ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਨੌਲਾ ਦਾ ਪੰਜਵੀਂ ਜਮਾਤ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
ਸਿਮਰਨ ਕੌਰ 500/500(100%) ਅੰਕ ਹਾਸਿਲ ਕਰਕੇ ਰਹੀ ਜ਼ਿਲ੍ਹੇ ਵਿੱਚੋਂ ਅੱਵਲ
ਪਹਿਲੇ ਤਿੰਨ ਸਥਾਨਾਂ ਤੇ ਕਾਬਜ਼ ਹੋਏ ਘਨੌਲਾ ਦੇ ਵਿਦਿਆਰਥੀ
14 ਵਿਦਿਆਰਥੀਆਂ ਨੇ ਹਾਸਿਲ ਕੀਤੇ 95% ਤੋਂ ਵੱਧ ਅੰਕ
ਦਰਸ਼ਨ ਸਿੰਘ ਗਰੇਵਾਲ:
ਰੂਪਨਗਰ 3 ਅਪ੍ਰੈਲ 2024 : ਪੰਜਵੀਂ ਜਮਾਤ ਦੇ ਬੋਰਡ ਦੇ ਐਲਾਨੇ ਨਤੀਜੇ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਨੌਲਾ ਦੇ ਵਿਦਿਆਰਥੀਆਂ ਨੇ ਨਵਾਂ ਰਿਕਾਰਡ ਕਾਇਮ ਕਰਦੇ ਹੋਏ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਹਿਲੇ ਸਥਾਨ ਤੇ ਰਹੀ ਸਿਮਰਨ ਕੌਰ ਨੇ 500 ਵਿੱਚੋਂ 500 ਭਾਵ 100% ਅੰਕ ਪ੍ਰਾਪਤ ਕਰਕੇ ਸਕੂਲ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੋੜ ਦਿੱਤਾ ਹੈ ।ਇਸ ਤੋਂ ਇਲਾਵਾ ਦੂਜੇ ਸਥਾਨ ਤੇ ਰਹੇ ਮੋਹਿਤ ਧੀਮਾਨ ਨੇ 500 ਵਿੱਚੋਂ 497 (99.40%) ਅੰਕ ਹਾਸਿਲ ਕੀਤੇ ਹਨ ਅਤੇ ਤੀਸਰੇ ਸਥਾਨ ਤੇ ਰਹੀ ਰੌਲੀ ਨੇ 500 ਵਿੱਚੋਂ 496 (99.20%) ਅੰਕ ਹਾਸਿਲ ਕੀਤੇ ਹਨ । ਸਕੂਲ ਮੁਖੀ ਪਰਮਜੀਤ ਸਿੰਘ ਡਕਾਲਾ ਨੇ ਇਸ ਮੌਕੇ ਦੱਸਿਆ ਕਿ ਸਕੂਲ ਦੇ ਕੁੱਲ 32 ਵਿਦਿਆਰਥੀਆਂ ਨੇ ਪੰਜਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 14 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਲ ਕੀਤੇ ਹਨ ਅੱਠ ਵਿਦਿਆਰਥੀਆਂ ਨੇ 90% ਤੋਂ 95% ਤੱਕ ਅੰਕ ਹਾਸਿਲ ਕੀਤੇ ਹਨ ਸੱਤ ਵਿਦਿਆਰਥੀਆਂ ਨੇ 85% ਤੋਂ 90% ਤੱਕ ਅੰਕ ਹਾਸਿਲ ਕੀਤੇ ਹਨ ਤੇ 3 ਬੱਚਿਆਂ ਨੇ 80% ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਸਕੂਲ ਦੇ ਕਿਸੇ ਵੀ ਵਿਦਿਆਰਥੀ ਦੇ 80% ਤੋਂ ਘੱਟ ਅੰਕ ਨਹੀਂ ਆਏ ਹਨ। ਸਕੂਲ ਮੁਖੀ ਨੇ ਬੱਚਿਆਂ ਦੀ ਕਾਮਯਾਬੀ ਦਾ ਸਿਹਰਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਦਿੱਤਾ ਅਤੇ ਇਸ ਨੂੰ ਪੰਜਵੀਂ ਜਮਾਤ ਦੇ ਇੰਚਾਰਜ ਅਧਿਆਪਕ ਸਾਰਿਕਾ ਮਰਵਾਹਾ ਦੀ ਵੱਡੀ ਪ੍ਰਾਪਤੀ ਦੱਸਿਆ । ਉਹਨਾਂ ਨੇ ਦੱਸਿਆ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਕਿ ਸਕੂਲ ਦੇ ਬੱਚੇ ਹਰ ਸਾਲ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ ਉਨਾਂ ਨੇ ਇਲਾਕੇ ਦੇ ਮਾਪਿਆਂ ਨਾਲ ਬਹੁਤ ਹੀ ਵੱਡੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਵੇਂ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਉਸੇ ਤਰਜ ਤੇ ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਬਣਾਇਆ ਜਾ ਰਿਹਾ ਹੈ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਨੌਲਾ ਜਲਦੀ ਹੀ ਇਸ ਇਲਾਕੇ ਦਾ ਪਹਿਲਾ ਸਕੂਲ ਆਫ ਹੈਪੀਨੈਸ ਬਣਨ ਜਾ ਰਿਹਾ ਹੈ। ਜਿਸ ਵਿੱਚ ਕਿ ਵੱਡੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਨੌਲਾ ਭਾਵ ਸਕੂਲ ਆਫ ਹੈਪੀਨੈਸ ਵਿਖੇ ਕਰਵਾ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਇਸ ਮੌਕੇ ਬੱਚਿਆਂ ਦੇ ਮਾਪਿਆਂ ਗ੍ਰਾਂਮ ਪੰਚਾਇਤ ਨਗਰ ਨਿਵਾਸੀਆਂ ਦਾਨੀ ਸੱਜਣਾਂ ਅਤੇ ਆਪਣੇ ਦਫਤਰ ਦੇ ਆਫਿਸਰ ਸਾਹਿਬਾਨ ਦਾ ਸਕੂਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਬਹੁਤ ਧੰਨਵਾਦ ਕੀਤਾ ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਹਾਜ਼ਰ ਸਨ।