ਸਰਕਲ ਬਲਬੇੜਾ ਖੇਤਰ ਅੰਦਰ ਸਕੂਲ ਲੱਗਣ ਤੋਂ ਪਹਿਲਾਂ ਖੁੱਲ੍ਹ ਜਾਂਦੇ ਹਨ ਸ਼ਰਾਬ ਦੇ ਠੇਕੇ
- ਠੇਕੇਦਾਰਾਂ ਵੱਲੋ ਸ਼ਰਾਬ ਐਕਸਾਈਜ਼ ਪੋਲਸੀ ਦੀਆਂ ਉਡਾਈਆਂ ਜਾ ਰਹੀਆਂ ਹਨ ਸ਼ਰੇਆਮ ਧੱਜੀਆਂ, ਪ੍ਰਸ਼ਾਸਨ ਬੇਖਬਰ
ਗੁਰਪ੍ਰੀਤ ਸਿੰਘ ਜਖਵਾਲੀ
ਬਲਬੇੜਾ/ਡਕਾਲਾ 26, ਜੁਲਾਈ 2024:- ਵਿਧਾਨ ਸਭਾ ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜਾ ਅੰਦਰ ਸੂਰਜ ਚੜਨ, ਅਤੇ ਸਕੂਲ ਲੱਗਣ ਤੋਂ ਪਹਿਲਾਂ ਹੀ ਸ਼ਰਾਬ ਦੇ ਕਾਰੋਬਾਰ ਸ਼ੁਰੂ ਹੋ ਜਾਂਦੇ ਹਨ। ਬੇਸ਼ਕ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੂਬੇ ਅੰਦਰ ਅਮਰਵੇਲ ਦੀ ਤਰ੍ਹਾਂ ਫੈਲ ਚੁੱਕੇ ਚਿੱਟਾ, ਸਮੈਕ, ਹੈਰੋਇਨ ਅਤੇ ਆਇਸ ਕੁਕੀਨ ਸਮੇਤ ਮੈਡੀਕਲ ਅਤੇ ਸਨਥੈਟਿਕ ਡਰੱਗ ਵਰਗੀਆਂ ਨਾਂ-ਮੁਰਾਦ ਬਿਮਾਰੀਆਂ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਲਗਾਤਾਰ ਯਤਨ ਅਰੰਭੇ ਜਾ ਰਹੇ ਹਨ, ਪਰ ਇਸ ਮਿੱਠੇ ਜਹਿਰ ਨੇ ਸੈਕੜੇ ਹਜਾਰਾਂ ਜਿੰਦਗੀਆਂ ਦਾ ਖਾਤਮਾ ਕਰਕੇ ਸਦਾ ਲਈ ਮੌਤ ਦੇ ਸੱਥਰ ਤੇ ਸੂਆ ਦਿੱਤਾ ਹੈ ਅਤੇ ਇਸ ਅਣਹੋਣੇ ਕਹਿਰ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ।
ਜੇਕਰ ਇਸ ਸਿਕੇ ਦੇ ਦੂਸਰੇ ਪਹਿਲੂ ਤੋਂ ਨਜਰ ਮਾਰਕੇ ਦੇਖਿਆ ਜਾਵੇ ਤਾਂ ਸੂਬੇ ਅੰਦਰ ਸਰਕਾਰੀ ਪਾਲਸੀ ਹੇਠ ਹਜਾਰਾਂ ਕਰੋੜ ਦਾ ਸ਼ਰਾਬ ਦੇ ਨਸ਼ੇ ਦਾ ਕਾਰੋਬਾਰ ਬਿਨਾਂ ਕਿਸੇ ਰੁਕਾਵਟ ਦੇ ਨਿਰੰਤਰ ਜਾਰੀ ਹੈ। ਬੇਸ਼ਕ ਜਿੱਥੇ ਇਸ ਕਾਰੋਬਾਰ ਨੂੰ ਚਲਾਉਣ ਲਈ ਦਿੱਤੀ ਗਈ ਮਨਜੂਰੀ ਸਮੇਂ ਸੂਬਾ ਸਰਕਾਰ ਵਲੋਂ ਕੁੱਝ ਜਰੂਰੀ ਮੱਦਾਂ ਤੇ ਸ਼ਰਤਾਂ ਤਹਿ ਕੀਤੀਆ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰੀਆਂ ਕਰਨ ਤੋਂ ਬਾਅਦ ਹੀ ਸ਼ਰਾਬ ਦੇ ਕਾਰੋਬਾਰੀ ਆਪਣਾ ਕੰਮਕਾਰ ਸੁਰੂ ਕਰ ਸਕਦੇ ਹਨ। ਇਸ ਸ਼ਰਾਬ ਦੇ ਨਸ਼ੇ ਦੇ ਕਾਰੋਬਾਰੀ ਮਾਲਕਾਂ ਵੱਲੋਂ ਸ਼ਰਾਬ ਬੇਚਣ ਵਾਲੀ ਬਣਾਈ ਗਈ ਐਕਸਾਈਜ਼ ਪੋਲਸੀ ਦੀਆਂ ਕਸਬਾ ਬਲਬੇੜਾ 'ਚ ਸ਼ਰੇਆਮ ਧੱਜੀਆਂ ਉਡਾਈਆਂ ਦੇਖੀਆਂ ਜਾ ਸਕਦੀਆਂ ਹਨ, ਜਿਸ ਤੋਂ ਸਥਾਨਕ ਪ੍ਰਸ਼ਾਸਨ ਬੇਖਬਰ ਅਤੇ ਅਣਜਾਣ ਦਿਖਾਈ ਦਿੰਦਾ ਨਜਰ ਆ ਰਿਹਾ ਹੈ।
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਤੋਂ ਬਾਅਦ ਜਦੋਂ ਸਥਾਨਕ ਮੀਡੀਆ ਕਰਮੀਆਂ ਵੱਲੋ ਰਿਪੋਰਟ ਕੀਤੀ ਗਈ ਤਾਂ ਉੱਘੇ ਕਸਬਾ ਬਲਬੇੜਾ ਖੇਤਰ ਵਿੱਚ ਪੈਂਦੇ ਸ਼ਰਾਬ ਦੇ ਠੇਕੇ ਸਵੇਰੇ ਸੂਰਜ ਚੜਨ ਅਤੇ ਸਕੂਲ ਲੱਗਣ ਤੋਂ ਪਹਿਲਾਂ ਖੋਲ੍ਹੇ ਪਾਏ ਗਏ ਮਿਲੇ ਇਸ ਸੰਬੰਧੀ ਜਦੋਂ ਅਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਬਿਲਕੁਲ ਐਕਸਾਇਜ ਪੋਲਸੀ ਦੀ ਉਲੰਘਣਾ ਹੈ ਕਿਉਂਕਿ ਠੇਕੇ ਖੋਲਣ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 12 ਵਜੇ ਤੱਕ ਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬਲਬੇੜਾ ਨਿਵਾਸੀ, ਸੁਖਵੀਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਤਹਿ ਸਮੇਂ ਤੋਂ ਪਹਿਲਾਂ ਚੱਲਣ ਵਾਲਾ ਇਹ ਕਾਰੋਬਾਰ ਪ੍ਰਸ਼ਾਸ਼ਨ ਦੇ ਨੱਕ ਹੇਠ ਅਤੇ ਸਥਾਨਕ ਪੁਲਿਸ ਦੀ ਮਿਲੀਭੁਗਤ ਨਾਲ ਚਲਾਇਆ ਜਾ ਸਕਦਾ ਹੈ। ਇਸ ਮੌਕੇ ਜਦੋਂ ਸਥਾਨਕ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਜਨੀਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋ ਵਾਰ-ਵਾਰ ਕਾਲ ਜਾਣ ਤੇ ਵੀ ਕੋਈ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।
ਡੱਬੀ........
ਇਸ ਸਬੰਧੀ ਜਦੋਂ ਪੁਲਿਸ ਚੌਂਕੀ ਬਲਬੇੜਾ ਦੇ ਇਚਾਰਜ ਸੂਬਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋ ਇਹ ਕਹਿਕੇ ਆਪਣਾ ਪੱਲਾ ਝਾੜ ਲਿਆ ਗਿਆ ਕਿ ਉਨ੍ਹਾਂ ਕੋਲ ਅਜੇ ਤੱਕ ਐਕਸਾਇਜ ਪੋਲਸੀ ਮੁਤਾਬਿਕ ਠੇਕੇ ਖੋਲਣ ਦੇ ਟਾਈਮ ਟੇਬਲ ਦੀ ਲਿਸਟ ਹੀ ਨਹੀਂ ਆਈ। ਅਤੇ ਉਲਟ ਜਦੋਂ ਉਹ ਮੀਡੀਆ ਕਰਮੀਆਂ ਨੂੰ ਹੀ ਪੁੱਠੇ ਸਿੱਧੇ ਸਵਾਲ ਕਰਕੇ ਉਲਝਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦਿੱਤੇ ਗਏ ਤਾਂ ਪੱਤਰਕਾਰਾਂ ਵੱਲੋਂ ਮਾਮਲਾ ਪੁਲਿਸ ਦੇ ਸੀਨੀਅਰ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਵੱਲੋ ਬਣਦੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ।