ਕੋਟਭਾਈ ਥਾਣੇ ਡੱਕੀਆਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਆਈਆਂ ਆਂਗਣਵਾੜੀ ਵਰਕਰਾਂ
ਅਸ਼ੋਕ ਵਰਮਾ
ਗਿੱਦੜਬਾਹਾ, 27 ਜੁਲਾਈ 2024: ਸਾਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੇ ਭਾਵੇਂ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀਆਂ , ਬੇਰੁਜ਼ਗਾਰ ਜਥੇਬੰਦੀਆਂ ਅਤੇ ਤੇ ਹੋਰ ਲੋਕ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਆਏਂ ਸਨ । ਜਿਸ ਥਾਂ ਤੇ ਨਹਿਰਾਂ ਉੱਤੇ ਭਗਵੰਤ ਮਾਨ ਨੇ ਨੀਂਹ ਪੱਥਰ ਰੱਖਣਾ ਸੀ ਉਥੇ ਸੀ ਸਾਰੇ ਪਹੁੰਚੇ ਹੋਏ ਸਨ ਪਰ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਜਥੇਬੰਦੀਆਂ ਵਾਲਿਆਂ ਨੂੰ ਇਹ ਕਹਿ ਕੇ ਪਿੰਡ ਭਲਾਈਆਣਾ ਦੀ ਦਾਣਾ ਮੰਡੀ ਵਿੱਚ ਲੈ ਗਏ ਕਿ ਮੁੱਖ ਮੰਤਰੀ ਦਾ ਜਹਾਜ਼ ਉਥੇ ਉਤਾਰਿਆ ਜਾਵੇਗਾ ਤੇ ਉਹਨਾਂ ਨਾਲ ਤੁਹਾਨੂੰ ਉਥੇ ਹੀ ਮਿਲਾਇਆ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਹੈਰਾਨੀ ਭਰੀ ਗੱਲ ਇਹ ਹੈ ਕਿ ਕਿਸੇ ਜਥੇਬੰਦੀ ਵਾਲੇ ਬੰਦੇ ਨੂੰ ਪੁਲਿਸ ਨੇ ਨਹੀਂ ਫੜਿਆ ਪਰ ਆਲ ਪੰਜਾਬ ਆਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸੰਬੰਧਤ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਫੜ ਕੇ ਕੋਟਭਾਈ ਥਾਣੇ ਵਿੱਚ ਲੈ ਗਈ ਤੇ ਉਥੇ ਉਹਨਾਂ ਨੂੰ ਬੰਦ ਕਰ ਦਿੱਤਾ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੁਰੰਤ ਕੋਟਭਾਈ ਥਾਣੇ ਵਿੱਚ ਪਹੁੰਚ ਗਏ । ਉਹਨਾਂ ਦੇ ਪਹੁੰਚਣ ਤੇ ਵਰਕਰਾਂ ਨੇ ਪੰਜਾਬ ਪੁਲਿਸ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ । ਵਰਕਰਾਂ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਧੱਕਾਮੁੱਕੀ ਕੀਤੀ ਹੈ । ਉਹਨਾਂ ਦੇ ਮੋਬਾਈਲ ਫੋਨ ਫੜ ਲਏ ਤੇ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ । ਇਕ ਵਰਕਰ ਦਾ ਫੋਨ ਟੁੱਟ ਵੀ ਗਿਆ।
ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਸਧਾਰਨ ਘਰ ਦੇ ਮੁੰਡੇ ਦੀ ਆਮਦ ਤੇ ਪੁਲਿਸ ਨੂੰ ਇਹਨਾਂ ਔਰਤਾਂ ਤੋਂ ਕੀ ਖਤਰਾ ਸੀ । ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਔਰਤਾਂ ਤੋਂ ਪਤਾ ਨਹੀਂ ਕਿਉਂ ਡਰ ਰਿਹਾ ਹੈ । ਉਹਨਾਂ ਇਸ ਘਟਨਾ ਦੀ ਜੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਬਦਲਾਅ ਵਾਲੀ ਸਰਕਾਰ ਹੁਣ ਔਰਤਾਂ ਤੋਂ ਮੰਗ ਪੱਤਰ ਫੜਨ ਵੇਲੇ ਵੀ ਡਰ ਰਹੀ ਹੈ । ਇਸੇ ਦੌਰਾਨ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ , ਬਲਾਕ ਮਲੋਟ ਦੀ ਪ੍ਰਧਾਨ ਕਿਰਨਜੀਤ ਕੌਰ ਭੰਗਚੜੀ ਅਤੇ ਕਿਰਨਪਾਲ ਕੌਰ ਮਹਾਂਬੱਧਰ ਵੀ ਕੋਟਭਾਈ ਥਾਣੇ ਵਿੱਚ ਇਹਨਾਂ ਵਰਕਰਾਂ ਦੀ ਹਮਾਇਤ ਤੇ ਪਹੁੰਚ ਗਈਆਂ ਸਨ । ਉਹਨਾਂ ਨੇ ਪੁਲਿਸ ਵਾਲਿਆਂ ਕੋਲੋਂ ਵਰਕਰਾਂ ਦੇ ਮੋਬਾਈਲ ਫੋਨ ਵਾਪਸ ਦੁਆਏ ਅਤੇ ਉਹਨਾਂ ਨੂੰ ਥਾਣੇ ਵਿੱਚੋਂ ਬਾਹਰ ਲਿਆਂਦਾ । ਜਿੰਨ੍ਹਾਂ ਵਰਕਰਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ਉਹਨਾਂ ਵਿੱਚ ਸੁਖਵਿੰਦਰ ਕੌਰ ਸੰਗੂਧੌਣ , ਮਲਕੀਤ ਕੌਰ ਸੰਗੂਧੌਣ , ਪਰਵਿੰਦਰ ਕੌਰ ਮੁਕਤਸਰ , ਨਰਿੰਦਰ ਕੌਰ ਮੁਕਤਸਰ , ਕਰਮਜੀਤ ਕੌਰ ਭੰਗਚੜੀ , ਜਸਪਾਲ ਕੌਰ ਰੁਪਾਣਾ , ਮਨਜੀਤ ਕੌਰ ਰੁਪਾਣਾ ਅਤੇ ਭਿੰਦਰ ਕੌਰ ਦੋਦਾ ਦੇ ਨਾਂ ਸ਼ਾਮਲ ਹਨ ।