ਨੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਸੰਸਦ ਮੈਂਬਰ ਬਣਾਇਆ।
ਪਾਰਟੀ ਨੂੰ ਮਜ਼ਬੂਤ ਕੀਤਾ: ਸੰਦੀਪ ਪਾਠਕ ਦੇ ਤਜ਼ਰਬੇ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਵੀ ਬਣਾਇਆ। ਉਹ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਦੇਖ-ਰੇਖ ਕਰਨ ਵਾਲੀ ਕਮੇਟੀ ਦੇ ਸਥਾਈ ਮੈਂਬਰ ਵੀ ਹਨ। ਹੁਣ ਕੇਜਰੀਵਾਲ ਦੀ ਗੈਰ-ਹਾਜ਼ਰੀ ਵਿੱਚ ਪਾਰਟੀ, ਆਗੂਆਂ, ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਦਾ ਮਨੋਬਲ ਬਣਾਈ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਨ੍ਹਾਂ ਨੇ ਹੀ ਪੰਜਾਬ ਵਿਚ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕੀਤਾ।
ਸੰਦੀਪ ਪਾਠਕ ਦਾ ਪਿਛੋਕੜ:
ਡਾ: ਸੰਦੀਪ ਪਾਠਕ ਆਈਆਈਟੀ ਦਿੱਲੀ ਵਿੱਚ ਸਹਾਇਕ ਪ੍ਰੋਫੈਸਰ ਰਹਿ ਚੁੱਕੇ ਹਨ। ਸੰਦੀਪ ਪਾਠਕ ਨੇ ਸਾਲ 2011 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਸੀ।
ਸੰਦੀਪ ਪਾਠਕ ਛੱਤੀਸਗੜ੍ਹ ਦੇ ਬਟਾਹਾ ਪਿੰਡ ਦਾ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 1979 ਵਿੱਚ ਹੋਇਆ ਸੀ। ਸੰਦੀਪ ਪਾਠਕ ਨੇ ਆਪਣੀ ਮੁੱਢਲੀ ਪੜ੍ਹਾਈ ਬਿਲਾਸਪੁਰ ਤੋਂ ਕੀਤੀ। ਸੰਦੀਪ ਪਾਠਕ ਅਗਲੇਰੀ ਪੜ੍ਹਾਈ ਲਈ ਬਿਲਾਸਪੁਰ ਵਿੱਚ ਹੀ ਸਨ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਅਤੇ ਮਾਸਟਰ ਦੀ ਡਿਗਰੀ ਛੱਤੀਸਗੜ੍ਹ ਤੋਂ ਹੀ ਕੀਤੀ ਹੈ।
ਸੰਦੀਪ ਪਾਠਕ ਅਗਲੇਰੀ ਪੜ੍ਹਾਈ ਲਈ ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ, ਹੈਦਰਾਬਾਦ ਅਤੇ ਨੈਸ਼ਨਲ ਕੈਮੀਕਲ ਲੈਬਾਰਟਰੀ, ਪੁਣੇ ਗਏ। ਇਸ ਤੋਂ ਬਾਅਦ ਉਹ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਚਲੇ ਗਏ।
ਸੰਦੀਪ ਪਾਠਕ ਆਕਸਫੋਰਡ ਯੂਨੀਵਰਸਿਟੀ ਅਤੇ ਐਮਆਈਟੀ ਵਿੱਚ ਵੀ ਖੋਜ ਕਰ ਚੁੱਕੇ ਹਨ। ਸੰਦੀਪ ਨੇ 43 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਰਿਪੋਰਟ ਅਨੁਸਾਰ 2011 ਤੋਂ 2021 ਤੱਕ ਸੰਦੀਪ ਪਾਠਕ ਨੇ 490 ਖੋਜ ਕਾਰਜਾਂ ਵਿੱਚ ਸਹਾਇਕ ਲੇਖਕ ਵਜੋਂ ਕੰਮ ਕੀਤਾ ਹੈ।