ਸ਼੍ਰੀ ਹਰਗੋਬਿੰਦਪੁਰ ਵਿੱਚ ਸੁਨਿਆਰੇ ਦੀ ਦੁਕਾਨ ਤੇ ਸਰੇਆਮ ਚੱਲੀਆਂ ਗੋਲੀਆਂ
ਸ਼੍ਰੀ ਹਰਗੋਬਿੰਦਪੁਰ ਸਾਹਿਬ 26 ਜੁਲਾਈ
ਸੀਸੀਟੀਵੀ ਵਿੱਚ ਵਿਖੇ ਮੂੰਹ ਬੰਨੇ ਦੋ ਮੋਟਰਸਾਈਕਲ ਸਵਾਰ
ਰੋਹਿਤ ਗੁਪਤਾ
ਗੁਰਦਾਸਪੁਰ , 26 ਜੁਲਾਈ 2024 :
ਜਿਲਾ ਗੁਰਦਾਸਪੁਰ ਦੇ ਪੁਲਿਸ ਜ਼ਿਲਾ ਬਟਾਲਾ ਵਿੱਚ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਬਟਾਲਾ ਵਿੱਚ ਲਗਾਤਾਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਅਦ ਅੱਜ ਦੁਪਹਿਰ ਫਿਰ ਤੋਂ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਸਥਿਤ ਸੁਨਿਆਰੇ ਦੀ ਦੁਕਾਨ ਤੇ ਸ਼ਰੇਆਮ ਗੋਲੀਆਂ ਚਲਾਉਣ ਦੀ ਖਬਰ ਹੈ। ਗੋਲੀ ਚੱਲਣ ਨਾਲ ਸ਼੍ਰੀ ਹਰਗੋਬਿੰਦਪੁਰ ਵਿੱਚ ਲੋਕਾਂ ਵਿੱਚ ਭਾਰੀ ਦਹਿਸ਼ਤ ਪੈ ਗਈ ਹੈ ਅਤੇ ਸਹਿਮ ਦਾ ਮਾਹੌਲ ਬਣ ਚੁੱਕਾ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਜਗਦੀਸ਼ ਕੁਮਾਰ ਪੁੱਤਰ ਦੇਸ ਰਾਜ ਆਪਣੀ ਦੁਕਾਨ ਤੇ ਕੰਮ ਕਰ ਰਹੇ ਸਨ ਅਚਾਨਕ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੀ ਦੁਕਾਨ ਨਜ਼ਦੀਕ ਰੁਕੇ ਜਿੱਥੇ ਉਹਨਾਂ ਨੇ ਦੁਕਾਨ ਤੇ ਦੋ ਗੋਲੀਆਂ ਚਲਾਈਆਂ। ਅਵਾਜ਼ ਸੁਣਦੇ ਹੀ ਓਹ ਲੰਮੇ ਪੈ ਗਏ ਜਿਸ ਕਾਰਨ ਉਹ ਬਾਲ ਬਾਲ ਬਚ ਗਏ। ਜਾਣਕਾਰੀ ਅਨੁਸਾਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਉਕਤ ਦੁਕਾਨਦਾਰ ਨੂੰ ਫਿਰੋਤੀ ਲਈ ਧਮਕੀ ਵੀ ਦਿੱਤੀ ਗਈ ਸੀ।ਜਿਸ ਸੰਬੰਧ ਵਿੱਚ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ।
ਅੱਜ ਦੀ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਵੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਕਿ ਡੀਐਸਪੀ ਰਜੇਸ਼ ਕੱਕੜ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਘਟਨਾਕ੍ਰਮ ਅਤੇ ਘਟਨਾ ਵਾਲੀ ਵਾਲੀ ਜਗ੍ਹਾ ਦਾ ਜਾਈਜ ਲੈ ਕੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਦੁਕਾਨ ਦਾ ਅਤੇ ਨਜ਼ਦੀਕੀ ਦੁਕਾਨਾਂ ਦੇ ਕੈਮਰਿਆਂ ਨੂੰ ਖੰਗਾਲਿਆ ਜਾਵੇ ਤਾਂ ਕਿ ਲੁਟੇਰਿਆਂ ਦੀ ਪਹਿਛਾਣ ਕਰਕੇ ਪੁਲਿਸ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਸਕੇ ।ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਪੁੱਤ ਹੀ ਮੌਕੇ ਤੇ ਪਹੁੰਚੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਕਿਹਾ ਕਿ ਇਹ ਇੱਕ ਬੇਹਦ ਮੰਦਭਾਗੀ ਘਟਨਾ ਹੈ ਅਤੇ ਇਸ ਤੋਂ ਪਰਦਾ ਉਠਾਣਾ ਬਹੁਤ ਜਰੂਰੀ ਹੈ।