ਨਸ਼ੇ ਦੇ ਖਾਤਮੇ ਵੱਲ ਵੱਧਦੇ ਐਸ.ਐਚ.ਓ ਅੰਮ੍ਰਿਤਪਾਲ ਸਿੰਘ ਦੇ ਕਦਮ ਜਗਰਾਉਂ ਵਾਸੀਆਂ ਦੇ ਦਿਲਾਂ ਵਿੱਚ ਆਸ ਦੀ ਕਿਰਨ ਜਗਾਈ
ਦੀਪਕ ਜੈਨ
ਜਗਰਾਓਂ, 27 ਜੁਲਾਈ 2024 - ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਜਗਰਾਉਂ ਸ਼ਹਿਰ ਵਿੱਚੋਂ ਨਸ਼ਾਖੋਰੀ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੈ, ਉਨ੍ਹਾਂ ਦੇ ਇਸ ਕੰਮ ਨੂੰ ਦੇਖ ਕੇ ਜਗਰਾਉਂ ਵਾਸੀਆਂ ਦੇ ਮਨਾਂ ਵਿੱਚ ਇੱਕ ਆਸ ਜਾਗੀ ਹੈ ਕਿ ਜੇਕਰ ਜਗਰਾਓਂ ਪੁਲਿਸ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਦੀ ਹੈ ਜਲਦ ਹੀ ਸ਼ਹਿਰ ਵਿੱਚੋਂ ਨਸ਼ੇ ਦਾ ਖਾਤਮਾ ਹੋ ਜਾਵੇਗਾ।
ਥਾਣਾ ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਨਸ਼ੇ ਦੇ ਖਾਤਮੇ ਲਈ ਜਗਰਾਉਂ ਦੇ 23 ਵਾਰਡਾਂ ਵਿੱਚ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਲੋਕਾਂ ਨੂੰ ਇਕੱਠਾ ਕਰਕੇ ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਪਿੰਡ ਵਿੱਚ ਇੱਕ ਪਿੰਡ ਸੁਰੱਖਿਆ ਕਮੇਟੀ ਵੀ ਬਣਾਈ ਗਈ ਹੈ, ਜੋ ਲਗਾਤਾਰ ਪੁਲੀਸ ਨਾਲ ਰਾਬਤਾ ਰੱਖ ਕੇ ਮੀਟਿੰਗਾਂ ਕਰ ਕੇ ਨਸ਼ਾ ਵੇਚਣ ਅਤੇ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਕੇ ਲਗਾਤਾਰ ਕਾਰਵਾਈ ਕਰ ਰਹੀ ਹੈ। ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਲਈ ਯੋਗ ਪ੍ਰਬੰਧ ਕਰ ਉਨ੍ਹਾਂ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਰਾਊਂਡਅੱਪ ਕਰਕੇ ਐਨ.ਡੀ.ਪੀ.ਸੀ ਐਕਟ ਤਹਿਤ 8 ਕੇਸ ਦਰਜ ਕਰਕੇ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 26 ਵਿਅਕਤੀਆਂ ਨੂੰ 129 ਦੇਖ ਕਲੰਦਰ ਤਹਿਤ ਐਸ.ਡੀ.ਐਮ ਸਾਹਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 350 ਚਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਇੱਕ ਭਗੌੜੇ ਨੂੰ ਵੀ ਗ੍ਰਿਫ਼ਤਾਰ ਕਰਕੇ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਵੱਲੋਂ ਨਸ਼ਾ ਤਸਕਰਾਂ ਬਾਰੇ ਸ਼ਿਕਾਇਤ ਮਿਲਦੀ ਹੈ ਤਾਂ ਉਹ ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖ ਕੇ ਤੁਰੰਤ ਕਾਰਵਾਈ ਕਰਦੇ ਹਨ ਅਤੇ ਮੌਕੇ 'ਤੇ ਪਹੁੰਚ ਕੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਲੈਂਦੇ ਹਨ। ਉਨ੍ਹਾਂ ਜਗਰਾਉਂ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਜਗਰਾਉਂ ਵਾਸੀ ਉਨ੍ਹਾਂ ਦਾ ਸਾਥ ਦੇਣ ਤਾਂ ਹੀ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾ ਸਕਦਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਜਗਰਾਉਂ ਦੇ ਮੋਹਤਵਾਰ ਵਿਅਕਤੀ ਕਿਸੇ ਵੀ ਨਸ਼ੇ ਦੇ ਸੌਦਾਗਰ ਨੂੰ ਛੱਡਣ ਦੀ ਸਿਫਾਰਿਸ਼ ਨਾ ਕਰਨ ਕਿਉਂਕਿ ਅਜਿਹੀ ਸਿਫਾਰਿਸ਼ ਸਵੀਕਾਰ ਨਹੀਂ ਕੀਤਾ ਜਾਵੇਗੀ। ਅੱਜ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਦੀ ਟੀਮ ਵੱਲੋਂ ਥਾਣੇ ਦੇ ਅੰਦਰ ਬੂਟੇ ਵੀ ਲਗਾਏ ਗਏ।