ਗੁਰਦਾਸਪੁਰ: ਕਰਮਚਾਰੀਆਂ ਨੇ ਮਿਲਕ ਪਲਾਂਟ ਦਾ ਗੇਟ ਦੋ ਘੰਟੇ ਲਈ ਕੀਤਾ ਬੰਦ
ਆਪਣੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ ਕੀਤਾ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 26 ਜੁਲਾਈ 2024: ਮਿਲਕਫੈੱਡ ਅਤੇ ਇਸ ਨਾਲ ਸਬੰਧਤ ਮਿਲਕ ਯੂਨੀਅਨਾਂ ਵਿੱਚ ਮੁਲਾਜ਼ਮਾਂ ਨੇ CTC Service Rules 2018 ਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੰਦੇ ਹੋਏ ਦੋ ਘੰਟੇ ਲਈ ਮਿਲਕ ਪਲਾਂਟ ਦਾ ਗੇਟ ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਇਹ ਪ੍ਰਦਰਸ਼ਨ 11 ਵਜੇ ਤੱਕ ਚਲਿਆ । ਕਰਮਚਾਰੀਆਂ ਨੇ ਦੱਸਿਆ ਕਿ ਅਜਿਹੇ ਪ੍ਰਦਰਸ਼ਨ ਪੂਰੇ ਪੰਜਾਬ ਭਰ ਵਿੱਚ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਹਨ।
ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹੈ ਮਿਲਕਫੈੱਡ ਇਕ ਸਹਿਕਾਰੀ ਸੰਸਥਾ ਹੈ। ਪੰਜਾਬ ਵਿੱਚ ਕਿਸੇ ਵੀ ਸਹਿਕਾਰੀ ਸੰਸਥਾ ਵਿੱਚ ਸੀਟੀਸੀ ਸਰਵਿਸ ਰੂਲ ਲਾਗੂ ਨਹੀਂ ਹਨ। ਪਰ ਮਿਲਕ ਫੈਡ ਦੇ ਕਰਮਚਾਰੀਆਂ ਲਈ ਜਦੋਂ ਦੇ ਇਹ ਰੂਲ ਲਾਗੂ ਕੀਤੇ ਗਏ ਹਨ ਉਦੋਂ ਦਾ ਕੋਈ ਵੀ ਕਰਮਚਾਰੀ ਸੰਸਥਾ ਵਿੱਚ ਕੰਮ ਕਰਕੇ ਖੁਸ਼ ਨਹੀਂ ਹੈ।
ਨਵੀਂ CTC Service Rules 2018 ਰਾਹੀਂ ਕੀਤੀ ਭਰਤੀ ਵਿਚੋਂ ਤਕਰੀਬਨ 80% ਕਰਮਚਾਰੀ ਆਪਣੀਆਂ ਨੌਕਰੀਆਂ ਤੂੰ ਅਸਤੀਫਾ ਦੇ ਚੁੱਕੇ ਹਨ। ਮਿਲਕਫੈੱਡ ਵਿੱਚ ਪੱਕੇ ਕਰਮਚਾਰੀ ਵੀ ਨਾ ਮਾਤਰ ਹੀ ਰਹਿ ਗਏ ਹਨ, ਜਿਸ ਕਾਰਨ ਮਿਲਕਫੈੱਡ ਦਾ ਪਤਨ ਸ਼ੁਰੂ ਹੋ ਗਿਆ ਹੈ। ਸਟੇਟ ਪੱਧਰੀ ਜੱਥੇਬੰਦੀ ਵਲੋਂ ਇਸ ਸਬੰਧੀ ਪ੍ਰਬੰਧ ਨਿਰਦੇਸ਼ਕ ਨੂੰ ਕਈ ਵਾਰ ਆਪਣੇ ਪੁੱਤਰਾਂ ਰਾਹੀਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਵਿੱਚ ਮਿਲਕਫੈੱਡ ਮਾਰੂ CTC Service Rules 2018 ਨੂੰ ਖ਼ਤਮ ਕਰਨ ਲਈ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ।
ਪ੍ਰੰਤੂ ਹੁਣ ਤਕ ਇਹ ਰੂਲ ਸੰਸਥਾ ਵਿੱਚ ਉਸੇ ਤਰ੍ਹਾਂ ਚੱਲ ਰਹੇ ਹਨ। ਮਿਲਕਫੈੱਡ ਅਤੇ ਵਰਕਰ ਯੂਨੀਅਨ ਪੰਜਾਬ ਵਲੋਂ ETC Service Rules 2018 ਨੂੰ ਰੱਦ ਕਰਵਾਉਣ ਲਈ ਮਿਤੀ 24.07.2024 ਦਿਨ ਬੁੱਧਵਾਰ ਨੂੰ ਮਿਲਕ ਪਲਾਂਟ ਮੋਹਾਲੀ ਵਿਖੇ ਅਣਮਿਥੇ ਸਮੇਂ ਦਾ ਧਰਨਾ ਰੱਖਿਆ ਗਿਆ ਸੀ ਪਰ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਇਸ ਨੂੰ ਅੱਗੇ ਪਾ ਕੇ 5 ਅਗਸਤ ਕਰ ਦਿੱਤਾ ਗਿਆ ਹੈ।
ਮੁਲਾਜ਼ਮ ਆਗੂ ਨੇ ਦੱਸਿਆ ਕਿ ਪੰਜ ਅਗਸਤ ਤੱਕ ਪੰਜਾਬ ਭਰ ਵਿੱਚ ਇਵੇਂ ਹੀ ਮੁਲਾਜ਼ਮਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੰਜ ਅਗਸਤ ਤੋਂ ਮੋਹਾਲੀ ਵਿਖੇ ਪੱਕਾ ਮੋਰਚਾ ਲਗਾ ਲਿਆ ਜਾਵੇਗਾ ਜੋ ਉਦੋਂ ਤੱਕ ਚਲੇਗਾ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ।