ਪਿੰਡ ਦੀਵਾਨਾ ਤੋਂ ਜਾਂਦੀਏ ਸੜਕੇ, ਤੈਨੂੰ ਦੇਖ ਕੇ ਕਾਲ਼ਜਾ ਧੜਕੇ...!
- 18 ਫੁੱਟੀ ਸੜਕ ਰਾਹਗੀਰਾਂ ਨੂੰ ਦਿੰਦੀ ਐ ਮੌਤ ਦਾ ਸੱਦਾ
ਨਿਰਮਲ ਦੋਸਤ
ਰਾਏਕੋਟ/ਮਹਿਲ ਕਲ੍ਹਾਂ, 26 ਜੁਲਾਈ 2024 - ਹਲਕਾ ਮਹਿਲ ਕਲਾਂ ਦੇ ਅਧੀਨ ਪਿੰਡ ਦੀਵਾਨਾ,ਨਰਾਇਣਗੜ੍ਹ ਸੋਹੀਆਂ , ਗਹਿਲ, ਚੰਨਣਵਾਲ ,ਰਾਏਸਰ ਠੀਕਰੀਵਾਲ ਤੱਕ ਪ੍ਰਧਾਨ ਮੰਤਰੀ ਗ੍ਰਮੀਣ ਯੋਜਨਾ ਅਧੀਨ ਬਣੀ 18 ਫੁੱਟੀ ਸੜਕ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਣ ਕਾਰਨ ਰਿਹਾਇਸ਼ੀ ਘਰਾਂ ਵਾਲੇ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਕਾਰਨ ਕਈ ਹਾਦਸੇ ਵੀ ਵਪਰ ਚੁੱਕੇ ਹਨ ਤੇ ਸੜਕ ਤੇ ਖੜ੍ਹੇ ਗੰਦੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਪਰ ਵੱਖ ਵੱਖ ਸਬੰਧਿਤ ਵਿਭਾਗ ਪਤਾ ਨਹੀ ਕਿਹੜੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਨੇ ਦੱਸਿਆ ਕਿ ਉਕਤ ਟੁੱਟੀ ਸੜਕ ਸਬੰਧੀ ਅਸੀ ਬਹੁਤ ਵਾਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ, ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਚੁੱਕੇ ਹਾਂ। ਪਰ ਕਿਸੇ ਨੇ ਵੀ ਇਸ ਸਮੱਸਿਆਵਾਂ ਵੱਲ ਕੋਈ ਗੌਰ ਨਹੀ ਕੀਤੀ।ਉਨ੍ਹਾਂ ਦੱਸਿਆ ਉਕਤ ਸੜਕ ਛੀਨੀਵਾਲ ਖੁਰਦ ਤੋਂ ਠੀਕਰੀਵਾਲ ਤੱਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਦਾ ਗੰਦਾ ਪਾਣੀ ਬਗੈਰ ਮੀਹ ਤੋਂ ਸੜਕ ਉਪਰ ਵੀ ਖੜ੍ਹਾ ਰਹਿੰਦਾ ਹੈ। ਪਰ ਜੇਕਰ ਮੀਹ ਦਾ ਮੌਸਮ ਹੋਣ ਕਾਰਨ ਬਾਰਿਸ਼ ਆ ਗਈ ਤਾਂ ਹਾਲਾਤ ਹੋਰ ਮਾੜੇ ਹੋ ਜਾਣਗੇ।ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਵੱਖ ਵੱਖ ਪਾਰਟੀਆਂ ਦੇ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਆਉਂਦੇ ਨੇ ਅਤੇ ਵੋਟਾਂ ਬਟੋਰ ਕੇ ਲੈ ਜਾਂਦੇ ਹਨ।
ਜੇਕਰ ਉਕਤ ਸੜਕ ਦੀ ਰਿਪੇਅਰ ਨਾ ਕੀਤੀ ਗਈ ਤਾਂ ਇਲਾਕੇ ਦੇ ਲੋਕ ਇੱਕਠੇ ਹੋ ਕੇ ਕੋਈ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਜਿਸ ਦੀ ਜਿੰਮੇਵਾਰੀ ਸਬੰਧਿਤ ਵਿਭਾਗਾਂ ਦੀ ਹੋਵੇਗੀ । ਇਸ ਮੌਕੇ ਬੀਕੇਯੂ ਡਕੌਂਦਾ ਧਨੇਰ ਦੇ ਆਗੂ ਮੇਹਰ ਸਿੰਘ ਗਹਿਲ, ਪੰਚਾਇਤ ਮੈਂਬਰ ਲਸਮਣ ਸਿੰਘ ਗਹਿਲ, ਬੀਕੇਯੂ ਡਕੌਂਦਾ ਧਨੇਰ ਦੇ ਆਗੂ ਜੋਰਾ ਸਿੰਘ, ਹਰਭਜਨ ਸਿੰਘ ਗਹਿਲ, ਪ੍ਰੀਤਮ ਸਿੰਘ ਗਹਿਲ, ਬਲੋਰ ਸਿੰਘ ਗਹਿਲ, ਸਤਿਨਾਮ ਸਿੰਘ ਗਹਿਲ ,ਮਨਪ੍ਰੀਤ ਸਿੰਘ ਮਣੀ, ਕੁਲਵੰਤ ਸਿੰਘ, ਜਗਸੀਰ ਸਿੰਘ ਗਹਿਲ ਹਾਜ਼ਰ ਸਨ।