ਪੁੱਤ ਦੀ ਰਾਹ ਤੱਕਦਾ ਰਿਹਾ ਜਗਦੀਸ਼ ਭੋਲੇ ਦਾ ਪਿਤਾ ਬਲਸ਼ਿੰਦਰ ਸਿੰਘ ਰਾਏ ਕੇ ਕਲਾਂ
ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2024: ਬਹੁਕਰੋੜੀ ਡਰੱਗ ਤਸਕਰੀ ਮਾਮਲੇ ’ਚ ਪਿਛਲੇ ਲੰਮੇਂ ਸਮੇਂ ਤੋਂ ਜੇਲ੍ਹ ਵਿਚ ਬੰਦ ਪੰਜਾਬ ਪੁਲਿਸ ਦੇ ਬਰਖਾਸਤ ਡੀਐੱਸਪੀ ਜਗਦੀਸ਼ ਭੋਲਾ ਦਾ ਬਜ਼ੁਰਗ ਪਿਤਾ ਬਲਸ਼ਿੰਦਰ ਸਿੰਘ ਵਾਸੀ ਰਾਇਕੇ ਕਲਾਂ ਆਪਣੇ ਪੁੱਤ ਦੀ ਇੱਕ ਝਲਕ ਦੇਖਣ ਨੂੰ ਤਰਸਦਾ ਇਸ ਜਹਾਨੋਂ ਤੁਰ ਗਿਆ ਹੈ। ਬਲਸ਼ਿੰਦਰ ਸਿੰਘ ਦੀ 24 ਜੁਲਾਈ ਨੂੰ ਮੌਤ ਹੋ ਗਈ ਸੀ ਪਰ ਪੁੱੱਤ ਦੇ ਜੇਲ੍ਹ ਤੋਂ ਬਾਹਰ ਆਉਣ ਕਾਰਨ ਅੰਤਿਮ ਸਸਕਾਰ ਲਈ ਦੋ ਦਿਨ ਦੀ ਉਡੀਕ ਕਰਨੀ ਪਈ ਹੈ। ਅੱਜ ਜਦੋਂ ਜਗਦੀਸ਼ ਭੋਲਾ ਪੁਲਿਸ ਦੇ ਜਬਰਦਸਤ ਪਹਿਰੇ ਵਿੱਚ ਪਿਤਾ ਦੀ ਮ੍ਰਿਤਕ ਦੇਹ ਕੋਲ ਪੁੱਜਿਆ ਤਾਂ ਜੋ ਅੱਖਾਂ ਉਸ ਨੂੰ ਕਈ ਸਾਲ ਦੇਖਣ ਨੂੰ ਤਰਸਦੀਆਂ ਰਹੀਆਂ ਉਹ ਹਮੇਸ਼ਾ ਲਈ ਬੰਦ ਹੋ ਚੁੱਕੀਆਂ ਸਨ। ਪਿਤਾ ਦੀ ਚਿਤਾ ਨੂੰ ਅਗਨੀ ਦਿਖਾਉਣ ਵੇਲੇ ਵੀ ਜਗਦੀਸ਼ ਭੋਲਾ ਕਾਫੀ ਭਾਵੁਕ ਦਿਖਾਈ ਦਿੱਤਾ।
ਦਰਅਸਲ ਜਗਦੀਸ਼ ਭੋਲਾ ਦੀ ਆਪਣੇ ਪਿੰਡ ਅਤੇ ਮਾਪਿਆਂ ਤੋਂ ਉਦੋਂ ਦੂਰੀ ਬਣਨੀ ਸ਼ੁਰੂ ਹੋਈ ਜਦੋਂ ਸਾਲ 2004 ’ਚ ਉਸ ਤੋਂ ਭੁੱਕੀ ਬਰਾਮਦ ਹੋਈ ਸੀ ਜੋ ਉਸ ਦੇ ਡੀਐਸਪੀ ਦੀ ਨੌਕਰੀ ਤੋਂ ਬਰਖਾਸਤ ਕਰਨ ਅਤੇ ਉਸ ਨੂੰ ਕਾਨੂੰਨੀ ਘੁੰਮਣ ਘੇਰੀਆਂ ’ਚ ਫਸਾਉਣ ਦੀ ਸ਼ੁਰੂਆਤ ਸੀ। ਕੌਮਾਂਤਰੀ ਪੱਧਰ ਤੇ ਜਗਦੀਸ਼ ਭੋਲਾ ਉਸ ਵਕਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਜਦੋਂ ਪੰਜਾਬ ਪੁਲਿਸ ਨੇ ਉਸ ਨੂੰ ਸਾਲ 2013 ’ਚ ਇੱਕ ਸਿੰਥੈਟਿਕ ਡਰੱਗ ਸੂਡੋਏਫੇਡਰਾਈਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਤਾਂ ਜੇਲ੍ਹ ਦੀਆਂ ਕੰਧਾਂ ਅਤੇ ਅਦਾਲਤਾਂ ਉਸ ਦਾ ਟਿਕਾਣਾ ਬਣ ਗਈਆਂ । ਇਹ ਉਹ ਮਾਮਲਾ ਸੀ ਜਿਸ ਨੇ ਸਿਆਸੀ ਸਫਾਂ ’ਚ ਭੁਚਾਲ ਲੈਆਂਦਾ ਸੀ ਜਿਸ ਕਰਕੇ ਇੱਕ ਮੰਤਰੀ ਤੱਕ ਨੂੰ ਅਸਤੀਫਾ ਦੇਣਾ ਪਿਆ ਸੀ।
ਅੱਜ ਵੀ ਡਰੱਗ ਤਸਕਰੀ ਮਾਮਲੇ ਦੀ ਗੂੰਜ ਸਿਆਸੀ ਗਲਆਰਿਆਂ ’ਚ ਪੈਂਦੀ ਆ ਰਹੀ ਹੈ। ਲੱਗਭਗ ਛੇ ਸਾਲ ਦੀ ਲੰਮੀ ਜੱਦੋਜਹਿਦ ਉਪਰੰਤ ਸਾਲ 2019 ’ਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭੋਲਾ ਨੂੰ ਡਰੱਗ ਰੈਕਟ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਨੂੰ 2013 ਵਿੱਚ ਪੰਜਾਬ ਪੁਲਿਸ ਨੇ ਬੇਨਕਾਬ ਕਰਦਿਆਂ ਜਗਦੀਸ਼ ਭੋਲਾ ਨੂੰ ਸਰਗਨਾ ਦੱਸਿਆ ਸੀ। ਇਸ ਮਾਮਲੇ ’ਚ 20-21 ਹੋਰ ਵਿਅਕਤੀ ਵੀ ਸ਼ਾਮਲ ਸਨ ਜਿੰਨ੍ਹਾਂ ਨੂੰ ਵੀ ਅਦਾਲਤ ਨੇ ਦੋਸ਼ੀ ਮੰਨਿਆ ਸੀ। ਇਸ ਡਰੱਗ ਤਸਕਰੀ ਮਾਮਲੇ ਕਾਰਨ ਜਗਦੀਸ਼ ਭੋਲਾ ਆਪਣੇ ਮਾਪਿਆਂ ਤੋਂ ਦੂਰ ਰਿਹਾ ਅਤੇ ਉਸ ਨੂੰ ਪਿੰਡ ਆਉਣ ਦਾ ਮੌਕਾ ਨਾਂ ਮਿਲਿਆ। ਮਾਰਚ 2023 ’ਚ ਉਸ ਨੂੰ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਇੱਕ ਦਿਨ ਦੀ ਜਮਾਨਤ ਮਿਲੀ ਸੀ ਤਾਂ ਉਹ ਪਿੰਡ ਆਇਆ ਸੀ।
ਉਸ ਤੋਂ ਪਿੱਛੋ ਭੋਲਾ ਦੀ ਮਾਤਾ ਦੀ ਜੂਨ ’ਚ ਹੋਈ ਮੌਤ ਕਾਰਨ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਹਾਈਕੋਰਟ ਨੇ ਤਿੰਨ ਦਿਨ ਦੀ ਅੰੰਤਰਿਮ ਜਮਾਨਤ ਦਿੱਤੀ ਸੀ। ਹੋ ਸਕਦਾ ਹੈ ਇਸ ਦੌਰਾਨ ਭੋਲਾ ਪਿੰਡ ਆਇਆ ਹੋਵੇ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਮਹੱਤਵਪੂਰਨ ਤੱਥ ਹੈ ਕਿ ਅੱਜ ਵੀ ਅੰਤਿਮ ਸਸਕਾਰ ਦੀਆਂ ਰਸਮਾਂ ’ਚ ਸ਼ਾਮਲ ਹੋਣ ਦੇ ਬਾਵਜੂਦ ਪਿੰਡ ਰਾਏਕੇ ਕਲਾਂ ਦਾ ਕੋਈ ਵੀ ਬਾਸ਼ਿੰਦਾ ਜਗਦੀਸ਼ ਭੋਲਾ ਦੇ ਮਾਮਲੇ ’ਤੇ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੋਇਆ। ਪਿੰਡ ਰਾਇਕੇ ਕਲਾਂ ਦੇ ਵਸਨੀਕ ਜਗਦੀਸ਼ ਭੋਲਾ ਨਾਲ ਜੁੜੀ ਹਰ ਖ਼ਬਰ ’ਤੇ ਨਜ਼ਰ ਤਾਂ ਰੱਖਦੇ ਦਿਖਾਈ ਦਿੱਤੇ ਪ੍ਰੰਤੂ ਮੀਡੀਆ ਕੋਲ ਉਹ ਭੋਲਾ ਬਾਰੇ ਕੋਈ ਵੀ ਗੱਲ ਬੋਲਣ ਨੂੰ ਤਿਆਰ ਨਹੀਂ ਹਨ। ਜਗਦੀਸ਼ ਭੋਲਾ ਦਾ ਨਾਮ ਸੁਣਕੇ ਹਰ ਨਿਆਣਾ ਸਿਆਣਾ ਚੁੱਪ ਵੱਟ ਜਾਂਦਾ ਰਿਹਾ। ਜਦੋਂ ਪਿੰਡ ਦੇ ਲੋਕਾਂ ਤੋਂ ਜਗਦੀਸ਼ ਭੋਲਾ ਬਾਰੇ ਜਾਣਨਾ ਚਾਹਿਆ ਤਾਂ ਹਰ ਕਿਸੇ ਨੇ ਟਾਲਾ ਹੀ ਵੱਟਿਆ। ਪਿੰਡ ਰਾਏਕੇ ਕਲਾਂ ਵਿਚ ਕੋਈ ਵੀ ਏਦਾਂ ਦਾ ਬਾਸ਼ਿੰਦਾ ਨਹੀਂ ਮਿਲਿਆ, ਜਿਸ ਨੇ ਜਗਦੀਸ਼ ਭੋਲਾ ਨੂੰ ਚੰਗਾ ਕਿਹਾ ਹੋਵੇ ਜਾਂ ਫਿਰ ਮੰਦਾ ਆਖਿਆ ਹੋਵੇ। ਪਿੰਡ ਰਾਏਕੇ ਕਲਾਂ ਵਿਚ ਜਗਦੀਸ਼ ਭੋਲਾ ਟੂਰਨਾਮੈਂਟ ਵੀ ਕਰਾਉਂਦਾ ਰਿਹਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਨਿਵਾਸੀ ਜਗਦੀਸ਼ ਭੋਲਾ ਦਾ ਜਨਮ ਪਿੰਡ ਚਾਓਕੇ ਵਿਖੇ ਉਸਦੇ ਨਾਨਕੇ ਘਰ ਹੋਇਆ ਸੀ।
ਦੱਸਦੇ ਹਨ ਕਿ ਸ਼ੁਰੂਆਤੀ ਦੌਰ ’ਚ ਜਗਦੀਸ਼ ਭੋਲਾ ਆਮ ਦੀ ਤਰਾਂ ਸਧਾਰਨ ਪੇਂਡੂ ਨੌਜਵਾਨ ਸੀ। ਆਪਣੇ ਨਾਨਕਿਆਂ ਤੋਂ ਹੀ ਉਸ ਨੂੰ ਕੁਸ਼ਤੀ ਦੇ ਚੇਟਕ ਲੱਗੀ ਪਰ ਅਗਲੀ ਸਿਖਲਾਈ ਲਈ ਉਹ ਲੁਧਿਆਣਾ ਦੇ ਇੱਕ ਅਖਾੜੇ ’ਚ ਸ਼ਾਮਲ ਹੋ ਗਿਆ। ਇੱਕ ਪਹਿਲਵਾਨ ਦੇ ਤੌਰ ਤੇ ਸਾਲ 1991 ’ਚ ਜਦੋਂ ਉਸ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਚਾਂਦੀ ਦਾ ਮੈਡਲ ਜਿੱਤਿਆ ਤਾਂ ਉਸ ਦੀ ਪ੍ਰਸਿੱਧੀ ਦੇ ਸ਼ਿਖਰਾਂ ਤੇ ਪੁੱਜ ਗਿਆ। ਕੁਸ਼ਤੀ ’ਚ ਜੌਹਰ ਦਿਖਾਉਣ ਬਦਲੇ ਉਸ ਨੂੰ ਅਰਜੁਨ ਅਵਾਰਡ ਨਾਲ ਵੀ ਸਨਮਾਨਿਆ ਗਿਆ ਅਤੇ ਰੁਸਤਮੇ ਹਿੰਦ ਦਾ ਖਿਤਾਬ ਵੀ ਮਿਲਿਆ। ਇੰਨ੍ਹਾਂ ਖਿਤਾਬੀ ਜਿੱਤਾਂ ਕਾਰਨ ਜਗਦੀਸ਼ ਭੋਲਾ ਨੂੰ ਪੰਜਾਬ ਪੁਲਿਸ ’ਚ ਡੀਐਸਪੀ ਦੀ ਨੌਕਰੀ ਮਿਲ ਗਈ।
ਪਤਾ ਲੱਗਿਆ ਹੈ ਕਿ ਇੱਥੋਂ ਤੱਕ ਮਾਮਲਾ ਠੀਕ ਚੱਲ ਰਿਹਾ ਸੀ ਪਰ ਸਾਲ 2004 ’ਚ ਬਰਾਮਦ ਹੋਏ ਨਸ਼ੇ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਜਗਦੀਸ਼ ਭੋਲਾ ਦਾ ਅੱਜ ਵੀ ਪੱਤਰਕਾਰਾਂ ਕੋਲ ਕਹਿਣਾ ਸੀ ਕਿ ਸਿਆਸਤ ਨੇ ਉਸ ਨੂੰ ਲਪੇਟੇ ਵਿਚ ਲੈ ਲਿਆ ਅਤੇ ਉਸ ਨੂੰ ਸਿਆਸੀ ਰੰਜਿਸ਼ ਤਹਿਤ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਜਗਦੀਸ਼ ਭੋਲਾ ਨੂੰ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਹੈ।