ਸਾਵਧਾਨ! ਜ਼ਰਾ ਬਚ ਕੇ, ਤਹਿਸੀਲਦਾਰ ਦੇ ਦਫ਼ਤਰ 'ਚ ਸੱਪ ਮੇਲ੍ਹਦੇ..!, ਸਪੇਰਿਆਂ ਨੇ ਦਫ਼ਤਰ ਚ ਲਾਏ ਡੇਰੇ
ਸਪੇਰੇ ਬੁਲਾ ਕੇ ਦੋ ਸੱਪ ਕੀਤੇ ਕਾਬੂ ਪ੍ਰੰਤੂ ਅਜੇ ਵੀ ਹੋਰ ਸੱਪ ਘੁੰਮ ਰਹੇ ਨੇ ਦਫ਼ਤਰ ਦੇ ਅੰਦਰ
ਰਵਿੰਦਰ ਢਿੱਲੋਂ
ਸਮਰਾਲਾ, 2 ਅਕਤੂਬਰ 2024- ਤਹਿਸੀਲਦਾਰ ਦਫ਼ਤਰ ਵਿਚ ਮੇਲਦੇ ਜ਼ਹਿਰੀਲੇ ਸੱਪ ਹੁਣ ਤਹਿਸੀਲ ਵਿਚ ਫੈਲੀ ਗੰਦਗੀ ਅਤੇ ਪ੍ਰਸ਼ਾਸ਼ਨ ਦੀ ਨਾਲਾਇਕੀ ਨੂੰ ਤਸਦੀਕ ਕਰਨ ਲੱਗੇ ਹਨ| ਜਾਣਕਾਰੀ ਅਨੁਸਾਰ ਤਹਿਸੀਲਦਾਰ ਦਫ਼ਤਰ ਦੇ ਬਾਹਰ ਕੰਪਲੈਕਸ ਵਿਚ ਫੈਲੀ ਗੰਦਗੀ ਦਾ ਖਮਿਆਜ਼ਾ ਹੁਣ ਸਿਰਫ਼ ਲੋਕ ਹੀ ਨਹੀਂ ਭੁਗਤ ਰਹੇ ਸਗੋਂ ਦਫ਼ਤਰ ਦੇ ਅੰਦਰ ਕੰਮ ਕਰਦੇ ਕਰਮਚਾਰੀ ਅਤੇ ਅਧਿਕਾਰੀ ਵੀ ਹੁਣ ਖੌਫ਼ ਵਿਚ ਕੰਮ ਕਰਨ ਲਈ ਮਜ਼ਬੂਰ ਹਨ ਕਿਉਂਕਿ ਪਤਾ ਨਹੀਂ ਕਦੋਂ ਇਨ੍ਹਾਂ ਦੇ ਦਫ਼ਤਰ ਵਿਚ ਹੀ ਆਲੇ ਦੁਆਲੇ ਲੁਕੇ ਬੈਠੇ ਸੱਪ ਅੱਗੇ ਆ ਕੇ ਮੇਲਣ ਲੱਗ ਜਾਣ ਜਾਂ ਫਿਰ ਇਨ੍ਹਾਂ ਨੂੰ ਆਪਣੇ ਡੰਗ ਦਾ ਸ਼ਿਕਾਰ ਬਣਾ ਲੈਣ|
ਅੱਜ ਇਹ ਸੂਚਨਾ ਮਿਲੀ ਕਿ ਸੱਪਾਂ ਦੇ ਖੌਫ਼ ਤੋਂ ਮੁਕਤੀ ਲੈਣ ਲਈ ਦਫ਼ਤਰ ਵੱਲੋਂ ਸਪੇਰਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਪਹਿਲਾਂ ਇਕ ਸੱਪ ਫੜਿਆ ਗਿਆ| ਸੱਪ ਫੜਨ ਤੋਂ ਬਾਅਦ ਦਫ਼ਤਰ ਕਰਮਚਾਰੀਆਂ ਵੱਲੋਂ ਦੇਖਿਆ ਗਿਆ ਕਿ ਇਹ ਉਹ ਸੱਪ ਨਹੀਂ ਜੋ ਉਨ੍ਹਾਂ ਵੱਲੋਂ ਦਫ਼ਤਰ ਵਿਚ ਦੇਖਿਆ ਜਾ ਚੁੱਕਾ ਹੈ| ਦੁਬਾਰਾ ਬੀਨ ਬਜਾਉਣ 'ਤੇ ਇਕ ਸੱਪ ਦਫ਼ਤਰ ਵਿਚੋਂ ਹੀ ਮੇਲਦਾ ਹੋਇਆ ਬਾਹਰ ਆਇਆ ਉਸਨੂੰ ਵੀ ਸਪੇਰਿਆਂ ਵੱਲੋਂ ਕਾਬੂ ਕਰ ਲਿਆ ਗਿਆ| ਇਹ ਸੱਪ ਓਹੀ ਸੀ ਜੋ ਦੇਖਿਆ ਗਿਆ ਸੀ|
ਸ਼ਨਾਖਤ ਕਰਵਾਉਣ ਤੋਂ ਬਾਅਦ ਜਿਓ ਹੀ ਸਪੇਰੇ ਵਾਪਿਸ ਮੁੜੇ ਤਾਂ ਪਿਛੋਂ ਇਕ ਸੱਪ ਹੋਰ ਧਮਾਲਾ ਪਾਉਂਦਾ ਹੋਇਆ ਬਾਹਰ ਆਇਆ| ਇਸ ਤਰ੍ਹਾਂ ਹੋਣ 'ਤੇ ਦਫ਼ਤਰ ਵਿਚ ਫਿਰ ਤੋਂ ਹਾਹਾਕਾਰ ਮੱਚ ਗਈ ਅਤੇ ਇਹ ਸੱਪ ਦੇਖਦੇ ਹੀ ਦੇਖਦੇ ਮੁੜ ਤੋਂ ਦਫ਼ਤਰ ਵਿਚ ਪਏ ਸਮਾਨ ਵਿਚ ਲੁਕ ਗਿਆ| ਹੁਣ ਦਫ਼ਤਰ ਵੱਲੋਂ ਮੁੜ ਤੋਂ ਸਪੇਰੇ ਬੁਲਾਏ ਜਾ ਰਹੇ ਹਨ| ਕਿਉਂਕਿ ਇਥੇ ਹੁਣ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਥੇ ਸੱਪ ਇਕ ਤੋਂ ਜ਼ਿਆਦਾ ਹੋ ਸਕਦੇ ਹਨ।