ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ 26 ਮਈ2023: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਦੇ ਸੁਬਾਈ ਫੈਸਲੇ ਅਨੁਸਾਰ ਜਿਲ੍ਹਾ ਬਠਿੰਡਾ ਦੇ ਮੁਲਾਜ਼ਮਾਂ ਨੇ ਸੀਵਰੇਜ ਬੋਰਡ ਦਫਤਰ ਬਠਿੰਡਾ ਵਿਖੇ ਜਿਲ੍ਹਾ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਹੇਠ ਰੋਜ ਗਾਰਡਨ ਗੇਟ ਅੱਗੇ ਚੌਕ ਵਿੱਚ ਸਿੱਖਿਆ ਮੰਤਰੀ ਦੀ ਅਰਥੀ ਸਾੜੀ । ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਕਰਨ ਨਾਲ ਮੁਲਾਜ਼ਮਾਂ ਅਤੇ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਇਆ ਨਹੀਂ ਜਾ ਸਕਦਾ।ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮੁਲਾਜ਼ਮਾਂ ਨਾਲ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰੇ।
ਇਸ ਤੋਂ ਪਹਿਲਾਂ ਸਰਕਾਰ ਵਿਰੁੱਧ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂਆਂ ਸੁਖਚੈਨ ਸਿੰਘ,ਜਸਪਾਲ ਜੱਸੀ ਜਗਲਾਤ,ਲਖਵੀਰ ਸਿੰਘ ਭਾਗੀਵਾਂਦਰ,ਕਿਸ਼ੋਰ ਚੰਦ ਗਾਜ਼, ਕੁਲਵਿੰਦਰ ਸਿੱਧੂ, ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਗਏ ਮਿਡ ਡੇ ਮੀਲ ਵਰਕਰਜ਼ ਯੂਨੀਅਨ ਅਤੇ ਪ.ਸ.ਸ.ਫ. ਦੇ ਸੂਬਾ ਆਗੂਆਂ ਨਾਲ ਬਦਸਲੂਕੀ ਕਰਕੇ ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਜੋ ਕੇ ਨਿਖੇਧੀਯੋਗ ਹੈ।
ਆਗੂਆਂ ਨੇ ਦੱਸਿਆ ਕਿ ਜਦੋ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ ਸਤੀਸ਼ ਰਾਣਾ ਅਤੇ ਗੁਰਬਿੰਦਰ ਸਿੰਘ ਮੀਟਿੰਗ ਕਰਨ ਪੰਜਾਬ ਭਵਨ ਪੁੱਜੇ ਤਾਂ ਪਹਿਲਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਇਸ ਤੋਂ ਖਫ਼ਾ ਹੋਏ ਮਿਡ-ਡੇ-ਮੀਲ ਵਰਕਰ ਯੂਨੀਅਨ ਦੇ ਆਗੂਆਂ ਨੇ ਸਤੀਸ਼ ਰਾਣਾ ਤੋਂ ਬਗੈਰ ਮੀਟਿੰਗ ਕਰਨ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਦੇ ਦਿੱਤੇ ਜਿਨ੍ਹਾਂ ਨੂੰ ਰਾਤ ਵੇਲੇ ਛੱਡਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਮੰਤਰੀ ਨੇ ਆਪਣਾ ਵਤੀਰਾ ਨਾ ਬਦਲਿਆ ਸੰਘਰਸ਼ ਤਿੱਖਾ ਕੀਤਾ ਜਾਵੇਗਾ।