ਫਿਲਮ ਅਮਰ ਸਿੰਘ ਚਮਕੀਲਾ ਦੇ ਨਿਰਮਾਤਾਵਾਂ ਨੇ ਮੇਰੀ ਫਿਲਮ "ਪਟੋਲਾ" ਦਾ ਅਖਾੜਾ ਜੋੜਨ ਲਈ ਮੇਰੀ ਇਜਾਜਤ ਨਹੀਂ ਲਈ : ਜੇ ਪੀ ਪਰਦੇਸੀ
ਫਿਲਮ ਪਟੋਲਾ ਦੇ ਅਖਾੜੇ ਲਈ ਗਾਇਕ ਜੋੜੀ ਨੂੰ ਦਿੱਤੀ ਗਈ ਸੀ ਮੋਟੀ ਫੀਸ
ਕੋਟਕਪੂਰਾ ਦੀ ਗਰੀਨ ਐਨਕਲੇਵ ਕਾਲੋਨੀ ਦੀ ਬੰਦ ਫੈਕਟਰੀ ਅੰਦਰ ਹੋਈ ਸੀ ਚਮਕੀਲੇ ਦੇ ਪਹਿਲੇ ਅਤੇ ਆਖਿਰੀ ਫਿਲਮੀ ਅਖਾੜੇ ਦੀ ਸ਼ੁਟਿੰਗ
ਦੀਪਕ ਗਰਗ
ਕੋਟਕਪੂਰਾ 13 ਅਪ੍ਰੈਲ 2024 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ ਡਰਾਮਾ ਫਿਲਮ ਅਮਰ ਸਿੰਘ ਚਮਕੀਲਾ ਦਾ ਸ਼ੁਕਰਵਾਰ ਨੂੰ ਨੈੱਟਫਲਿਕਸ ਵਰਲਡ ਪ੍ਰੀਮੀਅਰ ਕੀਤਾ ਗਿਆ ਹੈ। ਇਹ ਫਿਲਮ ਸਿੱਧੇ OTT 'ਤੇ ਰਿਲੀਜ਼ ਕੀਤੀ ਗਈ ਹੈ ਅਤੇ ਹੁਣ ਇਸਨੂੰ Netflix 'ਤੇ ਦੇਖਿਆ ਜਾ ਸੱਕਦਾ ਹੈ। ਇਸ ਦੇ ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਇਮਤਿਆਜ਼ ਅਲੀ ਹਨ। ਫਿਲਮ 'ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ 'ਚ ਹਨ, ਜਦਕਿ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਤਨੀ ਯਾਨਿ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ। ਅਮਰ ਸਿੰਘ ਚਮਕੀਲਾ ਦਾ ਕੋਟਕਪੂਰਾ ਨਾਲ ਕਾਫੀ ਗਹਿਰਾ ਸਬੰਧ ਹੈ। ਕਿਉਂਕਿ ਕੋਟਕਪੂਰਾ ਦੇ ਫਿਲਮ ਨਿਰਮਾਤਾ ਜੇ ਪੀ ਪਰਦੇਸੀ ਨੇ ਆਪਣੀ ਫਿਲਮ ਪਟੋਲਾ ਵਿੱਚ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ ਅਖਾੜਾ ਰੱਖਿਆ ਸੀ। ਇਹ ਗਾਇਕ ਜੋੜੀ ਦੀ ਪਹਿਲੀ ਅਤੇ ਆਖਿਰੀ ਫਿਲਮ ਸੀ। ਇਸ ਅਖਾੜੇ ਦੀ ਸ਼ੂਟਿੰਗ ਕੋਟਕਪੂਰਾ ਦੀ ਗਰੀਨ ਐਨਕਲੇਵ ਕਾਲੋਨੀ ਅੰਦਰ ਇਕ ਬੰਦ ਪਈ ਫੈਕਟਰੀ ਅੰਦਰ ਹੋਈ ਸੀ। ਇਸ ਸਥਾਨ ਦੇ ਆਸਪਾਸ ਕਾਫੀ ਅਬਾਦੀ ਹੋ ਚੁੱਕੀ ਹੈ ਅਤੇ ਕਾਫੀ ਵੱਡੀਆਂ ਵੱਡੀਆਂ ਕੋਠੀਆਂ ਵੀ ਬਣ ਚੁੱਕੀਆਂ ਹਨ। ਪਰ ਜਿੱਥੇ ਚਮਕੀਲੇ ਦਾ ਅਖਾੜਾ ਲੱਗਿਆ ਸੀ। ਉਹ ਜਗ੍ਹਾ ਅੱਜ ਵੀ ਵੀਰਾਨ ਪਈ ਹੈ।
ਹਾਲਾਂਕਿ ਚਮਕੀਲੇ ਦੀ ਹਾਜ਼ਰੀ ਦੇ ਗਵਾਹ ਕਈ ਦਰਖਤ ਅਤੇ ਕੰਧਾਂ ਅੱਜ ਵੀ ਮੌਜੂਦ ਹਨ। ਇਹ ਓਹੀ ਦਰਖਤ ਅਤੇ ਕੰਧਾਂ ਹਨ, ਜਿਨ੍ਹਾਂ ਉਤੇ ਚੜ੍ਹ ਕੇ ਹਜਾਰਾਂ ਦੀ ਭੀੜ ਨੇ ਉਸ ਵੇਲੇ ਇਸ ਅਖਾੜੇ ਦੀ ਸ਼ੂਟਿੰਗ ਦੇਖੀ ਸੀ। ਇਸ ਅਖਾੜੇ ਨੂੰ ਫਿਲਮਾਉਣ ਤੇ ਕਈ ਘੰਟੇ ਲੱਗੇ ਸਨ। ਅਮਰਜੋਤ ਚਮਕੀਲੇ ਨੂੰ ਅਮਰ ਕਹਿਕੇ ਬੁਲਾਉਂਦੀ ਸੀ। ਬਾਇਓਪਿਕ ਡਰਾਮਾ ਫਿਲਮ ਅਮਰ ਸਿੰਘ ਚਮਕੀਲਾ ਦਾ ਅੰਤ ਇਸੇ ਅਖਾੜੇ ਨਾਲ ਕੀਤਾ ਗਿਆ ਹੈ। ਦੋ ਫਰੇਮਾਂ ਵਿਚ ਇਕ ਪਾਸੇ ਫਿਲਮ ਪਟੋਲਾ ਵਾਲਾ ਅਖਾੜਾ ਚਲਦਾ ਹੈ। ਦੁੱਜੇ ਪਾਸੇ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਉਸਦੀ ਨਕਲ ਕਰ ਰਹੇ ਹਨ। ਅਖਾੜੇ ਦਾ ਸੈਟ ਅਤੇ ਚਾਂਦਨੀ ਬਿਲਕੁਲ ਕਾਪੀ ਕੀਤਾ ਗਿਆ ਹੈ। ਚਾਂਦਨੀ ਤੇ ਕਲੇਰ ਟੈਂਟ ਹਾਊਸ ਕੋਟਕਪੂਰਾ ਦਾ ਹੀ ਬੈਨਰ ਲੱਗਿਆ ਹੋਇਆ ਹੈ।
ਫਿਲਮ ਪਟੋਲਾ ਦੇ ਨਿਰਮਾਤਾ ਜੇ. ਪੀ. ਪਰਦੇਸੀ ਨੇ ਫੋਨ ( 080542 98551) ਤੇ ਦੱਸਿਆ ਕਿ ਬੇਸ਼ਕ ਬਾਇਓਪਿਕ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਮੇਰਾ, ਮੇਰੀ ਫਿਲਮ "ਪਟੋਲਾ" ਦਾ ਜਿਕਰ ਹੈ। ਪਰ ਫਿਲਮ ਦੇ ਨਿਰਮਾਤਾਵਾਂ ਨੇ ਇਸਨੂੰ ਲੈਕੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਆਪਣੀ ਫਿਲਮ ਅੰਦਰ ਫਿਲਮ "ਪਟੋਲਾ" ਵਾਲਾ ਅਖਾੜਾ ਜੋੜਨ ਲਈ ਮੇਰੀ ਕੋਈ ਇਜਾਜਤ ਲਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਮ "ਪਟੋਲਾ" ਦੇ ਨਿਰਮਾਣ ਤੇ ਕਰੀਬ 65 ਲੱਖ ਰੂਪਏ ਖਰਚਾ ਆਇਆ ਸੀ ਅਤੇ ਗਾਇਕ ਜੋੜੀ ਨੂੰ ਵੀ ਅਖਾੜੇ ਦੇ ਫਿਲਮਾਂਕਣ ਲਈ ਮੋਟੀ ਰਕਮ ਦਿੱਤੀ ਗਈ ਸੀ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੇਰੇ ਵਲੋਂ ਫਿਲਮ "ਪਟੋਲਾ" ਦੇ ਅਖਾੜੇ ਲਈ ਸਾਈਨ ਕਰਨ ਤੋਂ ਬਾਅਦ ਹੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਵੱਡੇ ਪੱਧਰ ਤੇ ਚਰਚਾ ਹੋਈ ਸੀ। ਬੇਸ਼ਕ ਫਿਲਮ "ਪਟੋਲਾ" ਦੀ ਰਿਲੀਜ ਮੌਕੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਮੌਜ਼ੂਦ ਨਹੀਂ ਸਨ। ਪਰ ਫਿਲਮ "ਪਟੋਲਾ" ਨੇ ਹੀ ਗਾਇਕ ਜੋੜੀ ਨੂੰ ਸਟਾਰ ਤੋਂ ਸੁਪਰ ਸਟਾਰ ਬਣਾਇਆ ਸੀ। ਕਿਓਂਕਿ ਪਟੋਲਾ ਆਪਣੇ ਸਮੇਂ ਦੀ ਵੱਡੀ ਮਲਟੀਸਟਾਰ ਅਤੇ ਸੰਗੀਤਮਈ ਹਿਟ ਫਿਲਮ ਸੀ। ਜਿਸਦੇ ਚਲਦੇ ਬਾਅਦ ਵਿੱਚ ਇਨ੍ਹਾਂ ਦੀ ਜੀਵਨੀ ਤੇ ਅਧਾਰਿਤ ਕਈ ਫਿਲਮਾਂ ਬਣੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਮ "ਪਟੋਲਾ" ਦੇ ਸਾਰੇ ਅਧਿਕਾਰ ਉਨ੍ਹਾਂ ਕੋਲ ਹਨ। ਇਸ ਫਿਲਮ ਦੇ ਯੂਟਿਊਬ ਅਤੇ ਟੀਵੀ ਅਧਿਕਾਰ ਕਦੇ ਵੀ ਨਹੀਂ ਬੇਚੇ ਗਏ।