ਦਿਲਜੀਤ ਦੋਸਾਂਝ ਦਾ ਵਿਆਹ ਹੋਇਆ ਜਾਂ ਨਹੀਂ, ਬਣਿਆ ਗੁੱਝਾ ਭੇਤ
ਚੰਡੀਗੜ੍ਹ, 13 ਅਪ੍ਰੈਲ 2024- ਨੈੱਟਫਲਿਕਸ 'ਤੇ ਰਿਲੀਜ਼ ਹੋਈ 'ਚਮਕੀਲਾ' 'ਚ ਪ੍ਰਸਿੱਧ ਐਕਟਰ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਅ ਰਹੇ ਹਨ। ਇਸ 'ਚ ਉਨ੍ਹਾਂ ਦੇ ਨਾਲ ਪਰਿਣੀਤੀ ਚੋਪੜਾ ਨਜ਼ਰ ਆ ਰਹੀ ਹੈ ਅਤੇ ਇਸ ਫਿਲਮ ਨੂੰ ਲੋਕਾਂ ਦਾ ਚੰਗਾ ਰਿਸਪਾਂਸ ਵੀ ਮਿਲ ਰਿਹਾ ਹੈ। ਹਾਲਾਂਕਿ ਇਸ ਵਿਚਕਾਰ ਦਿਲਜੀਤ ਦੋਸਾਂਝ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਦੱਸਿਆ ਗਿਆ ਕਿ ਦਿਲਜੀਤ ਦੋਸਾਂਝ ਦਾ ਵਿਆਹ ਇਕ ਇੰਡੋ-ਅਮਰੀਕਨ ਔਰਤ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਇਸ ਸਮੇਂ ਦਿਲਜੀਤ ਅਤੇ ਇੱਕ ਹੋਰ ਔਰਤ ਸੰਦੀਪ ਕੌਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਉਕਤ ਤਸਵੀਰਾਂ ਬਾਰੇ ਜਦੋਂ ਬਾਬੂਸ਼ਾਹੀ ਵੱਲੋਂ ਫੈਕਟ ਚੈੱਕ ਕੀਤਾ ਗਿਆ ਤਾਂ, ਪਤਾ ਲੱਗਿਆ ਕਿ, ਤਸਵੀਰ 'ਚ ਨਜ਼ਰ ਆ ਰਹੀ ਔਰਤ ਦਿਲਜੀਤ ਦੀ ਪਤਨੀ ਨਹੀਂ, ਸਗੋਂ 2015 'ਚ ਆਈ ਪੰਜਾਬੀ ਫਿਲਮ 'ਮੁਖਤਿਆਰ ਚੱਢਾ' 'ਚ ਉਨ੍ਹਾਂ ਦੀ ਕੋ-ਸਟਾਰ ਓਸ਼ੀਨ ਬਰਾੜ ਹੈ। ਓਸ਼ਿਨ ਅਤੇ ਦਿਲਜੀਤ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਓਸ਼ੀਨ ਬਰਾੜ ਦੀ ਲਿਖਤ ਵੀ ਵਾਇਰਲ ਹੋ ਰਹੀ।
ਓਸ਼ੀਨ ਨੇ ਇੱਕ ਪੋਸਟ ਵਿਚ ਲਿਖਿਆ ਕਿ, 'ਹੈਲੋ ਦੋਸਤੋ। ਕੁਝ ਸਮਾਂ ਪਹਿਲਾਂ ਮੈਂ ਇੱਕ ਮਾਡਲ ਵਜੋਂ ਕੰਮ ਕੀਤਾ ਅਤੇ ਫਿਲਮ ਮੁਖਤਿਆਰ ਚੱਢਾ ਲਈ ਦਿਲਜੀਤ ਦੋਸਾਂਝ ਨਾਲ ਇੱਕ ਗੀਤ ਵੀਡੀਓ ਸ਼ੂਟ ਕੀਤਾ। ਹੁਣ ਮੈਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਇੰਟਰਨੈੱਟ 'ਤੇ ਮੇਰੀ ਫੋਟੋ ਦਿਲਜੀਤ ਦੋਸਾਂਝ ਦੀ ਪਤਨੀ ਦੇ ਤੌਰ 'ਤੇ ਪਾਈ ਜਾ ਰਹੀ ਹੈ, ਜੋ ਕਿ ਸਹੀ ਨਹੀਂ ਹੈ। ਓਸ਼ੀਨ ਬਰਾੜ ਨੇ ਅੱਗੇ ਲਿਖਿਆ, ਮੈਂ ਸਿਰਫ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਫੋਟੋ ਮੇਰੀ ਹੈ, ਪਰ ਮੈਂ ਦਿਲਜੀਤ ਦੀ ਪਤਨੀ ਨਹੀਂ ਹਾਂ। ਮੈਂ ਆਪਣੇ ਆਪ ਨੂੰ ਹੋਰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੀ।
ਨਿਸ਼ਾ ਬਾਨੋ ਨੂੰ ਵੀ ਦਿਲਜੀਤ ਦੀ ਪਤਨੀ ਦੱਸਿਆ ਗਿਆ ਸੀ
ਓਸ਼ੀਨ ਬਰਾੜ ਨੇ 2015 ਵਿੱਚ ਪੰਜਾਬੀ ਫ਼ਿਲਮ ‘ਮੁਖਤਿਆਰ ਚੱਢਾ’ ਵਿੱਚ ਦਿਲਜੀਤ ਦੁਸਾਂਝ ਨਾਲ ਕੰਮ ਕੀਤਾ ਸੀ। ਦਿਲਜੀਤ ਦੀ ਪਤਨੀ ਦੇ ਰੂਪ 'ਚ ਨਾ ਸਿਰਫ ਉਸ ਦੀਆਂ ਸਗੋਂ ਗਾਇਕਾ ਨਿਸ਼ਾ ਬਾਨੋ ਦੀਆਂ ਤਸਵੀਰਾਂ ਵੀ ਆਨਲਾਈਨ ਸਾਹਮਣੇ ਆਈਆਂ ਹਨ। ਨਿਸ਼ਾ ਬਾਨੋ ਨੇ ਇੰਸਟਾਗ੍ਰਾਮ 'ਤੇ ਲਿਖਿਆ, ਮੈਨੂੰ ਸਮਝ ਨਹੀਂ ਆਉਂਦੀ ਕਿ, ਲੋਕ ਬਿਨਾਂ ਜਾਣਕਾਰੀ ਦੇ ਪੋਸਟ ਕਿੱਦਾਂ ਵਾਇਰਲ ਕਰ ਦਿੰਦੇ ਹਨ? ਉਨ੍ਹਾਂ ਕਿਹਾ ਕਿ, ਪੰਜਾਬੀਆਂ ਨੂੰ ਪਤਾ ਹੈ ਕਿ ਮੈਂ ਸਮੀਰ ਮਾਹੀ ਦੀ ਪਤਨੀ ਹਾਂ, ਪਰ ਬਾਲੀਵੁੱਡ ਵਾਲਿਆਂ ਨੂੰ ਇਹ ਗੱਲ ਕੌਣ ਸਮਝਾਏ।