ਫਲਾਈ ਓਵਰ ਦੇ ਨਿਰਮਾਣ ਲਈ ਵਫ਼ਦ ਜਲਦ ਹੀ ਅਧਿਕਾਰੀਆਂ ਨੂੰ ਮਿਲੇਗਾ-ਸੁਰਿੰਦਰ ਸਿੰਘ ਹਰੀਪੁਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 27 ਜੁਲਾਈ 2024- ਰੋਪੜ ਕੀਰਤਪੁਰ ਸਾਹਿਬ ਰਾਸ਼ਟਰੀ ਰਾਜ ਮਾਰਗ ਤੇ ਪੁਲਿਸ ਲਾਈਨ ਰੂਪਨਗਰ ਤੋਂ ਨਿਰੰਕਾਰੀ ਭਵਨ ਤੱਕ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਅਤੇ ਰੁਕੇ ਹੋਏ ਫਲਾਈ ਓਵਰ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾਉਣ ਲਈ ਜ਼ਿਲ੍ਹਾ ਕਾਂਗਰਸ ਦਾ ਵਫ਼ਦ ਜਲਦ ਹੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਮਿਲੇਗਾ। ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਦੱਸਿਆ ਕਿ ਅੱਜ ਅਨਾਜ ਮੰਡੀ ਰੋਪੜ ਦੇ ਸਾਹਮਣੇ ਸੁਖਰਾਮਪੁਰ ਟੱਪਰੀਆਂ ਦੇ ਚੌਂਕ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਟੈਂਕਰ ਨਾਲ ਹੋਈ ਟੱਕਰ ਕਾਰਨ ਮੌਤ ਹੋ ਗਈ ਹੈ , ਲਗਾਤਾਰ ਇਸ ਮਾਰਗ ਤੇ ਭਿਆਨਕ ਹਾਦਸੇ ਵਾਪਰ ਰਹੇ ਹਨ ਅਤੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ
ਪ੍ਰੰਤੂ ਇਸ ਪਾਸੇ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਨਿਰੰਕਾਰੀ ਭਵਨ ਤੋਂ ਪੁਲਿਸ ਲਾਈਨ ਤੱਕ ਇਸ ਹਾਈਵੇ ਤੇ ਫਲਾਈ ਓਵਰ ਦਾ ਕੰਮ ਸ਼ੁਰੂ ਹੋ ਚੁੱਕਾ ਸੀ ਪਰੰਤੂ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਲੋਕਾਂ ਦੀ ਮੰਗ ਸੀ ਕਿ ਇਹ ਫਲਾਈ ਓਵਰ ਪਿੱਲਰਾ ਉਤੇ ਉਸਾਰਿਆ ਜਾਵੇ ਤਾਂ ਜ਼ੋ ਸੜਕ ਦੇ ਦੋਵੇਂ ਪਾਸੇ ਦੇ ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਕੰਮਕਾਜ ਪ੍ਰਭਾਵਿਤ ਨਾ ਹੋਵੇ। ਹਰੀਪੁਰ ਨੇ ਕਿਹਾ ਕਿ ਉਸ ਸਮੇਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਵੱਲੋਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਖੱਟਣ ਲਈ ਇਸ ਫਲਾਈ ਓਵਰ ਦਾ ਕੰਮ ਅਪਣਾ ਸਿਆਸੀ ਪ੍ਰਭਾਵ ਵਰਤ ਕੇ ਰੁਕਵਾ ਦਿੱਤਾ ਪ੍ਰੰਤੂ ਮੁੜ ਇਸ ਪ੍ਰਾਜੈਕਟ ਦੀ ਸਾਰ ਨਹੀਂ ਲਈ । ਉਨ੍ਹਾਂ ਰਾਸ਼ਟਰੀ ਰਾਜ ਮਾਰਗ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਮੰਗ ਅਨੁਸਾਰ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜ਼ੋ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਜਿਲਾ ਪ੍ਰਧਾਨ, ਗੁਰਿੰਦਰਪਾਲ ਸਿੰਘ ਬਿੱਲਾ ਨੈਸ਼ਨਲ ਕੋਆਡੀਨੇਟਰ ,ਪੋਮੀ ਸੋਨੀ ਕੌਸਲਰ,ਪ੍ਰੇਮ ਸਿੰਘ ਡੱਲਾ ਚੇਅਰਮੈਨ ਐਸੀ ਵਿੰਗ ਰੋੋਪੜ, ਲਖਵੰਤ ਸਿੰਘ ਹਿਰਦਾਪੁਰ,ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਬਿੰਦਰਖ ਹਾਜ਼ਰ ਸਨ।