ਗਰੀਨ ਸਿਟੀ ਗਰੁੱਪ ਤਰਫੋਂ ਸੀਜੇਐਮ ਅਤੇ ਜੱਜਾਂ ਨੇ ਸਕੂਲਾਂ ’ਚ ਲਾਏ ਪੌਦੇ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2024: ਲਿਓਜ਼ ਗਰੀਨ ਸਿਟੀ ਅਤੇ ਘਨਈਆ ਗਰੀਨ ਸਿਟੀ ਗਰੁੱਪਾਂ ਦੀ ਮੁਫਤ ਪੌਦੇ ਵੰਡਣ ਅਤੇ ਲਾਉਣ ਵਾਲੀ ਮੁਹਿੰਮ ਤਹਿਤ ਸੀਜੇਐਮ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਸੁਰੇਸ਼ ਕੁਮਾਰ ਗੋਇਲ ਅਤੇ ਸਿਖਲਾਈ ਹਾਸਲ ਕਰਨ ਵਾਲੇ ਸੱਤ ਜੱਜਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫੱਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ’ਚ ਪੌਦੇ ਲਾਏ ਅਤੇ ਵੰਡੇ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਰਕਾਰੀ ਸਕੂਲ ਕੋਟਫੱਤਾ ਦੇ ਪ੍ਰਿੰਸੀਪਲ ਸੰਜੀਵ ਨਾਗਪਾਲ ਅਤੇ ਮਾਈਸਰਖਾਨਾ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਜਸਬੀਰ ਕੌਰ ਨੇ ਜੀ ਆਇਆਂ ਆਖਿਆ।
ਇਸ ਮੌਕੇ ਦੋਵਾਂ ਸਕੂਲਾਂ ਸਮੇਤ ਵੱਖ ਵੱਖ ਥਾਵਾਂ ਤੇ ਤਕਰੀਬਨ 280 ਪੌਦੇ ਵੰਡੇ ਗਏ ਜਿਸ ਲਈ ਸਮਾਜ ਸੇਵੀ ਰਕੇਸ਼ ਨਰੂਲਾ ਦਾ ਸਹਿਯੋਗ ਰਿਹਾ। ਸੀਜੇਐਮ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਕਿਹਾ ਕਿ ਜਿਸ ਤਰਾਂ ਜੀਵਨ ਨੂੰ ਸਾਫ ਸੁਥਰਾ ਬਨਾਉਣਾ ਜਰੂਰੀ ਹੈ ਉਸੇ ਤਰਾਂ ਹੀ ਪੌਦੇ ਲਾਉਣੇ ਅਤੇ ਉਨ੍ਹਾਂ ਦੀ ਸੰਭਾਲ ਵੀ ਲਾਜਮੀ ਹੈ। ਉਨ੍ਹਾਂ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਕਾਨਾਂ ਸਬੰਧੀ ਵੀ ਜਾਣਕਾਰੀ ਦਿੱਤੀ। ਘਨਈਆ ਗਰੀਨ ਸਿਟੀ ਗਰੁੱਪ ਦੇ ਐਮਡੀ ਡੀਪੀ ਗੋਇਲ ਨੇ ਸਮੂਹ ਵਿਦਵਾਨ ਜੱਜਾਂ ਦਾ ਇਸ ਮੁਹਿੰਮ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਗਰੀਨ ਸਿਟੀ ਤੇ ਆਪਣੇ ਨਾਮ ਦੇ ਮੁਤਾਬਕ ਹਮੇਸ਼ਾ ਹਰਿਆਲੀ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸੇ ਪ੍ਰੋਗਰਾਮ ਤਹਿਤ ਸ਼ਹਿਰ ਸਮੇਤ ਬਠਿੰਡਾ ਜਿਲ੍ਹੇ ’ਚ ਪੌਦਿਆਂ ਦੀ ਵੰਡ ਕੀਤੀ ਜਾ ਰਹੀ ਹੈ। ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਨੇ ਕਿਹਾ ਕਿ ਉਹ ਰੋਜਾਨਾ ਆਪਣੇ ਸਾਈਕਲ ਤੇ ਪੌਦੇ ਵੰਡਣ ਦੇ ਨਾਲ ਨਾਲ ਰਸੋਈ ਚੋਂ ਨਿੱਕਲੇ ਕੂੜੇ ਤੋਂ ਤਿਆਰ ਕੁਦਰਤੀ ਖਾਦ ਮੁਫਤ ਵੰਡੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਸਰਕਾਰੀ ਸਕੂਲ ਕੋਟਫੱਤਾ ’ਚ ਕੰਪੋਸਟ ਪਿੱਟ ਸ਼ੁਰੂ ਕਰਵਾਈ। ਇਸ ਮੈਕੇ ਅਧਿਆਪਕ ਗੁਰਮੀਤ ਸਿੰਘ ਸਿੱਧੂ , ਦੋਵਾਂ ਸਕੂਲਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।