ਇੱਕ ਰੁਪਈਆ ਚਾਂਦੀ ਦਾ ਦੇਖ ਮਾਸੀ ਦਾ ਮੁੰਡਾ ਮਾਂਜੀਦਾ ਬੋਲੀ ਬਣੀ ਚੋਣ ਪ੍ਰਚਾਰ ਦਾ ਆਈਕਾਨ
ਅਸ਼ੋਕ ਵਰਮਾ
ਚੰਡੀਗੜ੍ਹ, 18 ਨਵੰਬਰ 2024: ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ’ਚ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼ੋਮਣੀ ਅਕਾਲੀ ਦਲ ਅਤੇ ਇੱਕ ਅਜ਼ਾਦ ਉਮੀਦਵਾਰ ਵਿਚਕਾਰ ਜਬਰਦਸਤ ਸਿਆਸੀ ਟੱਕਰ ਦੌਰਾਨ ਪਈ ‘ਬੋਲੀ ਇੱਕ ਰੁਪਿਆ ਜਾਂਦੀ ਦਾ ਦੇਖ ਫਲਾਣਾ ਮਾਂਜੀਦਾ ਦੀ ਗੂੰਜ 22 ਸਾਲਾਂ ਬਾਅਦ ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੌਰਾਨ ਸੁਣਾਈ ਦਿੱਤੀ ਹੈ। ਭਾਵੇਂ ਇਸ ਚੋਣ ਦੌਰਾਨ ਹੋਰ ਵੀ ਤੱਥ ਸਾਹਮਣੇ ਆ ਰਹੇ ਹਨ ਪਰ ਆਮ ਆਦਮੀ ਪਾਰਟੀ ਨੂੰ ਤਿਲਾਂਜਲੀ ਦੇਕੇ ਅਜ਼ਾਦ ਤੌਰ ਤੇ ਚੋਣ ਮੈਦਾਨ ’ਚ ਨਿੱਤਰੇ ਗੁਰਦੀਪ ਸਿੰਘ ਬਾਠ ਤੇ ਉਸ ਦੇ ਸਮਰਥਕਾਂ ਵੱਲੋਂ ਹਾਕਮ ਧਿਰ ਦੇ ਆਫੀਸ਼ੀਅਲ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਕਥਿਤ ਮਾਸੀ ਦਾ ਮੁੰਡਾ ਦੱਸਕੇ ਪ੍ਰੀਵਾਰਵਾਦ ਦੇ ਮੁੱਦੇ ਤੇ ਘੇਰਿਆ ਜਾ ਰਿਹਾ ਹੈ।
ਬਾਠ ਸਮਰਥਕਾਂ ਨੇ ਤਾਂ ਵੱਖ ਵੱਖ ਮੁੱਦਿਆਂ ਦੇ ਨਾਲ ਨਾਲ ਇੱਕ ਰੁਪਿਆ ਚਾਂਦੀ ਦਾ ਦੇਖ ਮਾਸੀ ਦਾ ਮੁੰਡਾ ਮਾਂਜੀਦਾ’ ਬੋਲੀ ਸਹਾਰੇ ਮੁਹਿੰਮ ਭਖਾਈ ਹੋਈ ਹੈ। ਇਕੱਲੇ ਚੋਣ ਪ੍ਰਚਾਰ ਦੌਰਾਨ ਹੀ ਨਹੀਂ ਬਲਕਿ ਗੁਰਦੀਪ ਬਾਠ ਦੇ ਸਮਰਥਕ ਸੋਸ਼ਲ ਮੀਡੀਆ ਫੇਸਬੁੱਕ ਤੇ ਵੀ ਇਸ ਬੋਲੀ ਰਾਹੀਂ ‘ਆਪ’ ਉਮੀਦਵਾਰ ਖਿਲਾਫ ਭੰਡੀ ਪ੍ਰਚਾਰ ਕਰ ਰਹੇ ਹਨ। ਇੱਕ ਬਾਠ ਹਮਾਇਤੀ ਮਹਿਲਾ ਨੇ ਜਦੋਂ ਫੇਸਬੁੱਕ ਤੇ ਇਹ ਬੋਲੀ ਵਾਲੀ ਪੋਸਟ ਪਾਈ ਤਾਂ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹਾਲਾਂਕਿ ਇਸ ਚੋਣ ਜੰਗ ਦੌਰਾਨ ਕੌਣ ਜਿੱਤਦਾ ਹੈ ਤੇ ਕਿਹੜੇ ਕਿਹੜੇ ਸਿਆਸੀ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ 23 ਨਵੰਬਰ ਨੂੰ ਹੋਣ ਵਾਲੀ ਗਿਣਤੀ ਮਗਰੋਂ ਹੀ ਸਾਹਮਣੇ ਆਏਗਾ ਪਰ ਸੋਸ਼ਲ ਮੀਡੀਆ ਅਤੇ ਆਮ ਲੋਕਾਂ ’ਚ ਇਹ ਬੋਲੀ ਵੱਡੀ ਪੱਧਰ ਤੇ ਸੁਰਖੀਆਂ ਬਟੋਰ ਰਹੀ ਹੈ।
ਬਰਨਾਲਾ ਹਲਕੇ ਦੇ ਵਿਧਾਇਕ ਤੇ ਪੰਜਾਬ ਸਰਕਾਰ ’ਚ ਵਜ਼ੀਰ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਕਾਰਨ ਬਰਨਾਲਾ ਹਲਕੇ ਵਿੱਚ ਜਿਮਨੀ ਚੋਣ ਕਰਵਾਈ ਜਾ ਰਹੀ ਹੈ। ਇਸ ਹਲਕੇ ’ਚ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਟਿਕਟ ਦੇ ਵੱਡੇ ਦਾਅਵੇਦਾਰ ਸਨ ਪਰ ਜਦੋਂ ਗੱਲ ਨਾਂ ਬਣੀ ਤਾਂ ਬਾਠ ਨੇ ਅਜ਼ਾਦ ਤਝੰਡਾ ਚੁੱਕਿਆ ਹੋਇਆ ਹੈ। ਭਾਜਪਾ ਨੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਅਤੇ ਕੁੱਝ ਅਜ਼ਾਦ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਅਤੇ ਅਜਾਦ ਵੀ ਇਸ ਸਿਆਸੀ ਜੰਗ ਦਰਮਿਆਨ ਚੋਣ ਮੈਦਾਨ ਵਿੱਚ ਹਨ।
ਬਰਨਾਲਾ ਹਲਕੇ ਨੇ ਦੋ ਵਾਰ ਭਗਵੰਤ ਮਾਨ ਨੂੰ ਪਾਰਲੀਮੈਂਟ ’ਚ ਪਹੁੰਚਾਇਆ ਅਤੇ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸਨ। ਐਤਕੀਂ ਮੀਤ ਹੇਅਰ ਨੂੰ ਸੰਸਦ ’ਚ ਪਹੁੰਚਾਉਣ ’ਚ ਵੀ ਹਲਕੇ ਦੇ ਲੋਕਾਂ ਨੇ ਕਸਰ ਬਾਕੀ ਨਹੀਂ ਰੱਖੀ ਹੈ। ਬਰਨਾਲਾ ਸੀਟ ਮੀਤ ਹੇਅਰ ਲਈ ਸਭ ਤੋਂ ਵੱਡੇ ਵੱਕਾਰ ਦਾ ਸੁਆਲ ਹੈ ਜਿਨ੍ਹਾਂ ਦੀ ਆਪਣੇ ਨਜ਼ਦੀਕੀ ਹਰਿੰਦਰ ਧਾਲੀਵਾਲ ਦੀ ਝੋਲੀ ਟਿਕਟ ਪੁਆਉਣ ਵਿੱਚ ਅਹਿਮ ਭੂਮਿਕਾ ਹੈ। ਮੀਤ ਹੇਅਰ ਵੱਲੋਂ ਕੀਤੇ ਕੰਮਾਂ ਦੇ ਹਿਸਾਬ ਨਾਲ ਲੇਖਾ ਜੋਖਾ ਕਰੀਏ ਤਾਂ ਹਰਿੰਦਰ ਧਾਲੀਵਾਲ ਦਾ ਪੱਲੜਾ ਭਾਰੀ ਦਿਖਾਈ ਦਿੰਦਾ ਹੈ ਜਦੋਂਕਿ ਕਾਲਾ ਢਿੱਲੋਂ ਨੂੰ ਵੀ ਮੋਹਰੀ ਦੱਸਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ।
ਬਰਨਾਲਾ ਵਾਸੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੀਤ ਹੇਅਰ ਕਾਰਨ ‘ਆਪ’ ਦੀ ਸਥਿਤੀ ਮਜਬੂਤ ਸੀ ਪਰ ਬਾਠ ਨੇ ਸਿਆਸੀ ਰੰਗ ’ਚ ਭੰਗ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਿੱਤ ਤੈਅ ਹੈ ਪਰ ਉਨ੍ਹਾਂ ਪੱਕਾ ਦਾਅਵਾ ਕਰਨ ਦੀ ਗੱਲ ਤੋਂ ਪਾਸਾ ਵੱਟ ਲਿਆ। ਕੇਵਲ ਢਿੱਲੋਂ ਦੀ ਸਥਿਤੀ ਵੀ ਮਾੜੀ ਨਹੀਂ ਹੈ ਅਤੇ ਹਲਕੇ ਦਾ ਪੁਰਾਣਾ ਲੀਡਰ ਹੋਣ ਦਾ ਵੀ ਫਾਇਦਾ ਮਿਲ ਸਕਦਾ ਹੈ। ਕੇਵਲ ਢਿੱਲੋਂ ਦੋ ਦਫ਼ਾ ਬਰਨਾਲਾ ਤੋਂ ਜਿੱਤ ਚੁੱਕੇ ਹਨ ਅਤੇ ਭਾਜਪਾ ਦੇ ਉਲਟ ਹਾਲਾਤਾਂ ਦੇ ਬਾਵਜੂਦ ਉਨ੍ਹਾਂ ਨੂੰ ਕਿਸਾਨਾਂ ਦੇ ਵੋਟ ਮਿਲਣ ਦੀ ਆਸ ਹੈ। ਢਿੱਲੋਂ ਲੋਕਾਂ ਨੂੰ ਬਰਨਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਚੇਤਾ ਕਰਵਾਉਣਾ ਨਹੀਂ ਭੁੱਲਦੇ ਹਨ। ਸਿਆਸੀ ਪਿੜ ਵਿੱਚ ਗੁਰਦੀਪ ਬਾਠ ਨੂੰ ਹਮਦਰਦੀ ਵਾਲੀ ਵੋਟ ਦੀ ਉਮੀਦ ਹੈ।
ਬਾਠ ਖੁਦ ਨੂੰ ਹਾਕਮ ਧਿਰ ਆਮ ਆਦਮੀ ਪਾਰਟੀ ਹੱਥੋਂ ਪੀੜਤ ਵਜੋਂ ਪੇਸ਼ ਕਰ ਰਿਹਾ ਹੈ। ਕਈ ਪਿੰਡਾਂ ਵਿੱਚ ਲੋਕ ਹਰਿੰਦਰ ਧਾਲੀਵਾਲ ਅਤੇ ਕਾਲਾ ਢਿੱਲੋਂ ਵਿਚਕਾਰ ਫਸਵੀਂ ਟੱਕਰ ਦੱਸ ਰਹੇ ਹਨ । ਕਈਆਂ ਨੇ ਜਿੱਤ ਹਾਰ ਦੀ ਚਾਬੀ ਕੇਵਲ ਢਿੱਲੋਂ ਅਤੇ ਗੁਰਦੀਪ ਬਾਠ ਦੇ ਹੱਥ ਹੋਣ ਦੀ ਗੱਲ ਆਖੀ ਹੈ। ਜਿਮਨੀ ਚੋਣਾਂ ਵਾਲੇ ਚਾਰਾਂ ਹਲਕਿਆਂ ਵਿੱਚੋਂ ਬਰਨਾਲਾ ਅਜਿਹਾ ਬਣਿਆ ਹੋਇਆ ਹੈ ਜਿੱਥੇ ਜਿੱਤਣ ਦਾ ਪੱਕਾ ਦਾਅਵਾ ਕੋਈ ਵੀ ਨਹੀਂ ਕਰ ਰਿਹਾ ਹੈ।
ਆਮ ਆਦਮੀ ਪਾਰਟੀ ਲਈ ਪ੍ਰੀਖਿਆ
‘ਆਮ ਆਦਮੀ ਪਾਰਟੀ ’ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਅਤੇ ਹਰਮਨ ਪਿਆਰਤਾ ਦਾ ਮੁੱਲਾਂਕਣ ਵੀ ਬਰਨਾਲਾ ਹਲਕਾ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਇਹ ਸੀਟ ਵੱਕਾਰੀ ਹੈ ਅਤੇ ਇਸ ਹਲਕੇ ਦਾ ਨਤੀਜਾ ਉਨ੍ਹਾਂ ਦੇ ਨਿੱਜੀ ਸਿਆਸੀ ਕੱਦ ਨੂੰ ਵੀ ਪ੍ਰਭਾਵਿਤ ਕਰਨ ਵਾਲਾ ਸਾਬਤ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਕਾਂਗਰਸੀ ਤੇ ਭਾਜਪਾ ਆਗੂਆਂ ਲਈ ਜਿਮਨੀ ਚੋਣ ਦਾ ਨਤੀਜਾ ਇੱਕ ਤਰਾਂ ਨਾਲ ਇਮਤਿਹਾਨ ਸਾਬਤ ਹੋਵੇਗਾ। ਗੁਰਦੀਪ ਬਾਠ ਦਾ ਅਗਲਾ ਸਿਆਸੀ ਪੈਂਡਾ ਵੀ ਬਰਨਾਲਾ ਹਲਕੇ ਦੇ ਹੱਥ ’ਚ ਹੈ ਅਤੇ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਲਈ ਵੀ ਇਮਤਿਹਾਨ ਹੈ।