ਸਾਊਦੀ ਅਰਬ 'ਚ ਪੰਜਾਬੀ ਨੌਜਵਾਨ ਦੀ ਬ੍ਰੇਨ ਹੈਮਰੇਜ ਕਾਰਨ ਹੋਈ ਮੌਤ
ਬਰੈਂਪਟਨ, 8 ਦਸੰਬਰ 2023 - ਸਾਊਦੀ ਅਰਬ 'ਚ ਇੱਕ ਪੰਜਾਬੀ ਨੌਜਵਾਨ ਦੀ ਬ੍ਰੇਨ ਹੈਮਰੇਜ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਵੀਰਪਾਲ ਵਜੋਂ ਹੋਈ ਹੈ। ਮ੍ਰਿਤਕ ਕਪੂਰਥਲਾ ਦੇ ਪੀਰੇਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮ੍ਰਿਤਕ ਦੀ ਦੇਹ ਵਾਪਸੀ ਲਈ ਗੁਹਾਰ ਲਗਾਈ ਹੈ।
ਮ੍ਰਿਤਕ ਨੌਜਵਾਨ ਵੀਰਪਾਲ ਪਿਛਲੇ ਕਰੀਬ 10 ਸਾਲ ਤੋਂ ਸਾਊਦੀ ਅਰਬ ਵਿਚ ਕੰਮ ਕਰ ਰਿਹਾ ਸੀ, ਜੋ ਆਪਣੇ ਪਰਿਵਾਰ ਦਾ ਖਰਚਾ ਚੁੱਕ ਰਿਹਾ ਸੀ। ਪਰਵਾਰ ਨੂੰ 6 ਦਸੰਬਰ ਨੂੰ ਸਾਊਦੀ ਅਰਬ ਤੋਂ ਫੋਨ ਜ਼ਰੀਏ ਵੀਰਪਾਲ ਦੀ ਬ੍ਰੇਨ ਹੈਮਰੇਜ ਕਾਰਨ ਮੌਤ ਹੋਣ ਦੀ ਖਬਰ ਮਿਲੀ। ਵੀਰਪਾਲ ਕਰੀਬ ਇਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਸਾਊਦੀ ਅਰਬ ਗਿਆ ਸੀ। ਮ੍ਰਿਤਕ ਨੌਜਵਾਨ ਵੀਰਪਾਲ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚ ਇਕ ਕੁੜੀ ਅਤੇ ਮੁੰਡਾ ਹੈ। ਦੋਹਾਂ ਦੀ ਉਮਰ ਕਰੀਬ 13 ਅਤੇ 15 ਸਾਲ ਦੱਸੀ ਜਾ ਰਹੀ ਹੈ।