ਮਾਲੇਰਕੋਟਲਾ: ਡਿਪਟੀ ਕਮਿਸ਼ਨਰ ਨੇ ਲੋਕਾਂ ਦੀਆਂ ਸਾਂਝੀਆਂ/ਨਿੱਜੀ ਸਮੱਸਿਆਵਾਂ ਸੁਣੀਆਂ
- ਹਰੇਕ ਲੋੜਵੰਦ ਤੱਕ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵਚਨਬੱਧ- ਡਾ ਪੱਲਵੀ
- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਿੰਡ ਦੇ ਛੱਪੜ ਦੀ ਤੁਰੰਤ ਸਫਾਈ ਕਰਵਾਉਣ ਦੀ ਕੀਤੀ ਹਦਾਇਤ
- ਕਿਹਾ ਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਕੇਸਧਾਰੀ ਯੋਗ ਸਿੱਖ ਆਪਣੀ ਵੋਟ ਬਣਾਉਣ ਲਈ 16ਨਵੰਬਰ ਤੱਕ ਰਜਿਸਟਰੇਸ਼ਨ ਕਰਵਾਉਣ
- ਡਿਪਟੀ ਕਮਿਸ਼ਨਰ ਨੇ ਪਿੰਡ ਨਿਵਾਸੀਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਦਾ ਸੁਚੱਜੇ ਤਰੀਕੇ ਨਾਲ ਪ੍ਰਬੰਧਨ ਕਰਨ ਦੀ ਕੀਤੀ ਅਪੀਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 11 ਸਤੰਬਰ :2024 - ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂੰਹਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਪੁੱਜਦੀਆਂ ਕਰਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਸਬ ਡਵੀਜ਼ਨ ਪੱਧਰ ਤੇ ਪਿੰਡਾਂ ਵਿੱਚ "ਆਪ ਦੀ ਸਰਕਾਰ ਆਪ ਦੇ ਦੁਆਰ " ਪ੍ਰੋਗਰਾਮ ਤਹਿਤ ਵਿਸ਼ੇਸ ਜਨ ਸਣਵਾਈ ਕੈਂਪਾਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਬ ਡਵੀਜ਼ਨ ਮਾਲੇਰਕੋਟਲਾ ਦੇ ਪਿੰਡ ਖੁਰਦ ਵਿਖੇ ਜਨ ਸੁਣਵਾਈ ਕੈਂਪ ਲਗਾਇਆ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜ਼ਿਲ੍ਹੇ ਦੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਪਿੰਡ ਨਿਵਾਸੀਆਂ ਦੀਅਂ ਨਿੱਜੀ ਅਤੇ ਸਾਝੀਆਂ ਸਮੱਸਿਆਵਾਂ ਸੁਣੀਆਂ । ਇਸ ਮੌਕੇ ਸਥਾਨਕ ਐਸ.ਡੀ.ਐਮ.ਸ੍ਰੀਮਤੀ ਅਪਰਨਾ ਐਮ.ਬੀ ਵੀ ਮੌਜੂਦ ਸਨ ।
ਡਿਪਟੀ ਕਮਿਸ਼ਨਰ ਨੇ ਪਿੰਡ ਨਿਵਾਸੀਆਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੇ "ਆਪ ਦੀ ਸਰਕਾਰ ਆਪ ਦੇ ਦੁਆਰ " ਪ੍ਰੋਗਰਾਮ, ਜਿਸਦਾ ਉਦੇਸ਼ ਲੋਕਾਂ ਨੂੰ ਸਿੱਧੇ ਤੌਰ 'ਤੇ ਸੇਵਾਵਾਂ ਪ੍ਰਦਾਨ ਕਰਨਾ ਹੈ, ਨੂੰ ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਨਾਗਰਿਕ ਸੇਵਾਵਾਂ ਨੂੰ ਨਿਰਵਿਘਨ, ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨ ਲਈ ਵਚਨਬੱਧਤਾ 'ਤੇ ਜ਼ੋਰ ਦਿੱਤਾ ਅਤੇ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਦੀ ਪ੍ਰਕਿਰਿਆ ਵਿੱਚ ਜਨਤਾ ਦੀ ਭਾਗੀਦਾਰੀ ਸੇਵਾਵਾਂ ਨੂੰ ਵਧੇਰੇ ਜਵਾਬਦੇਹ ਅਤੇ ਪਾਰਦਰਸ਼ੀ ਬਣਾਏਗੀ।
ਇਸ ਮੌਕੇ ਸਰਕਾਰੀ ਸਕੂਲ ਦਾ ਦਰਜਾ ਵਧਾ ਕੇ 12ਵੀਂ ਤੱਕ ਕਰਨ ਸਬੰਧੀ, ਪਿੰਡ ਦੀ ਸਾਫ ਸੁਫਾਈ ,ਗੰਦੇ ਪਾਣੀ ਦੀ ਨਿਕਾਸੀ ,ਪਿੰਡ ਦੇ ਛੱਪੜ ਸਬੰਧੀ, ਖੇਡ ਮੈਦਾਨ ਦੀ ਸਾਫ ਸਫਾਈ ਅਤੇ ਰਿਪੇਅਰ,ਪਿੰਡ ਦੀ ਟੁੱਟੀ ਸੜਕ ਦੀ ਰਿਪੇਅਰ ,ਕਮਿਊਨਟੀ ਹਾਲ,ਆਂਗਣਵਾੜੀ ਕੇਂਦਰ ਦੀ ਬਿਲਡਿੰਗ,ਕੱਚੇ ਘਰਾਂ ਨੂੰ ਪੱਕਾ ਕਰਨ ਆਦਿ ਸਬੰਧੀ ਸਾਂਝੀ ਸਮੱਸਿਆਵਾਂ ਤੋਂ ਇਲਾਵਾ ਰਾਸ਼ਨ ਕਾਰਡ , ਸਿਹਤ ਬੀਮਾ ਕਾਰਡ (ਆਯੂਸਮਾਨ ਕਾਰਡਾਂ) ਇੰਤਕਾਲ ਦੇ ਇੰਜਰਾਜ,ਜੰਮਾਬੰਦੀਆਂ ਵਿੱਚ ਤਰੁਟੀਆਂ ਦੀ ਦਰੁਸਤੀ, ਆਦਿ ਸਬੰਧੀ ਪ੍ਰਸਾਸਨਿਕ ਅਧਿਕਾਰੀਆਂ ਨੂੰ ਅਵਗਤ ਕਰਵਾਇਆ । ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪਿੰਡ ਦੇ ਛੱਪੜ ਵਾਲੇ ਸਥਾਨ ਦਾ ਨਰਿਖਣ ਕੀਤਾ ਅਤੇ ਤੁਰੰਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਪਿੰਡ ਦੇ ਛੱਪੜ ਦੀ ਰਿਪੇਅਰ ,ਸਾਫ਼ ਸਫਾਈ ਆਦਿ ਕਰਵਾਉਣ ਦੀ ਹਦਾਇਤ ਕੀਤੀ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਲਈ ਯੋਗ ਕੇਸਧਾਰੀ ਸਿੱਖ ਆਪਣੀਆਂ ਵੋਟਾਂ ਬਣਾਉਣ ਲਈ 16 ਸਤੰਬਰ ਤੱਕ ਆਪਣੇ ਫਾਰਮ ਪਟਵਾਰੀ/ਕਾਨੂੰਗੋ ਜਾਂ ਸਬੰਧਤ ਐਸ.ਡੀ.ਐਮ. ਦਫ਼ਤਰ ਵਿਖੇ ਭਰ ਕੇ ਦੇਣ ਤਾਂ ਜੋ ਜੋ ਕੋਈ ਵੀ ਯੋਗ ਵਿਅਕਤੀ ਬਤੌਰ ਵੋਟਰ ਰਜਿਸਟਰ ਹੋਣ ਤੋਂ ਵਾਂਝਾ ਨਾ ਰਹਿ ਸਕੇ । ਉਨ੍ਹਾਂ ਪਿੰਡ ਦੀਆਂ ਯੋਗ ਔਰਤਾਂ ਨੂੰ ਵੀ ਆਪਣੀਆਂ ਵੋਟਾਂ ਬਣਾਉਣ ਲਈ ਆਖਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਨਿਵਾਸੀਆਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਦਾ ਸੁਚੱਜੇ ਤਰੀਕੇ ਨਾਲ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਲਈ ਇੰਨ-ਸਿਟੂ ਮਸ਼ੀਨਾਂ ਅਤੇ ਪਰਾਲੀ ਨੂੰ ਇਕੱਠੀ ਕਰਕੇ ਇਸ ਦੀਆਂ ਗੰਢਾਂ ਦੀ ਵੱਖ-ਵੱਖ ਉਦਯੋਗਿਕ ਇਕਾਈਆਂ ਵਿਚ ਵਰਤੋਂ ਲਈ ਐਕਸ-ਸਿਟੂ ਬੇਲਰ ਮਸ਼ੀਨਾਂ ਦੀ ਉਪਲਬੱਧਤਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਖੇਤੀਬਾੜੀ ਅਫ਼ਸਰਾਂ ਨਾਲ ਸੰਪਰਕ ਕਰਨ ਲਈ ਕਿਹਾ । ਉਨ੍ਹਾਂ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਜ਼ਾਹਿਰ ਕੀਤਾ ਅਤੇ ਮੌਜੂਦਾ ਸਾਲ ਦੌਰਾਨ ਵੀ ਸਮੂਹ ਕਿਸਾਨ ਯੂਨੀਅਨਾਂ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਵਾਤਾਵਰਨ ਦੀ ਸੰਭਾਲ ਵਿਚ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਬੀ.ਡੀ.ਪੀ.ਓ ਸ੍ਰੀ ਜੁਗਰਾਜ ਸਿੰਘ,ਸੁਖਵਿੰਦਰ ਸਿੰਘ ਲਾਲੀ,ਮੁਹੰਮਦ ਯਾਸ਼ੀਨ,ਡਾ ਸਤਪਾਲ,ਸੱਜਣ ਸਿੰਘ,ਗੁਰਪ੍ਰੀਤ ਸਿੰਘ,ਅਸਲਮ ਮੁਹੰਮਦ ਤੋਂ ਇਲਾਵਾ ਹੋਰ ਪਿੰਡ ਨਿਵਾਸੀ ਮੌਜੂਦ ਸਨ ।