ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ
ਲੁਧਿਆਣਾ, 16 ਅਗਸਤ 2024 - ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਲੜਕੀਆਂ ਦੇ ਨਵੇਂ ਬਣੇ ਹੋਸਟਲ ਦਾ ਉਦਘਾਟਨ ਮੁੱਖ ਮਹਿਮਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਵੱਲੋਂ ਕੀਤਾ ਗਿਆ।
ਡਾ.ਸਤਿਬੀਰ ਸਿੰਘ ਗੋਸਲ ਨੇ ਕਾਲਜ ਦੇ ਹੋਸਟਲ ਦੇ ਉਦਘਾਟਨ ਤੇ ਸਾਰਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਇਸ ਕਾਲਜ ਦੀ ਸਥਾਪਨਾ 2021 ਵਿੱਚ ਹੋਈ ਅਤੇ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਾਲਜ ਦੇ ਵਿਕਾਸ ਬਾਰੇ ਵੀ ਦੱਸਿਆ। ਉਹਨਾਂ ਨੇ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 200 ਤੱਕ ਪਹੁੰਚ ਗਈ ਹੈ, ਜਿਸ ਵਿਚ 65 ਲੜਕੀਆਂ ਹਨ। ਉਹਨਾਂ ਨੇ ਇਹ ਵੀ ਸਾਂਝਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਾਲਜ ਦੇ ਅਕਾਦਮਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ 25 ਟੀਚਿੰਗ ਅਤੇ 50 ਨਾਨ-ਟੀਚਿੰਗ ਅਸਾਮੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ, ਜਿਸ ਵਿੱਚ ਮੌਜੂਦਾ ਸਮੇਂ ਵਿੱਚ 14 ਅਧਿਆਪਨ ਸਹਾਇਕ ਅਤੇ 12 ਵਿਗਿਆਨੀ ਸ਼ਾਮਲ ਹਨ। ਉਨ੍ਹਾਂ ਨੇ ਕਾਲਜ ਦੀ ਮੁੱਖ ਇਮਾਰਤ, ਆਧੁਨਿਕ ਲੈਕਚਰ ਰੂਮ, ਲੈਬ ਅਤੇ ਬਹੁ-ਮੰਤਵੀ ਹਾਲ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ 130 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਲੜਕਿਆਂ ਦੇ ਹੋਸਟਲ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਸਟਾਫ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨਾਲ ਮਿਲ ਕੇ ਸਿਹਤ ਕੇਂਦਰ ਖੋਲ੍ਹਣ ਲਈ ਯਤਨ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਐਨ.ਆਈ.ਆਰ.ਐਫ. ਰੈਕਿੰਗ ਵਿੱਚ ਭਾਰਤ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਇਸ ਸਮਾਗਮ ਦੀ ਸ਼ੁਰੂਆਤ ਵਿੱਚ ਡਾ: ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲੜਕੀਆਂ ਦੇ ਹੋਸਟਲ ਦੇ ਉਦਘਾਟਨ 'ਤੇ ਸਾਰਿਆਂ ਨੂੰ ਵਧਾਈ ਦਿੱਤੀ | ਉਹਨਾਂ ਨੇ ਦੱਸਿਆ ਕਿ ਕਾਲਜ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਅਤੇ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਲੈਕਚਰਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਅੰਤ ਵਿੱਚ ਡਾ. ਨਿਰਮਲ ਜੌੜਾ, ਡਾਇਰੈਕਟਰ, ਵਿਦਿਆਰਥੀ ਭਲਾਈ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਕਾਲਜ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਮੁਕੰਮਲ ਹੋਣ ਸਮੇਤ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਕਾਲਜ ਕੈਂਪਸ ਵਿੱਚ ਪੌਦੇ ਵੀ ਲਗਾਏ।
ਇਸ ਸਮਾਗਮ ਵਿੱਚ ਡਾ. ਨਿਰਮਲ ਜੌੜਾ, ਨਿਰਦੇਸ਼ਕ, ਵਿਦਿਆਰਥੀ ਭਲਾਈ; ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ; ਡਾ. ਵਿਸ਼ਾਲ ਬੈਕਟਰ, ਨਿਰਦੇਸ਼ਕ, ਇੰਸਟੀਚਿਊਟ ਰਿਲੇਸ਼ਨਜ਼; ਡਾ. ਯੋਗਿਤਾ ਸ਼ਰਮਾ, ਐਸੋਸੀਏਟ ਲਾਇਬ੍ਰੇਰੀਅਨ; ਡਾ. ਵਿਸ਼ਵਜੀਤ ਸਿੰਘ ਹੰਸ, ਚੀਫ ਇੰਜੀਨੀਅਰ; ਇੰਜ. ਰਜਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ (ਸਿਵਲ) ਅਤੇ ਇੰਜ. ਗੁਰਮੀਤ ਸਿੰਘ, ਕਾਰਜਕਾਰੀ ਇੰਜੀਨੀਅਰ (ਇਲੈਕਟ੍ਰੀਕਲ) ਨੇ ਸ਼ਿਰਕਤ ਕੀਤੀ।
ਇਸ ਮੌਕੇ ਮਿਸ ਜਸ਼ਲੀਨ ਕੌਰ ਸਿੱਧੂ ਨੇ ਮੰਚ ਸੰਚਾਲਨ ਕੀਤਾ।